Monday 22 August 2022

ਹਾਇਕਿੰਗ ਆਖਿਰ ਹੁੰਦੀ ਕੀ ਹੈ

 #ghumakkarnama #htchoshiarpur #trekking #hiking #punjab #india 


ਟਰੈਕਿੰਗ ਅਤੇ ਹਾਇਕਿੰਗ (ਕੁਦਰਤ ਦੇ ਵਿੱਚ ਲੰਮੀ ਪੈਦਲ ਯਾਤਰਾ)


ਭਾਗ ਪਹਿਲਾ :-  ਪਹਿਲੇ ਭਾਗ ਵਿੱਚ ਅਸੀਂ ਜਾਣਾਂਗੇ ਕੇ ਟਰੈਕਿੰਗ ਅਤੇ ਹਾਇਕਿੰਗ ਆਖਿਰ ਹੁੰਦੀ ਕੀ ਹੈ ਅਤੇ ਇਸ ਦੀ ਮਹੱਤਤਾ ਕੀ ਹੈ। ਇਸ ਵਾਰੇ ਬਹੁਤੇ ਲੋਕ ਘੱਟ ਹੀ ਜਾਣਦੇ ਹਨ ਅਤੇ ਕਈ ਲੋਕਾਂ ਨੇ ਇਹ ਸ਼ਬਦ ਹੀ ਪਹਿਲੀ ਵਾਰ ਸੁਣਿਆ ਹੋਵੇਗਾ ਅਤੇ ਅਗਰ ਕਿਸੇ ਨੇ ਸੁਣਿਆਂ ਵੀ ਹੋਵੇਗਾ ਤਾਂ ਉਹ ਇਸ ਵਾਰੇ ਜ਼ਿਆਦਾ ਕੁਝ ਨਹੀਂ ਜਾਣਦੇ ਹੋਣਗੇ। ਅੱਜ ਇਸੇ ਵਿਸ਼ੇ ਤੇ ਵਿਸਥਾਰ ਨਾਲ ਅਤੇ ਤੱਥਾਂ ਦੇ ਆਧਾਰ ਤੇ ਗੱਲਬਾਤ ਕਰਦੇ ਹਾਂ। 

           ਸਭ ਤੋਂ ਪਹਿਲੀ ਗੱਲ ਇਹ ਕਿ ਟਰੈਕਿੰਗ ਅਤੇ ਹਾਇਕਿੰਗ ਸੈਰ ਕਰਨ ਜਾਂ ਪੈਦਲ ਤੁਰਨ ਦਾ ਹੀ ਇੱਕ ਰੂਪ ਹੈ। ਅਗਰ ਤੁਸੀਂ ਕਿਸੀ ਗਰਾਉਂਡ ਜਾਂ ਰਸਤੇ ਤੇ ਤੁਰਦੇ ਹੋ ਤਾਂ ਉਸਨੂੰ ਸਵੇਰ ਦੀ ਸੈਰ ਜਾਂ ਸ਼ਾਮ ਦੀ ਸੈਰ ਕਿਹਾ ਜਾਂਦਾ ਹੈ। ਪਰ ਜਦੋਂ ਅਸੀਂ ਕਿਸੇ ਜੰਗਲੀ , ਪਹਾੜੀ ਜਾਂ ਕੁਦਰਤੀ ਇਲਾਕੇ ਵਿੱਚ ਬਣੀਆਂ ਉੱਚੀਆਂ - ਨੀਵੀਆਂ, ਟੇਢੀਆਂ - ਮੇਢੀਆਂ ਪਗਡੰਡੀਆਂ , ਰਸਤਿਆਂ ਉਪਰ ਲੰਮੀ ਪੈਦਲ ਯਾਤਰਾ ਕਰਦੇ ਹਾਂ ਤਾਂ ਇਸ ਨੂੰ ਟਰੈਕਿੰਗ ਕਿਹਾ ਜਾਂਦਾ ਹੈ। ਤੇ ਟਰੈਕਿੰਗ ਕਰਦੇ ਹੋਏ ਜਦੋਂ ਅਸੀਂ ਕੋਈ ਚੜਾਈ ਚੜਦੇ ਹਾਂ ਜਾਂ ਉੱਚੀ ਪਹਾੜੀ, ਚੋਟੀ ਉਪਰ ਚੜਦੇ ਹਾਂ ਤਾਂ ਉਸਨੂੰ ਹਾਇਕਿੰਗ ਕਿਹਾ ਜਾਂਦਾ ਹੈ। ਕਲਿੰਬਰਿੰਗ ਵੀ ਇਸੇ ਦਾ ਹੀ ਇੱਕ ਰੂਪ ਹੈ , ਇਸ ਵਿੱਚ ਬਹੁਤ ਉੱਚੀ ਪਹਾੜੀ, ਚੋਟੀ ਉਪਰ ਰੱਸੀਆਂ ਅਤੇ ਹੁੱਕਾਂ ਦੀ ਸਹਾਇਤਾ ਨਾਲ ਚੜਿਆ ਜਾਂਦਾ ਹੈ। ਪਰ ਇਸ ਲਈ ਬਹੁਤ ਖਾਸ ਟ੍ਰੇਨਿੰਗ ਅਤੇ ਸੁਰੱਖਿਆ ਸਾਧਨਾਂ ਦੀ ਲੋੜ ਪੈਂਦੀ ਹੈ। 

                ਟਰੈਕਿੰਗ ਅਤੇ ਹਾਇਕਿੰਗ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੀ ਇੱਕ ਖੇਡ ਗਤੀਵਿਧੀ ਜਾਂ ਅਡਵੈਂਚਰ ਭਰਪੂਰ ਕੰਮ ਹੈ। ਜੋ ਅਸੀਂ ਕੁਦਰਤ ਦੇ ਬਹੁਤ ਨੇੜੇ ਹੋ ਕੇ ਕਰਦੇ ਹਾਂ। ਅੱਜ ਦੁਨੀਆਂ ਭਰ ਦੇ ਕੁਦਰਤ ਪ੍ਰੇਮੀ ਅਤੇ ਪਰਬਤਾਂ ਰੋਹੀ ਸੰਸਾਰ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਹਿ ਕਰਨ ਵਿੱਚ ਲੱਗੇ ਹੋਏ ਹਨ, ਮਾਉੰਟ ਏਵਰੇਸਟ ਦੇ ਉਪਰ ਤਾਂ ਟ੍ਰੈਫਿਕ ਜਾਮ ਹੋ ਚੁੱਕਾ ਹੈ ਪਰਬਤਾਂ ਰੋਹੀ ਆਪਣੀ ਵਾਰੀ ਦੀ ਉਡੀਕ ਵਿੱਚ ਚਾਰ - ਚਾਰ , ਪੰਜ -  ਪੰਜ ਸਾਲਾਂ ਤੋਂ ਲਾਇਨ ਵਿੱਚ ਲੱਗੇ ਹੋਏ ਹਨ। ਇਹ ਵੀ ਟਰੈਕਿੰਗ ਅਤੇ ਹਾਇਕਿੰਗ ਦਾ ਹੀ ਜ਼ਨੂੰਨ ਹੈ। ਇੱਥੇ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਟਰੈਕਿੰਗ ਅਤੇ ਹਾਇਕਿੰਗ ਹਰ ਕੋਈ ਨਹੀਂ ਕਰ ਸਕਦਾ ਲੱਖਾਂ ਲੋਕਾਂ ਵਿੱਚੋਂ ਇੱਕ ਦੋ ਪ੍ਰਤੀਸ਼ਤ ਹੀ ਇਹ ਹੌਸਲਾ ਕਰ ਸਕਦੇ ਹਨ। ਕਿਉਂਕਿ ਇਹ ਇੱਕ ਸ਼ੌਕ ਹੈ ਰੁਚੀ ਹੈ ਹਿੰਮਤ ਭਰਿਆ ਸਾਹਸਿਕ ਕੰਮ ਹੈ। ਜਿਵੇਂ ਬਹੁਤ ਸਾਰੇ ਲੋਕਾਂ ਨੂੰ ਪੇਂਟਿੰਗ ਕਰਨਾ,ਡਾਂਸ ਕਰਨਾ, ਗਾਣਾ ਗਾਉਣਾ, ਕਹਾਣੀ ਕਵਿਤਾ ਲਿਖਣਾ, ਖਾਣਾ ਬਨਾਉਣਾ, ਸਾਇਕਲਿੰਗ ਕਰਨਾ, ਸੈਰ ਸਪਾਟਾ ਕਰਨਾ ਆਦਿ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਹੀ ਟਰੈਕਿੰਗ ਅਤੇ ਹਾਇਕਿੰਗ ਵੀ ਸਿਰਫ਼ ਉਹ ਹੀ ਕਰ ਸਕਦਾ ਹੈ ਜਿਸਨੂੰ ਇਸ ਵਿੱਚ ਦਿਲਚਸਪੀ ਹੋਵੇ । ਟਰੈਕਿੰਗ ਨੂੰ ਅਸੀਂ ਨੇਚਰ ਵਾਕ ਵੀ ਕਹਿ ਸਕਦੇ ਹਾਂ। ਇਸੇ ਲਈ ਦੁਨੀਆ ਭਰ ਦੇ ਡਾਕਟਰ ਅਤੇ ਮਨੋਵਿਗਿਆਨੀ ਆਪਣੇ ਮਰੀਜ਼ਾਂ ਨੂੰ ਕਿਸੀ ਕੁਦਰਤੀ ਥਾਂ, ਹਿੱਲ ਸਟੇਸ਼ਨ, ਜੰਗਲੀ ਜਾਂ ਪਹਾੜੀ ਇਲਾਕਿਆਂ ਵਿੱਚ ਜਾ ਕੇ ਕੁਝ ਦਿਨ ਰਹਿਣ ਅਤੇ ਘੁੰਮਣ ਫਿਰਨ ਦੀ ਸਲਾਹ ਦਿੰਦੇ ਹਨ। ਕਿਉਂਕਿ ਦਿਲ ਅਤੇ ਦਿਮਾਗ ਨੂੰ ਜੋ ਖੁਸ਼ੀ ਅਤੇ ਤਾਜ਼ਗੀ ਕੁਦਰਤ ਦੇ ਸਕਦੀ ਹੈ ਹੋਰ ਕੋਈ ਨਹੀਂ, ਜੋ ਇਲਾਜ ਕੁਦਰਤ ਦੇ ਕੋਲ ਹੈ ਉਹ ਦੁਨੀਆਂ ਦੇ ਕਿਸੇ ਵੀ ਡਾਕਟਰ ਕੋਲ ਨਹੀਂ ਹੈ। ਕੁਦਰਤ ਦੇ ਵਿੱਚ ਘੁੰਮਣਾ ਫਿਰਨਾ ਸਾਨੂੰ ਰੋਜ਼ ਦੀ ਦੌੜਭੱਜ,ਤਨਾਵ,ਅਵਸਾਦ ਅਤੇ ਚਿੰਤਾਵਾਂ ਤੋਂ ਨਿਜਾਤ ਦਿਵਾਉਣ ਵਿੱਚ ਬਹੁਤ ਸਹਾਈ ਹੁੰਦਾ ਹੈ। ਕਈ ਅਨੁਭਵਾਂ ਤੋਂ ਸਿੱਧ ਹੋਇਆ ਹੈ ਕਿ ਇੱਕ ਥਾਂ ਬੈਠ ਕੇ ਕੰਮ ਕਰਨ ਵਾਲਿਆਂ ਨਾਲੋਂ ਘੁੰਮਣ ਫਿਰਨ ਵਾਲੇ ਜਿਆਦਾ ਖੁਸ਼ ਰਹਿੰਦੇ ਹਨ। ਅੱਜ ਕੱਲ੍ਹ ਪੁਰੀ ਦੁਨੀਆਂ ਵਿੱਚ ਹੈਪੀਨੈਸ ਥਰੈਪੀ ਵੀ ਬਹੁਤ ਪ੍ਰਸਿੱਧ ਹੋ ਰਹੀ ਹੈ ਜਿਸ ਵਿਚ ਆਪਣੀ ਚਿੰਤਾ ਅਤੇ ਤਨਾਵ ਨੂੰ ਦੂਰ ਕਰਨ ਲਈ ਕਿਸੇ ਕੁਦਰਤੀ ਸਥਾਨ ਤੇ ਜਾ ਕੇ ਨੇਚਰ ਵਾਕ ਕਰਨ, ਪਹਾੜਾਂ, ਜੰਗਲਾਂ ਦੇ ਨਜ਼ਾਰੇ ਦੇਖਣ, ਨਦੀਆਂ, ਝਰਨਿਆਂ ਦਾ ਆਨੰਦ ਮਾਨਣ ਅਤੇ ਰੁੱਖਾਂ ਨਾਲ ਗੱਲਵਕੜੀ ਪਾ ਕੇ ਗੱਲਾਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਬਹੁਤ ਸਾਰੀਆਂ ਖੋਜਾਂ ਤੋਂ ਇਹ ਸਿੱਧ ਹੋਇਆ ਹੈ ਕਿ ਜਿਹੜੇ ਲੋਕ ਕੁਦਰਤ ਦੇ ਨੇੜੇ ਰਹਿੰਦੇ ਹਨ ਉਹ ਬਾਕੀਆਂ ਨਾਲੋਂ ਕਿਤੇ ਜ਼ਿਆਦਾ ਖੁਸ਼ ਅਤੇ ਸਿਹਤਮੰਦ ਹੁੰਦੇ ਹਨ। ਹਰ ਕੋਈ ਆਪਣੇ ਘਰਾਂ ਵਿੱਚ ਸੁੰਦਰ ਕੁਦਰਤੀ ਨਜ਼ਾਰਿਆਂ ਦੀਆਂ ਤਸਵੀਰਾਂ ਅਤੇ ਪੇਂਟਿੰਗ ਲਗਾਉਂਦਾ ਹੈ। ਸੋਚੋ ਅਗਰ ਉਹੀ ਤਸਵੀਰ ਅਸਲ ਵਿੱਚ ਸੱਚਮੁੱਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਵੇ ਤਾਂ ਕਿੰਨਾ ਅਨੰਦਾਇਕ ਹੋਵੇਗਾ। ਇਸੇ ਲਈ ਕਿਹਾ ਜਾਂਦਾ ਹੈ ਕਿ ਕਿਸੇ ਜਿੰਮ ਦੀ ਚਾਰਦੀਵਾਰੀ ਅੰਦਰ ਏ.ਸੀ ਲਗਾ ਕੇ ਕਸਰਤ ਕਰਨ ਨਾਲੋਂ ਕੁਦਰਤੀ ਥਾਵਾਂ ਤੇ ਖੁੱਲੇ ਵਾਤਾਵਰਨ ਵਿਚ ਪੈਦਲ ਘੁੰਮ ਕੇ ਪਸੀਨਾ ਵਹਾਉਣਾਂ ਕਿਤੇ ਵੱਧ ਫਾਇਦੇਮੰਦ ਹੁੰਦਾ ਹੈ। ਇੱਕ ਲੰਮੀ ਪੈਦਲ ਯਾਤਰਾ ਜਾਂ ਚੁਨੌਤੀ ਪੂਰਨ ਪਹਾੜ ਦੀ ਚੜਾਈ ਕੁਦਰਤ ਵਿੱਚ ਕੀਤੀ ਜਾਣ ਵਾਲੀ ਸ਼ਕਤੀਸ਼ਾਲੀ ਕਾਰਡੀਓ ਕਸਰਤ ਹੈ। 

                  ਅੱਜ ਦੁਨੀਆਂ ਭਰ ਵਿੱਚ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਇਹਨਾਂ ਕੁਦਰਤੀ ਗਤੀਵਿਧੀਆਂ ਨੂੰ ਸੈਰ ਸਪਾਟੇ ਨਾਲ ਜੋੜ ਕੇ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹਨ। ਯੂਰਪ ਦੇ ਤਾਂ ਸਾਰੇ ਹੀ ਦੇਸ਼ਾਂ ਦੀ ਰੋਜ਼ੀ ਰੋਟੀ ਸੈਰ ਸਪਾਟੇ ਅਤੇ ਆਪਣੀ ਕੁਦਰਤੀ ਖ਼ੂਬਸੂਰਤੀ ਉਪਰ ਟਿਕੀ ਹੋਈ ਹੈ। ਪੂਰੀ ਦੁਨੀਆ ਤੋਂ ਲੋਕੀ ਇੱਥੇ ਘੁੰਮਣ ਫਿਰਨ ਅਤੇ ਸਾਹਸਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਆਉਂਦੇ ਹਨ, ਜਿਹਨਾਂ ਵਿੱਚੋਂ ਟਰੈਕਿੰਗ ਅਤੇ ਪਹਾੜਾਂ ਉਪਰ ਚੜ੍ਹਨਾਂ ਪ੍ਰਮੁੱਖ ਹੈ। ਜਾਪਾਨ ਅਤੇ ਹੋਰ ਕਈ ਵਿਕਸਿਤ ਦੇਸ਼ ਆਪਣੇ ਕਰਮਚਾਰੀਆਂ ਨੂੰ ਪਰਿਵਾਰ ਸਮੇਤ ਜੰਗਲਾਂ, ਪਹਾੜਾਂ ਵਿੱਚ ਘੁੰਮਣ ਫਿਰਨ , ਕੈਂਪਿੰਗ ਕਰਨ ਅਤੇ ਕੁਦਰਤ ਨਾਲ ਜੁੜਣ ਲਈ ਵਿਸ਼ੇਸ਼ ਪੈਕੇਜ , ਛੁੱਟੀਆਂ ਅਤੇ ਆਰਥਿਕ ਸਹਾਇਤਾ ਦੇ ਰਹੇ ਹਨ ਤਾਂ ਜੋ ਉਹ ਤਨਾਅ ਮੁਕਤ ਰਹਿਣ ਅਤੇ ਉਹਨਾਂ ਦੇ ਕੰਮ ਕਰਨ ਦੀ ਕੁਸ਼ਲਤਾ ਵਿਚ ਵਾਧਾ ਹੋ ਸਕੇ। ਯੂਰਪ ਦੇ ਸਭ ਤੋਂ ਖੁਸ਼ਹਾਲ ਦੇਸ਼ ਸਵਿਟਜ਼ਰਲੈਂਡ ਅਤੇ ਨੌਰਵੇ ਆਪਣੇ ਲੋਕਾਂ ਨੂੰ ਵੱਧ ਤੋਂ ਵੱਧ ਕੁਦਰਤ ਦੇ ਨੇੜੇ ਰਹਿਣ, ਟਰੈਕਿੰਗ ਕਰਨ ਅਤੇ ਆਪਣੇ ਕੁਦਰਤੀ ਸਾਧਨਾਂ ਦੀ ਵੱਧ ਤੋਂ ਵੱਧ ਸਾਂਭ ਸੰਭਾਲ ਲਈ ਪ੍ਰੇਰਿਤ ਕਰਦੇ ਹਨ। ਇਸੇ ਲਈ ਉੱਥੇ ਦੇ 500 ਤੋਂ ਵੱਧ ਸਕੂਲ ਜੰਗਲਾਂ ਵਿੱਚ ਬਣਾਏ ਗਏ ਹਨ ਤਾਂ ਜੋ ਬੱਚੇ ਕੁਦਰਤ ਦੇ ਵਿੱਚ ਰਹਿ ਕੇ ਜ਼ਿਆਦਾ ਚੰਗੀ ਤਰ੍ਹਾਂ ਸਿੱਖ ਸਕਣ।  ਇੰਟਰਨੈਸ਼ਨਲ ਸਪੋਰਟਸ ਮੈਡੀਸਿਨ ਦੇ ਅਧਿਅਨ ਵਿੱਚ ਪਾਇਆ ਗਿਆ ਹੈ ਕਿ ਕੁਦਰਤ ਵਿੱਚ ਕੀਤੀ ਗਈ ਲੰਮੀ ਦੂਰੀ ਦੀ ਪੈਦਲ ਯਾਤਰਾ ਸਾਡੀ ਰੋਗਾਂ ਨਾਲ ਲੜਨ ਵਾਲੀ ਐਂਟੀਆਕਸੀਡੇਂਟ ਤਾਕਤ ਵਿੱਚ ਬਹੁਤ ਸੁਧਾਰ ਕਰਦੀ ਹੈ।


