ਸਪਿਤੀ ਯਾਤਰਾ -1
ਸਤਲੁਜ ਅਤੇ ਸਪਿਤੀ ਨਦੀ ਦਾ ਸੰਗਮ ਸਥਾਨ : ਖਾਬ
-----------------------------
ਕਿਹਾ ਜਾਂਦਾ ਹੈ ਕਿ ਦੁਨੀਆਂ ਵਿਚ ਤਿੰਨ ਤਰ੍ਹਾਂ ਦੇ ਮਾਰੂਥਲ ਪਾਏ ਜਾਂਦੇ ਹਨ ਗਰਮ,ਠੰਢੇ ਅਤੇ ਨਮਕੀਨ । ਭਾਰਤ ਦੀ ਵਿਲੱਖਣਤਾ ਹੈ ਕਿ ਇਸ ਵਿਚ ਤਿੰਨੇ ਤਰ੍ਹਾਂ ਦੇ ਮਾਰੂਥਲ ਗਰਮ (ਰਾਜਸਥਾਨ ), ਨਮਕੀਨ (ਕੱਛ ਦਾ ਚਿੱਟਾ ਰਣ ਗੁਜਰਾਤ ) ਅਤੇ ਲੇਹ ਲੱਦਾਖ/ਸਪਿਤੀ ਦਾ ਠੰਢਾ ਮਾਰੂਥਲ ਮੌਜੂਦ ਸਨ । ਆਓ ਆਪਾਂ ਤੁਹਾਨੂੰ ਭਾਰਤ ਦੇ ਠੰਢੇ ਮਾਰੂਥਲ ' ਸਪਿਤੀ ਘਾਟੀ ' ਦੀ ਯਾਤਰਾ ਕਰਵਾਉਂਦੇ ਹਾਂ ।
ਸਪਿਤੀ ਦਾ ਭਾਵ ਹੈ ਮੱਧ ਭੂਮੀ ( ਮਿਡਲ ਲੈੰਡ ) । ਇਹ ਭਾਰਤ ਦੇ ਖ਼ੂਬਸੂਰਤ ਸੂਬੇ ਹਿਮਾਚਲ ਪ੍ਰਦੇਸ਼ ਦਾ ਪੂਰਬੀ ਉੱਤਰੀ ਭਾਗ ਹੈ ਜਿਸ ਦੀ ਸੀਮਾ ਤਿੱਬਤ (ਅੱਜਕੱਲ੍ਹ ਚੀਨ )
ਨਾਲ ਲੱਗਦੀ ਹੈ । ਭਾਵ ਇਹ ਭਾਰਤ ਅਤੇ ਤਿੱਬਤ ਦੇ ਵਿਚਕਾਰ ਦਾ ਮੱਧ ਭਾਗ ਹੈ ।
ਚੰਡੀਗਡ਼੍ਹ ਤੋਂ ਕੰਡਾਘਾਟ, ਚੈਲ, ਕੁਫਰੀ, ਨਾਰਕੰਡਾ ,ਹਾਤੂ ਪੀਕ, ਤਨੀ ਜ਼ੁਬਾਰ ਝੀਲ , ਸਾਂਗਲਾ, ਚਿਤਕੁਲ, ਕਲਪਾ, ਰਿਕੌਂਗ ਪੀਓ , ਦੇਖਦੇ ਹੋਏ ਅਸੀਂ ਖ਼ਾਬ ਨਾਂ ਦੇ ਖੂਬਸੂਰਤ ਸਥਾਨ ਤੇ ਪਹੁੰਚਦੇ ਹਾਂ । ਖ਼ਾਬ ਸਤਲੁਜ ਅਤੇ ਸਪਿਤੀ ਨਦੀ ਦਾ ਸੰਗਮ ਸਥਾਨ ਹੈ । ਇੱਥੋਂ ਸਪਿਤੀ ਘਾਟੀ ਦੀ ਸ਼ੁਰੂਆਤ ਹੁੰਦੀ ਹੈ । ਇੱਥੋਂ ਸ਼ੁਰੂ ਹੁੰਦਾ ਹੈ ਨੈਸ਼ਨਲ ਹਾਈਵੇ ਨੰਬਰ ਪੰਜ ਸੌ ਪੰਜ ਜੋ ਇੱਥੋਂ ਨਾਕੋ, ਸੁਮਦੋ, ਹੁਰਲਿੰਗ, ਤਾਬੋ, ਕਾਜ਼ਾ ,ਲੋਸਰ ,ਕੁੰਜਮ ਪਾਸ, ਬਾਤਲ ਛਤਰੂ ਹੁੰਦਾ ਹੋਇਆ ਗਰਾਮਫੂ ਤਕ ਜਾ ਕੇ ਸਾਰਾ ਸਪਿਤੀ ਸਰਕਟ ਪੂਰਾ ਕਰਦਾ ਹੈ ।
ਜਦੋਂ ਅਸੀਂ ਸੰਗਮ ਸਥਾਨ ਤੇ ਪਹੁੰਚਦੇ ਹਾਂ ਤਾਂ ਹਵਾ ਬਹੁਤ ਤੇਜ ਚੱਲ ਰਹੀ ਹੈ। ਪੁਲ ਤੋਂ ਦੋ ਨਦੀਆਂ ਦਾ ਸੰਗਮ ਦ੍ਰਿਸ਼ ਖੂਬਸੂਰਤ ਨਜ਼ਾਰਾ ਪੈਦਾ ਕਰ ਰਿਹਾ ਹੈ । ਇੱਕ ਪਾਸਿਓ ਸਪਿਤੀ ਘਾਟੀ ਵੱਲੋਂ ਆ ਰਹੀ ਸਪਿਤੀ ਨਦੀ ( ਜਿਸ ਦੀ ਸਹਾਇਕ ਪਿਨ ਨਦੀ ਹੈ ਜੋ ਧਾਰ ਪਿੰਡੋ ਤੋਂ ਸ਼ੁਰੂ ਹੋ ਕੇ ਸਮਲਿੰਗ ਦੇ ਸਥਾਨ ਤੇ ਸਪਿਤੀ ਨਦੀ ਚ ਮਿਲ ਜਾਂਦੀ ਹੈ) ਖ਼ਾਬ ਪੁਲ ਤੇ ਆ ਕੇ ਸਤਲੁਜ ਵਿੱਚ ਮਿਲ ਜਾਂਦੀ ਹੈ । ਦੂਜੇ ਪਾਸਿਓਂ ਸਤਲੁਜ ਨਦੀ ਜੋ ਕਿ ਤਿੱਬਤ ਦੀ ਮਾਨਸਰੋਵਰ ਝੀਲ ਦੇ ਨੇੜੇ ਰਾਖਸ਼ਸ ਤਾਲ ਜਿਸ ਨੂੰ ਸਥਾਨਕ ਬੋਲੀ ਵਿੱਚ ਲੋਗਚਨ ਖੰਬਾਬ ਕਿਹਾ ਜਾਂਦਾ ਹੈ ਨੇੜਿਓਂ ਨਿਕਲਦੀ ਹੈ ਅਤੇ ਸ਼ਿਪਕੀ ਲਾ ਦਰੇ ਨੇੜਿਓ ਭਾਰਤ ਵਿਚ ਪ੍ਰਵੇਸ਼ ਕਰਦੀ ਕਰਦੀ ਖ਼ਾਬ ਵਿਚ ਸਪਿਤੀ ਨਦੀ ਨਾਲ ਮਿਲ ਜਾਂਦੀ ਹੈ। ਇਸ ਤੋਂ ਅੱਗੇ ਦੋਵੇਂ ਨਦੀਆਂ ਮਿਲਕੇ ਇਕੱਲੀ ਸਤਲੁਜ ਨਦੀ ਬਣ ਜਾਂਦੀ ਹੈ ਜਿਸ ਵਿੱਚ ਅੱਗੇ ਜਾ ਕੇ ਚਿਤਕੁਲ ਵੱਲੋਂ ਆਉਂਦੀ ਬਸਪਾ ਨਦੀ ਇਸ ਵਿੱਚ ਆ ਮਿਲਦੀ ਹੈ, ਇਸ ਤਰ੍ਹਾਂ ਇਹ ਵੱਡੀ ਸਤਲੁਜ ਨਦੀ ਹਿਮਾਚਲ ,ਪੰਜਾਬ ਹੁੰਦੀ ਹਰੀਕੇ ਪੱਤਣ ਤੱਕ ਆ ਜਾਂਦੀ ਹੈ ਇੱਥੇ ਇਸ ਵਿੱਚ ਬਿਆਸ ਨਦੀ ਆ ਮਿਲਦੀ ਹੈ । ਇੱਥੋਂ ਫਿਰ ਸਤਲੁਜ ਫ਼ਿਰੋਜ਼ਪੁਰ ਕੋਲੋਂ ਪਾਕਿਸਤਾਨ ਵਿਚ ਜਾ ਵੜਦੀ ਹੈ ਪੰਚਨਦ ਬਰਾਜ ਕੋਲੋਂ ਇਸ ਵਿੱਚ ਚਨਾਬ ਨਦੀ ਆ ਮਿਲਦੀ ਹੈ । ਇਸ ਤੋਂ ਅੱਗੇ ਇਹ ਸਾਰੀਆਂ ਨਦੀਆਂ ਸਿੰਧ ਨਦੀ ਵਿੱਚ ਮਿਲ ਜਾਂਦੀਆਂ ਹਨ ਜੋ ਕਿ ਅੱਗੇ ਜਾ ਕੇ ਅਰਬ ਸਾਗਰ ਵਿੱਚ ਜਾ ਡਿੱਗਦੀ ਹੈ । ਜਿੱਥੇ ਖਾਬ ਦਾ ਇਹ ਸੰਗਮ ਦੋ ਨਦੀਆਂ ਨੂੰ ਜੋੜਦਾ ਹੈ ਉਥੇ ਹੀ ਦੋ ਘਾਟੀਆਂ ਨੂੰ ਵੀ ਜੋੜਦਾ ਹੈ ਸਤਲੁਜ ਦੇ ਨਾਲ ਕਿਨੌਰ ਘਾਟੀ ਚੱਲ ਪੈਂਦੀ ਹੈ ਤੇ ਪੁਲ ਤੋਂ ਪਾਰ ਸਪਿਤੀ ਘਾਟੀ । ਪੁਲ ਪਾਰ ਕਰਕੇ ਅਸੀਂ ਸਪਿਤੀ ਘਾਟੀ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ ਇੱਥੋਂ ਹੀ ਦ੍ਰਿਸ਼ ਬਦਲ ਜਾਂਦਾ ਹੈ ਹਰੇ ਭਰੇ ਪਹਾੜਾਂ ਦੀ ਥਾਂ ਬਿਲਕੁਲ ਰੋਡੇ
ਪਹਾੜ ਆ ਜਾਂਦੇ ਹਨ ਜਿਨ੍ਹਾਂ ਉਪਰ ਕੋਈ ਰੁੱਖ ਅਤੇ ਹਰਿਆਵਲ ਨਹੀਂ ਹੈ। ਇੱਥੋਂ ਸ਼ੁਰੂ ਹੁੰਦੀ ਹੈ ਸਪਿਤੀ ਦੀ ਸੈਰ ਜੋ ਤੁਹਾਨੂੰ ਅਗਲੀਆਂ ਪੋਸਟਾਂ ਵਿਚ ਕਰਵਾਵਾਂਗੇ । ਚਲਦਾ ........
No comments:
Post a Comment