Saturday, 2 July 2022

ਸਪਿਤੀ ਯਾਤਰਾ - 2

 ਸਪਿਤੀ ਯਾਤਰਾ - 2 


ਅਲਫ਼ ਲੈਲਾ ਦੀਆਂ ਕਹਾਣੀਆਂ ਵਰਗਾ ਵਿਲੱਖਣ ਪਿੰਡ :-  ' ਨਾਕੋ' 

_________________________

 ਖ਼ਾਬ ਪੁਲ਼ ਟੱਪ ਕੇ ਬੇਸ਼ੱਕ ਅਸੀਂ ਸਪਿਤੀ ਵੈਲੀ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ ਪਰੰਤੂ ਨਾਕੋ ਤੱਕ ਜ਼ਿਲ੍ਹਾ ਕਿਨੌਰ ਹੀ ਪੈਂਦਾ ਹੈ । ਸੜਕ ਬੇਸ਼ੱਕ ਬਹੁਤ ਖੂਬਸੂਰਤ ਹੈ ਪਰ ਘੁਮਾਅਦਾਰ  ਤਿੱਖੇ ਮੋੜ ਇੱਕ ਵਾਰ ਹਰ  ਇਨਸਾਨ ਨੂੰ ਨਾਨੀ ਚੇਤੇ ਕਰਾ ਦਿੰਦੇ ਹਨ । ਇੱਥੇ ਜਗ੍ਹਾ ਜਗ੍ਹਾ ਅੰਗਰੇਜ਼ੀ ਵਿਚ ਬੋਰਡ  ਲੱਗਿਆ ਹੈ  'Dont be Gama

 in the land of lama '  

ਭਾਵ ਲਾਮਿਆਂ ਦੀ ਧਰਤੀ ਤੇ  ਹੀਰੋ ਬਣਨ ਦੀ ਲੋੜ ਨਹੀਂ ਸਗੋਂ ਗੱਡੀ ਦੇਖ ਕੇ ਸੋਚ ਸਮਝ ਕਿਤੇ  ਸਪੀਡ ਵਿੱਚ ਚਲਾਓ । ਸੱਪ ਵਾਂਗੂ ਵਲ ਖਾਂਦੀਆਂ ਘੁਮਾਅਦਾਰ ਸੜਕਾਂ ਤੇ ਔਖਾ ਸਫ਼ਰ ਕਰਦੇ ਅਸੀਂ   ਨਾਕੋ ਪਿੰਡ  ਜਾ ਪਹੁੰਚਦੇ ਹਾਂ । 12014 ਫੁੱਟ ਦੀ ਉਚਾਈ ਤੇ ਵਸਿਆ ਨਾਕੋ ਪਿੰਡ ਕਾਜ਼ਾ ਦੇ ਬਰਾਬਰ ਦੀ ਉਚਾਈ ਨਾਲ ਇਸ ਇਲਾਕੇ ਦਾ ਸਭ ਤੋਂ ਉੱਚਾ ਪਿੰਡ ਹੈ । ਖ਼ੂਬਸੂਰਤ ਦ੍ਰਿਸ਼ ਤੇ ਠੰਢਾ ਵਾਤਾਵਰਣ ਸਾਨੂੰ ਨਾਕੋ ਰਹਿਣ ਲਈ ਮਜਬੂਰ ਕਰਦਾ ਹੈ  ।  ਮਿੱਤਰ ਹਰਜਿੰਦਰ ਅਨੂਪਗੜ੍ਹ ਤੋਂ ਇੱਥੇ ਰਹਿਣ ਵਾਲੀ ਥਾਂ ਬਾਰੇ ਪੁੱਛਿਆ ਸੀ ਤਾਂ ਉਸ ਨੇ ਇੱਕ ਹੋਮ ਸਟੇਆ ਨਹਿਰੂ ਰੈਸਟ ਹਾਊਸ ਬਾਰੇ ਦੱਸ ਪਾਈ ਜੋ ਇੱਥੋਂ ਦੇ ਬੁੱਧ ਮੱਠ ਦੇ ਬਿਲਕੁਲ ਨਾਲ ਲਗਦੀ ਸੀ।  ਤਿੰਨ ਸੌ ਰੁਪਏ ਪ੍ਰਤੀ ਬੰਦਾ ਰਹਿਣਾ ਅਤੇ ਖਾਣਾ ਨਿਬੇੜ ਕੇ ਅਸੀਂ ਨਹਿਰੂ ਹੋਮ ਸਟੇਅ ਵਿੱਚ ਆਪਣਾ ਸਾਮਾਨ ਟਿਕਾ ਦਿੰਦੇ ਹਾਂ । ਸਭ ਤੋਂ ਪਹਿਲਾਂ ਅਸੀਂ ਇੱਥੋਂ ਦੀ ਪ੍ਰਸਿੱਧ ਮੋਨੈਸਟਰੀ/ ਬੋਧ ਮੱਠ ਜਿਸ ਨੂੰ ਸਥਾਨਕ ਭਾਸ਼ਾ ਵਿੱਚ  ਗੋਂਫਾ ਕਹਿੰਦੇ ਹਨ ਉਹ ਦੇਖਣ ਜਾਂਦੇ ਹਾਂ  । 11 ਵੀਂ ਵਿੱਚ 1025 ਈ:  ਦੇ ਲਗਪਗ ਇਹ ਮੱਠ ਬਣਾਇਆ ਗਿਆ।  ਤਾਬੋ ਦਾ ਮੱਠ ਵੀ ਇਸ  ਦਾ ਸਮਕਾਲੀ ਹੈ (ਜਿਸ ਬਾਰੇ ਅਗਲੀ ਪੋਸਟ ਵਿੱਚ ਜ਼ਿਕਰ ਕਰਾਂਗੇ  )।

ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਅੱਠਵੀਂ ਸਦੀ ਵਿੱਚ ਮਾਸਟਰ ਰਿਮਪੋਛੇ  ਬੁੱਧ ਧਰਮ ਨੂੰ  ਨਾਕੋ ਵਿੱਚ ਲੈ ਕੇ ਆਏ। ਉਸ ਤੋਂ ਬਾਅਦ ਵਿੱਚ ਮਹਾਨ ਅਨੁਵਾਦਕ ਰਿਨਚੇਨ ਜਾਂਗਪੋ ਨੇ 958-1055  ਈ: ਵਿਚ ਇਲਾਕੇ ਵਿਚ ਬੁੱਧ ਮੱਠਾਂ ਦੀ ਸਥਾਪਨਾ ਕੀਤੀ । ਨਾਕੋ ਬੇਹੱਦ ਪ੍ਰਾਚੀਨ ਪਿੰਡ ਹੈ ,ਅਸੀਂ ਪਿੰਡ ਦੀ ਗਲੀ ਗਲੀ ਘੁੰਮਦੇ ਹਾਂ।  ਇੰਜ ਲੱਗਦਾ ਹੈ ਜਿਵੇਂ  ਅਚਾਨਕ ਪੁਰਾਤਨ ਸਮੇਂ ਦੇ ਕਿਸੇ ਬਹੁਤ ਪ੍ਰਾਚੀਨ ਸ਼ਹਿਰ ਵਿਚ ਆ ਗਏ ਹੋਈਏ । ਅਸਲ ਵਿਚ ਨਾਕੋ ਪ੍ਰਾਚੀਨਤਾ ਅਤੇ ਆਧੁਨਿਕਤਾ ਦਾ ਸੁਮੇਲ ਹੈ  । ਪੁਰਾਣਾ ਪਿੰਡ ਦੇਖ ਕੇ ਅਸੀਂ ਬੁੱਧ ਮੋਨੈਸਟਰੀ ਦੇਖਦੇ  ਹਾਂ । ਉੱਥੇ ਬੈਠੇ ਸਥਾਨਕ ਲੋਕਾਂ ਅਤੇ ਲਾਮਿਆਂ ਨਾਲ ਗੱਲਾਂ ਬਾਤਾਂ ਕਰਦੇ ਅਸੀਂ ਇੱਥੋਂ ਦੀ ਮਸ਼ਹੂਰ ਮੂਨ ਝੀਲ ( moon lake ) ਦੇਖਣ ਤੁਰ ਪੈਂਦੇ ਹਾਂ । ਘਾਟੀ ਵਿੱਚ ਬਣੀ ਝੀਲ ਬੇਹੱਦ ਖੂਬਸੂਰਤ ਹੈ ,ਝੀਲ ਦੇ ਨੀਲੇ ਪਾਣੀ ਦੇ ਦੁਆਲੇ ਵਿਲੋ (  ਕੀਮਤੀ ਲੱਕੜ ਜਿਸ  ਦੇ ਕ੍ਰਿਕਟ ਬੈਟ ਬਣਦੇ ਹਨ  )  ਅਤੇ ਪਾਪੂਲਰ ਦੇ ਰੁੱਖ ਹਨ। ਸੌ ਰੁਪਿਆ ਪ੍ਰਤੀ ਬੰਦਾ ਲੈ ਕੇ ਇਸ ਝੀਲ ਵਿੱਚ ਬੋਟਿੰਗ ਵੀ ਕਰਾਈ ਜਾਂਦੀ ਹੈ । ਕਹਿੰਦੇ ਹਨ ਇਹ ਝੀਲ ਕੁਦਰਤੀ ਨਹੀਂ ਇਨਸਾਨ ਵੱਲੋਂ ਬਣਾਈ ਗਈ ਹੈ ਸਰਦੀਆਂ ਵਿੱਚ  ਬਿਲਕੁਲ ਜੰਮ ਜਾਂਦੀ ਹੈ ਤੇ ਬੱਚੇ ਇਸ ਉੱਤੇ ਕ੍ਰਿਕਟ ਖੇਡਦੇ ਹਨ । ਝੀਲ ਦੇਖਣ ਤੋਂ ਬਾਅਦ ਅਸੀਂ ਟਰੈਕਿੰਗ ਕਰਦੇ ਹੋਏ ਨਾਕੋ ਦੇ ਸਭ ਤੋਂ ਉੱਚੇ ਸਥਾਨ ਉਤੇ ਜਾ ਪਹੁੰਚਦੇ ਹਾਂ ਜਿੱਥੋਂ ਸਾਰੇ ਨਾਕੋ ਸ਼ਹਿਰ ਦਾ ਦ੍ਰਿਸ਼ ਦਿਖਾਈ ਦਿੰਦਾ ਹੈ । ਕੁਦਰਤ ਦੀ ਖੂਬਸੂਰਤੀ ਦਾ ਆਨੰਦ ਮਾਣਦੇ ਤੇ ਨਾਕੋ ਦਾ ਪੁਰਾਣਾ ਪਿੰਡ ਦੇਖਦੇ ਹੋਏ ਅਸੀਂ ਆਪਣੇ ਹੋਮ ਸਟੇਅ ਵਿੱਚ ਵਾਪਸ ਆ ਜਾਂਦੇ ਹਾਂ । ਹੋਮ ਸਟੇਅ ਵਿੱਚ ਸਾਡੀ ਮੁਲਾਕਾਤ ਇਕ ਕਲਕੱਤੇ ਦੇ ਟਰੈਵਲਰ ਨਾਲ ਹੁੰਦੀ ਹੈ,  ਜੋ ਕਿ ਇਕੱਲਾ ਹੀ ਸਾਰੀ ਦੁਨੀਆਂ ਘੁੰਮਣ ਨਿਕਲਿਆਂ ਵਿਦਿਆਰਥੀ ਹੈ । ਗੱਲਾਂ ਬਾਤਾਂ ਕਰਦਿਆਂ ਬਹੁਤ ਨਮੋਸ਼ੀ ਹੁੰਦੀ ਹੈ ਕਿ ਉਸ ਦੇ ਪੰਜਾਬ ਬਾਰੇ ਵਿਚਾਰ ਬਹੁਤ ਮਾੜੇ ਹਨ । ਬੰਗਾਲ ਤੋਂ ਆਇਆ ਮੁੰਡਾ ਪੰਜਾਬ ਬਾਰੇ ਦੱਸਦਾ ਹੈ ਕਿ ਮੈਂ ਪੰਜਾਬ ਨਹੀਂ ਜਾ ਸਕਦਾ, ਲੋਕ ਕਹਿੰਦੇ ਹਨ ਕਿ ਪੰਜਾਬੀ ਬਹੁਤ ਖ਼ਤਰਨਾਕ ਹਨ। ਇਵੇਂ ਹੀ ਬੰਦਾ ਮਾਰ ਦਿੰਦੇ ਹਨ ਉੱਥੇ ਤਾਂ ਹਰ ਥਾਂ ਤੇ ਗੈਂਗਵਾਰ ਹੁੰਦੀ ਹੈ । ਅਸੀਂ ਉਸ ਨੂੰ ਬਹੁਤ ਸਮਝਾਇਆ ਕਿ ਜਿਸ ਤਰ੍ਹਾਂ ਮੀਡੀਆ ਨੇ ਪੰਜਾਬ ਦੀ ਛਵੀ ਬਣਾਈ ਹੈ ਪੰਜਾਬ ਬਿਲਕੁੱਲ ਵੀ ਉਸ ਵਰਗਾ ਨਹੀਂ ਹੈ ਅਸੀਂ ਉਸ ਨੂੰ ਆਪਣਾ ਨੰਬਰ ਦਿੰਦੇ ਹਾਂ ਕਿ ਹੁਣ ਜਦੋਂ ਵੀ ਸਮਾਂ ਲੱਗਿਆ ਤਾਂ ਪੰਜਾਬ ਆਈ ਤੈਨੂੰ ਅਸੀਂ ਪੰਜਾਬ ਦੀ ਅਸਲੀ ਤਸਵੀਰ ਦਿਖਾਵਾਂਗੇ । ਪੰਜਾਬ ਬਾਰੇ ਅਜਿਹੀ ਧਾਰਨਾ ਦੂਜੀਆਂ ਸਟੇਟਾਂ ਦੇ ਲੋਕਾਂ ਵਿੱਚ ਬਨਣ ਕਾਰਨ ਸਾਨੂੰ ਬਹੁਤ ਨਿਰਾਸ਼ਤਾ ਵੀ ਹੁੰਦੀ ਹੈ । ਅਸੀਂ ਇਕੱਠੇ ਰੋਟੀ ਖਾਂਦੇ ਹਾਂ ਤੇ ਸਪਿਤੀ ਬਾਰੇ ਗੱਲਾਂ ਕਰਦੇ ਹਾਂ। ਹੋਮ ਸਟੇਅ ਦਾ ਮਾਲਕ ਦੱਸਦਾ ਹੈ ਕਿ ਨਾਕੋ ਬਹੁਤ ਉਚਾਈ ਤੇ ਹੋਣ ਕਾਰਨ ਇੱਥੇ ਅਕਸਰ ਬਹੁਤੇ ਲੋਕਾਂ ਨੂੰ ਆਕਸੀਜਨ ਦੀ ਸਮੱਸਿਆ  ਆ ਜਾਂਦੀ ਹੈ ਕਿਉਂਕਿ ਇੱਥੇ ਆਕਸੀਜਨ ਬਹੁਤ ਘੱਟ ਹੈ । ਇਸ ਦਾ ਸਭ ਤੋਂ ਵਧੀਆ ਇਲਾਜ acclimatization ( ਪਰਿਸਥਿਤੀ ਦੇ ਅਨੁਕੂਲ ਹੋਣਾ ਹੈ  )  ਹੈ । ਭਾਵ ਤੁਸੀਂ ਉਚਾਈ ਵੱਲ ਜਾਂਦੇ ਹਰ ਇੱਕ ਹਜ਼ਾਰ ਫੁੱਟ ਦੀ ਉਚਾਈ ਤੇ ਇੱਕ ਦਿਨ ਬਤੀਤ  ਕਰ ਕੇ ਹੀ ਅੱਗੇ ਜਾਓ। ਬਹੁਤੇ ਲੋਕ ਆਕਸੀਜਨ ਦੀ ਸਮੱਸਿਆ ਨਾਲ ਨਿਪਟਣ ਲਈ Diamox ਦੀਆਂ ਗੋਲੀਆਂ ਲੈਂਦੇ  ਹਨ , ਜੋ ਬਹੁਤ ਕਾਰਗਰ ਹਨ ਪ੍ਰੰਤੂ ਡਾਕਟਰ ਦੀ ਸਲਾਹ  ਬਿਨਾਂ  ਨਹੀਂ ਲੈਣੀਆਂ ਚਾਹੀਦੀਆਂ  । ਕਲਪਾ, ਸਾਂਗਲਾ ਵੈਲੀ ਵਿੱਚ ਘੁੰਮਦਿਆਂ ਅਸੀਂ ਵਾਤਾਵਰਨ ਦੇ ਅਨੁਕੂਲ ਹੋ ਚੁੱਕੇ ਹਾਂ ਇਸ ਲਈ ਸਾਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ । ਰਾਤ ਦੀ ਰੋਟੀ ਖਾ ਕੇ ਅਸੀਂ ਸੌਂ ਜਾਂਦੇ ਹਾਂ ਚ ਸਵੇਰੇ ਗਰਮ ਪਾਣੀ ਨਾਲ ਨਹਾ ਕੇ ਆਪਣੇ ਅਗਲੇ ਸਫ਼ਰ ਵੱਲ ਚੱਲ ਪੈਂਦੇ ਹਾਂ ਜਿਸ ਨਾਲ ਤੁਹਾਨੂੰ ਅਗਲੀ ਪੋਸਟ ਵਿੱਚ ਰੂਬਰੂ  ਕਰਵਾਵਾਂਗੇ। 

           ਚਲਦਾ ...

       

No comments:

Post a Comment