ਭਾਗ ਦੂਜਾ :-  ਆਪਣੇ ਦੇਸ਼ ਭਾਰਤ ਵਿੱਚ ਟਰੈਕਿੰਗ ਅਤੇ ਹਾਇਕਿੰਗ ਦੀਆਂ ਸੰਭਾਵਨਾਵਾਂ

            ਅਗਰ ਅਸੀਂ ਆਪਣੇ ਦੇਸ਼ ਭਾਰਤ ਦੀ ਗੱਲ ਕਰੀਏ ਤਾਂ ਸਾਡੀ ਸੱਭਿਅਤਾ ਪੂਰੀ ਦੁਨੀਆ ਵਿੱਚ ਸਭ ਤੋਂ ਪੁਰਾਣੀ ਸੱਭਿਅਤਾ ਹੈ ਸਾਡੇ ਸਾਰੇ ਧਰਮ ਹਜ਼ਾਰਾਂ ਲੱਖਾਂ ਸਾਲਾਂ ਤੋਂ ਕੁਦਰਤ ਨਾਲ ਜੁੜੇ ਹੋਏ ਹਨ ਅਸੀਂ ਤਾਂ ਕੁਦਰਤ ਦੇ ਹਰ ਰੂਪ ਪਸ਼ੂਆਂ ਪੰਛੀਆਂ, ਨਦੀਆਂ, ਪਹਾੜਾਂ ਅਤੇ ਝੀਲਾਂ ਦੀ ਸਦੀਆਂ ਤੋਂ ਪੂਜਾ ਕਰਦੇ ਆਏ ਹਾਂ ਤੇ ਅੱਜ ਵੀ ਕਰਦੇ ਹਾਂ। ਸਾਡੇ ਪੂਰਵਜ ਸ਼ੁਰੂ ਤੋਂ ਹੀ ਘੁਮੱਕੜ ਸੁਭਾਅ ਦੇ ਰਹੇ ਹਨ। ਕੰਮ ਕਿੱਤੇ ਦੀ ਭਾਲ ਵਿੱਚ ਜਾਂ ਹੋਰ ਕਿਸੇ ਕਾਰਨਾਂ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਹੀ ਰਹੇ ਹਨ।  ਸਾਡੇ ਗੁਰੂਆਂ, ਰਿਸ਼ੀਆਂ ਮੁਨੀਆਂ, ਪੀਰਂ ਫ਼ਕੀਰਾਂ, ਤਪੱਸਵੀਆਂ, ਧਾਰਮਿਕ ਆਗੂਆਂ ਨੇ ਜੰਗਲਾਂ ਅਤੇ ਪਹਾੜਾਂ ਵਿੱਚ ਕੁਦਰਤ ਦੇ ਨੇੜੇ ਰਹੇ ਕੇ ਹੀ ਸਾਧਨਾਂ ਅਤੇ ਭਗਤੀ ਕੀਤੀ ਹੈ ਤੇ ਗਿਆਨ ਪ੍ਰਾਪਤ ਕਰਕੇ ਲੋਕਾਂ ਵਿੱਚ ਵੰਡਿਆ ਹੈ। ਮਿਸਾਲ ਦੇ ਤੌਰ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਹੀ ਲੈ ਲਵੋ, ਉਹਨਾਂ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਟ੍ਰੈਕਰ ਕਿਹਾ ਜਾ ਸਕਦਾ ਹੈ। ਉਹਨਾਂ ਨੇ ਆਪਣੇ ਦੇਸ਼ ਦੇ ਕੋਨੇ ਕੋਨੇ ਤੋਂ ਇਲਾਵਾ ਦੂਰ ਦੂਰ ਦੇ ਹੋਰ ਵੀ ਕਈ ਦੇਸ਼ਾਂ ਵਿੱਚ ਚਾਰ ਪੈਦਲ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਕੁਦਰਤ ਨਾਲ ਜੁੜੇ ਰਹਿ ਕੇ ਰੱਬ ਦਾ ਨਾਂ ਲੈਣ ਦਾ ਸੰਦੇਸ਼ ਦਿੱਤਾ ਹੈ। ਅੱਜ ਅਸੀਂ ਵੀ ਉਹਨਾਂ ਦੀਆਂ ਪਾਈਆਂ ਹੋਈਆਂ ਲੀਹਾਂ ਤੇ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂ। 

        ਸਾਡੇ ਦੇਸ਼ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇੱਥੇ ਕੁਦਰਤ ਦੀ ਅਪਾਰ ਕਿਰਪਾ ਹੈ। ਜਿੱਥੇ ਇੱਕ ਪਾਸੇ ਸ਼ਿਵਾਲਿਕ , ਧੌਲਾਧਾਰ , ਪੀਰ ਪੰਜਾਲ ਅਤੇ ਹਿਮਾਲਿਆ ਪਰਬਤਾਂ ਦੀ ਹਜ਼ਾਰਾਂ ਕਿਲੋਮੀਟਰ ਲੰਬੀ ਲੜੀ ਹੈ ਦੂਜੇ ਪਾਸੇ ਖੁਸ਼ਹਾਲ ਹਰੇ ਭਰੇ ਮੈਦਾਨ ਅਤੇ ਜੰਗਲ ਹਨ ਜਿਹਨਾਂ ਵਿਚ ਅਨੇਕਾਂ ਹੀ ਨਦੀਆਂ ਅਤੇ ਝੀਲਾਂ ਮੌਜੂਦ ਹਨ। ਇਹਨਾਂ ਵਿੱਚ ਸਥਿਤ ਪੁਰਾਣੇ ਪਿੰਡਾਂ, ਮੰਦਿਰਾਂ, ਝੀਲਾਂ ਅਤੇ ਉਚੀਆਂ ਚੋਟੀਆਂ ਤੱਕ ਜਾਣ ਵਾਲੀਆਂ ਅਣਗਿਣਤ ਪਗਡੰਡੀਆਂ ਅਤੇ ਰਸਤੇ ਹਨ। ਜਿਹਨਾਂ ਦੇ ਉਪਰ ਟਰੈਕਿੰਗ ਦੇ ਸ਼ੌਕੀਨ ਲੋਕ ਅਕਸਰ ਘੁੰਮਦੇ ਮਿਲ ਜਾਂਦੇ ਹਨ। ਵੈਸੇ ਤਾਂ ਭਾਰਤ ਦੇ ਹਰ ਰਾਜ ਵਿੱਚ ਵੱਖ ਵੱਖ ਤਰ੍ਹਾਂ ਦੇ ਟ੍ਰੈਕ ਮਿਲ ਜਾਂਦੇ ਹਨ ਪਰ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਟਰੈਕਿੰਗ ਲਈ ਅਨੇਕਾਂ ਹੀ ਖੂਬਸੂਰਤ ਅਤੇ ਰੋਮਾਂਚਕ ਟ੍ਰੈਕ ਮੌਜੂਦ ਹਨ। ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚ ਰਹੇ ਹਨ। 

                 ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੰਮੂ ਕਸ਼ਮੀਰ ਦੇ ਕੁਝ ਖਾਸ ਟ੍ਰੈਕਸ ਵਾਰੇ ਜਿਹਨਾਂ ਵਿੱਚੋਂ ਦਾ ਗ੍ਰੇਟ ਲੇਕਸ ਟ੍ਰੈਕ, ਟਰਸਰ ਮਰਸਰ ਟ੍ਰੈਕ, ਨਾਰੰਗ ਮਹਲੀਸ਼ ਟ੍ਰੈਕ, ਕੋਲਾਹੋਈ ਗਲੇਸ਼ੀਅਰ ਟ੍ਰੈਕ ਅਤੇ ਸੋਨਮਰਗ ਵਿਸ਼ਾਨਸਰ ਪ੍ਰਮੁੱਖ ਹਨ। ਜੰਮੂ ਕਸ਼ਮੀਰ ਦੀ ਖ਼ੂਬਸੂਰਤੀ ਯੂਰਪ ਦੇ ਕਿਸੇ ਵੀ ਦੇਸ਼ ਨਾਲੋਂ ਘੱਟ ਨਹੀਂ ਹੈ।

                ਫਿਰ ਵਾਰੀ ਆਉਂਦੀ ਹੈ ਹਿਮਾਚਲ ਪ੍ਰਦੇਸ਼ ਦੀ ਇੱਥੋਂ ਦੇ ਜੰਗਲਾਂ,ਘਾਹ ਦੇ ਮੈਦਾਨਾਂ, ਧੌਲਾਧਾਰ ਅਤੇ ਪੀਰ ਪੰਜਾਲ ਪਹਾੜੀਆਂ ਵਿੱਚ ਬਹੁਤ ਸਾਰੇ ਪੁਰਾਣੇ ਪਿੰਡ, ਝੀਲਾਂ,ਝਰਨੇ ਅਤੇ ਪੁਰਾਣੇ ਮੰਦਿਰ ਮੌਜੂਦ ਹਨ ਜਿਨ੍ਹਾਂ ਤੱਕ ਪਹੁੰਚਣ ਲਈ ਇੱਕ ਤੋਂ ਵੱਧ ਇੱਕ ਸੋਹਣੇ ਟ੍ਰੈਕ ਮਿਲਦੇ ਹਨ ਜਿਵੇਂ ਧਰਮਸ਼ਾਲਾ ਦੇ ਮੈਕਲੋਡਗੰਜ ਤੋਂ ਚੰਬਾ ਭਰਮੌਰ ਨੂੰ ਤਿੰਨ ਦਿਨ ਦਾ ਟ੍ਰੈਕ ਜਾਂਦਾ ਹੈ ਜੋ ਸਭ ਤੋਂ ਪਹਿਲਾਂ ਟਰਿਉਂਡ ਫਿਰ ਸਨੋਲਾਇਨ,ਲਾਕਾ ਹੁੰਦੇ ਹੋਏ ਇੰਦਰਹਾਰ ਪਾਸ ਨੂੰ ਪਾਰ ਕਰਕੇ ਚੰਬਾ ਜਾ ਨਿਕਲਦਾ ਹੈ, ਇਸ ਤੋਂ ਇਲਾਵਾ ਧਰਮਸ਼ਾਲਾ ਵਿੱਚ ਹੀ ਕਰੇਰੀ ਝੀਲ ਤੇ ਮਿਨਕਿਆਨੀ ਪਾਸ ਟ੍ਰੈਕ ਅਤੇ ਥਥਰਾਨਾ ਟ੍ਰੈਕ ਮਸ਼ਹੂਰ ਹਨ। ਚੰਬਾ ਵਿੱਚ ਮਨੀ ਮਹੇਸ਼, ਕੁਗਤੀ ਪਾਸ ਅਤੇ ਬੜਾ ਭੰਗਾਲ ਟ੍ਰੈਕ ਮਿਲਦੇ ਹਨ। ਬਰੋਟ ਵੈਲੀ ਵਿੱਚ ਧਮਸਰ ਪਾਸ ਅਤੇ ਡੈਨਾਸਰ ਝੀਲ ਟ੍ਰੈਕ ਮੌਜੂਦ ਹਨ। ਸਭ ਤੋਂ ਵੱਧ ਟ੍ਰੈਕ ਕੁੱਲੂ ਮਨਾਲੀ ਵੈਲੀ ਵਿੱਚ ਪਾਏ ਜਾਂਦੇ ਹਨ ਜਿਵੇਂ ਬਿਜਲੀ ਮਹਾਂਦੇਵ,ਚੰਦਰਖਾਨੀ ਪਾਸ, ਹਮਤਾ ਪਾਸ, ਰਾਨੀ ਸੂਈ ਟ੍ਰੈਕ, ਬ੍ਰਿਗੂਝੀਲ ਟ੍ਰੈਕ, ਬਿਆਸ ਕੁੰਡ ਟ੍ਰੈਕ, ਖੀਰਗੰਗਾ ਟ੍ਰੈਕ , ਹਨੂਮਾਨ ਟਿੱਬਾ ਅਤੇ ਹੋਰ ਵੀ ਬਹੁਤ ਸਾਰੇ ਟ੍ਰੈਕ ਮਿਲਦੇ ਹਨ। ਇਹਨਾਂ ਤੋਂ ਇਲਾਵਾ ਸ੍ਰੀਖੰਡ ਕੈਲਾਸ਼ ਟ੍ਰੈਕ ਅਤੇ ਕਿੰਨਰ ਕੈਲਾਸ਼ ਟ੍ਰੈਕ ਵੀ ਪ੍ਰਸਿੱਧ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਟ੍ਰੈਕ ਮੈਂ ਆਪਣੇ ਦੋਸਤਾਂ ਨਾਲ ਕਰ ਚੁੱਕਾ ਹਾਂ।

                  ਆਖਰ ਵਿੱਚ ਅਸੀਂ ਗੱਲ ਕਰਾਂਗੇ ਉੱਤਰਾਖੰਡ ਦੇ ਕੁਝ ਟ੍ਰੈਕਸ ਦੀ ਅਗਰ ਗਿਣਤੀ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਟ੍ਰੈਕ ਉੱਤਰਾਖੰਡ ਵਿੱਚ ਹੀ ਪਾਏ ਜਾਂਦੇ ਹਨ । ਇੱਥੇ 50 ਤੋਂ ਵੀ ਵੱਧ ਟ੍ਰੈਕ ਮੌਜੂਦ ਹਨ ਜਿਵੇਂ ਹਰਕੀਦੂਨ ਟ੍ਰੈਕ, ਨਾਗ ਟਿੱਬਾ ਟ੍ਰੈਕ, ਬੁਘਿਆਲ ਟ੍ਰੈਕ, ਫੁੱਲਾਂ ਦੀ ਘਾਟੀ ਟ੍ਰੈਕ,ਕੁਆਰੀ ਪਾਸ ਟ੍ਰੈਕ, ਰੂਪ ਕੁੰਡ ਟ੍ਰੈਕ, ਚੰਦਰਾ ਸ਼ਿਲਾ ਟ੍ਰੈਕ ਅਤੇ ਅਨੇਕਾਂ ਹੀ ਹੋਰ ਟ੍ਰੈਕ ਪਾਏ ਜਾਂਦੇ ਹਨ।

                  ਤੁਹਾਨੂੰ ਇੱਕ ਗੱਲ ਮੈਂ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਟਰੈਕਿੰਗ ਅਤੇ ਹਾਇਕਿੰਗ ਦੇ ਸ਼ੌਕੀਨ ਨੂੰ ਪੰਜਾਬੀ ਵਿੱਚ " ਘੁਮੱਕੜ "  ਘੁੰਮਣ ਫਿਰਨ ਦਾ ਆਦੀ ਕਿਹਾ ਜਾਂਦਾ ਹੈ। ਘੁਮੱਕੜਾਂ ਅਤੇ ਸੈਲਾਨੀਆਂ ਵਿੱਚ ਬਹੁਤ ਵੱਡਾ ਫ਼ਰਕ ਹੁੰਦਾ ਹੈ। ਘੁਮੱਕੜ ਸਭ ਤੋਂ ਪਹਿਲਾਂ ਤਾਂ ਇੱਕ ਕੁਦਰਤ ਪ੍ਰੇਮੀ ਹੁੰਦਾ ਹੈ ਉਹ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਬਹੁਤ ਪਿਆਰ ਕਰਦਾ ਅਤੇ ਉਸਦੀ ਸਾਂਭ ਸੰਭਾਲ ਕਰਦਾ ਹੈ ਉਹ ਕਦੀ ਵੀ ਕੁਦਰਤੀ ਮਾਹੌਲ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਅਤੇ ਨਾ ਹੀ ਕਦੀ ਕੁਦਰਤੀ ਥਾਵਾਂ ਤੇ ਪਲਾਸਟਿਕ,ਪੌਲੀਥਿਨ ਅਤੇ ਕਿਸੇ ਕਿਸਮ ਦਾ ਕਚਰਾ ਫੈਲਾਉਂਦਾ ਹੈ, ਸਗੋਂ ਲੋਕਾਂ ਵਲੋਂ ਸਿੱਟੇ ਗਏ ਕਚਰੇ ਨੂੰ ਸਾਫ਼ ਕਰਦਾ ਹੈ। ਘੁਮੱਕੜ ਵੱਧ ਤੋਂ ਵੱਧ ਪੈਦਲ ਚਲਣ ਜਾਂ ਸਾਈਕਲ ਚਲਾਉਣ ਵਿੱਚ ਵਿਸ਼ਵਾਸ ਰੱਖਦਾ ਹੈ। ਘੁਮੱਕੜ ਹਮੇਸ਼ਾ ਜੰਗਲਾਂ ਅਤੇ ਪਹਾੜਾਂ ਵਿੱਚ ਬਣੀਆਂ ਪਗਡੰਡੀਆਂ ਉਪਰ ਤੁਰਦਾ ਹੋਇਆ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਨਣਾਂ ਹੈ ਅਤੇ ਦੂਰ ਦਰਾਜ਼ ਦੇ ਪੂਰਾਣੇ ਪਿੰਡਾਂ, ਝੀਲਾਂ ਅਤੇ ਝਰਨਿਆਂ ਦੀ ਖੋਜ ਕਰਦਾ ਹੈ। ਉਹ ਹੋਟਲ ਵਿੱਚ ਰਹਿਣ ਨਾਲੋਂ ਕੈਂਪਿੰਗ ਕਰਕੇ ਆਪਣੇ ਟੈਂਟਾਂ ਵਿਚ ਰਾਤ ਰੁਕਣਾਂ ਪਸੰਦ ਕਰਦਾ ਹੈ, ਹੋਟਲਾਂ ਜਾਂ ਢਾਬਿਆਂ ਤੇ ਖਾਣਾ ਖਾਣ ਦੀ ਥਾਂ ਤੇ ਆਪਣਾਂ ਖਾਣਾ ਆਪ ਬਣਾਉਣਾ ਵਿੱਚ ਵਿਸ਼ਵਾਸ ਰੱਖਦਾ ਹੈ। ਘੁਮੱਕੜ ਬਾਜ਼ਾਰਾਂ ਜਾਂ ਭੀੜ ਭਾੜ ਵਾਲੀਆਂ ਥਾਵਾਂ ਤੋਂ ਦੂਰ ਰਹਿ ਕੇ ਕੁਦਰਤ ਦਾ ਨਸ਼ਾ ਕਰਦਾ ਹੈ। ਉਹ ਘੱਟ ਸਹੂਲਤਾਂ ਵਿੱਚ ਵੀ ਗੁਜ਼ਾਰਾ ਕਰਦਾ ਹੈ ਤੇ ਬਿਨਾਂ ਕਿਸੀ ਸ਼ਿਕਾਇਤ ਦੇ ਪ੍ਰਮਾਤਮਾ ਦਾ ਧੰਨਵਾਦ ਕਰਦਾ ਹੈ।                          ਇਸ ਦੇ ਉਲਟ ਸੈਲਾਨੀ ਗੱਡੀ ਵਿੱਚ ਜਾਂਦਾ ਹੈ, ਹੋਟਲ ਵਿੱਚ ਰੁਕਦਾ ਹੈ, ਢਾਬੇ ਜਾਂ ਰੈਸਟੋਰੈਂਟ ਤੇ ਖਾਣਾ ਖਾਂਦਾ ਹੈ, ਬਾਜ਼ਾਰਾਂ ਵਿੱਚ ਘੁੰਮਦਾ ਤੇ ਖਰੀਦਾਰੀ ਕਰਦਾ ਹੈ। ਹਰ ਤਰ੍ਹਾਂ ਦਾ ਨਸ਼ਾ ਕਰਦਾ ਹੈ, ਪਲਾਸਟਿਕ ਅਤੇ ਕੱਚ ਦੀਆਂ ਬੋਤਲਾਂ ਇੱਧਰ ਉੱਧਰ ਸੁਟਦਾ ਹੈ, ਕਚਰਾ ਫੈਲਾਉਂਦਾ ਹੈ ਤੇ ਸਰਕਾਰਾਂ ਨੂੰ ਗਾਲ਼ਾਂ ਕੱਢਦਾ ਹੈ ਕਿ ਸਰਕਾਰ ਦੇ ਪ੍ਰਬੰਧ ਬਹੁਤ ਮਾੜੇ ਹਨ ਸਹੂਲਤਾਂ ਦੀ ਬਹੁਤ ਕਮੀਂ ਹੈ।

ਜਦੋਂ ਕਿ ਇੱਕ ਟ੍ਰੈਕਰ ਜਾਂ ਘੁਮੱਕੜ ਜ਼ਿੰਮੇਵਾਰ ਨਾਗਰਿਕ,ਸੱਚਾ ਦੇਸ਼ ਭਗਤ ਅਤੇ ਕੁਦਰਤ ਦਾ ਪਿਆਰਾ ਬੱਚਾ ਹੁੰਦਾ ਹੈ।

                               ਕੁਦਰਤ ਦਾ ਸਹੀ ਅਨੰਦ ਮਾਨਣ ਲਈ ਕੁਦਰਤ ਨਾਲ ਇੱਕ ਮਿੱਕ ਹੋਣਾ ਪੈਂਦਾ ਹੈ। ਪਹਾੜਾਂ ਅਤੇ ਜੰਗਲਾਂ ਵਿੱਚ ਘੁਮਣਾ ਹੀ ਅਸਲ ਵਿੱਚ ਸਿਹਤ ਲਈ ਫਾਇਦੇਮੰਦ ਅਤੇ ਸਹੀ ਘੁੰਮਣਾਂ ਹੁੰਦਾ ਹੈ। ਬਹੁਤ ਸਾਰੇ ਲੋਕ ਪੈਦਲ ਧਾਰਮਿਕ ਯਾਤਰਾਵਾਂ ਵੀ ਕਰਦੇ ਹਨ ਜਿਵੇਂ ਅਮਰਨਾਥ ਯਾਤਰਾ, ਮਣੀਮਹੇਸ਼ ਯਾਤਰਾ, ਸ਼੍ਰੀਖੰਡ ਮਹਾਂਦੇਵ ਯਾਤਰਾ, ਕਿੰਨਰਕੈਲਾਸ਼ ਯਾਤਰਾ, ਕੈਲਾਸ਼ ਮਾਨਸਰੋਵਰ ਯਾਤਰਾ, ਬੈਜਨਾਥ, ਬਦਰੀਨਾਥ, ਹੇਮਕੁੰਟ ਸਾਹਿਬ ਯਾਤਰਾ ਅਤੇ ਹੋਰ ਵੀ ਅਨੇਕਾਂ ਹੀ ਇਸ ਤਰ੍ਹਾਂ ਦੀਆਂ ਯਾਤਰਾਵਾਂ ਵੀ ਟਰੈਕਿੰਗ ਅਤੇ ਹਾਇਕਿੰਗ ਦਾ ਹੀ ਇੱਕ ਰੂਪ ਹੈ। 

           ਅਸੀਂ ਪੂਰੀ ਦੁਨੀਆਂ ਦੀ ਗੱਲ ਕਰ ਲਈ , ਆਪਣੇ ਦੇਸ਼ ਦੀ ਗੱਲ ਹੋ ਗਈ। ਹੁਣ ਦੇਖਦੇ ਹਾਂ ਕਿ ਪੰਜਾਬ ਵਿੱਚ ਟਰੈਕਿੰਗ ਅਤੇ ਹਾਇਕਿੰਗ ਦਾ ਖੇਤਰ ਕਿਨਾਂ ਕੂ ਵਿਸ਼ਾਲ ਹੈ। ਇਸ ਲਈ ਸਭ ਤੋਂ ਪਹਿਲਾਂ ਪੰਜਾਬ ਦੇ ਭੂਗੋਲ ਦਾ ਅਧਿਐਨ ਕਰਨਾ ਪਵੇਗਾ। ਪੰਜਾਬ ਇੱਕ ਖੁਸ਼ਹਾਲ ਅਤੇ ਉਪਜਾਊ ਧਰਤੀ ਦਾ ਇਲਾਕਾ ਹੈ, ਜਿੱਥੇ ਦਾ ਲੱਗਭਗ 95% ਖੇਤਰ ਮੈਦਾਨੀ ਹੈ। ਟਰੈਕਿੰਗ ਅਤੇ ਹਾਇਕਿੰਗ ਲਈ ਸਭ ਤੋਂ ਪਹਿਲਾਂ ਜੰਗਲਾਂ ਅਤੇ ਪਹਾੜਾਂ ਦੀ ਲੋੜ ਪੈਂਦੀ ਹੈ। ਪੰਜਾਬ ਦੇ ਤਿੰਨ ਜ਼ਿਲ੍ਹਿਆਂ ਰੂਪਨਗਰ, ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਨਾਲ ਸ਼ਿਵਾਲਿਕ ਪਹਾੜੀਆਂ ਲੱਗਦੀਆਂ ਹਨ ਤੇ ਇਹਨਾਂ ਦੇ ਵਿੱਚ ਹੀ ਪੰਜਾਬ ਦੇ ਜੰਗਲ ਪਾਏ ਜਾਂਦੇ ਹਨ। ਜਿਹਨਾਂ ਦੇ ਵਿੱਚ ਟਰੈਕਿੰਗ ਅਤੇ ਹਾਇਕਿੰਗ ਅਡਵੈਂਚਰ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਹਨ। ਰੂਪਨਗਰ ਅਤੇ ਪਠਾਨਕੋਟ ਵਾਰੇ ਮੇਰੇ ਕੋਲ ਜ਼ਿਆਦਾ ਜਾਣਕਾਰੀ ਨਹੀਂ ਹੈ। ਪਰ ਹਾਂ ਮੈਂ ਅਤੇ ਮੇਰੇ ਦੋਸਤਾਂ ਦੁਆਰਾ ਹੁਸ਼ਿਆਰਪੁਰ ਵਿੱਚ ਜ਼ਰੂਰ ਪਿਛਲੇ ਪੰਜ ਛੇ ਸਾਲਾਂ ਤੋਂ ਟਰੈਕਿੰਗ ਅਤੇ ਹਾਇਕਿੰਗ ਸੰਬੰਧੀ  ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਅਸੀਂ ਹਰ ਐਤਵਾਰ ਨੂੰ ਸਵੇਰੇ  ਹੁਸ਼ਿਆਰਪੁਰ ਦੇ ਨਾਲ ਲੱਗਦੇ ਸ਼ਿਵਾਲਿਕ ਖੇਤਰ ਵਿੱਚ ਸਾਹਸਿਕ ਗਤੀਵਿਧੀਆਂ ਲਈ ਜਾਂਦੇ ਹਨ ਅਤੇ ਇਸ ਦੇ ਨਾਲ ਨਾਲ ਲੋਕਾਂ ਨੂੰ ਕੁਦਰਤ ਦੀ ਸੰਭਾਲ ਲਈ ਪ੍ਰੇਰਿਤ ਕਰਨਾ, ਨਵੇਂ ਪੌਦੇ ਲਗਾਉਣੇ ਅਤੇ ਸਫ਼ਾਈ ਅਭਿਆਨ ਚਲਾਉਣ ਵਰਗੇ ਕੰਮ ਵੀ ਕਰਦੇ ਹਾਂ।

              ਪੰਜਾਬ ਦੀ ਸਭ ਤੋਂ ਵੱਧ ਜੰਗਲੀ ਸੰਪਤੀ ਹੁਸ਼ਿਆਰਪੁਰ ਵਿੱਚ ਹੀ ਪਾਈ ਜਾਂਦੀ ਹੈ। ਕਿਉਂਕਿ ਹੁਸ਼ਿਆਰਪੁਰ ਦਾ ਸਾਰਾ ਹੀ ਹਿਮਾਚਲ ਪ੍ਰਦੇਸ਼ ਨਾਲ ਲੱਗਦਾ ਕੱਢੀ ਖੇਤਰ ਪਹਾੜੀਆਂ ਅਤੇ ਜੰਗਲਾਂ ਨਾਲ ਘਿਰਿਆ ਹੋਇਆ ਹੈ। ਇਸ ਖੇਤਰ ਵਿੱਚ 10-11 ਡੈਮ ਹਨ , ਜਿੱਥੇ ਖੱਡਾਂ ਵਿੱਚ ਸਾਫ਼ ਪਾਣੀ ਸਾਰਾ ਸਾਲ ਚਲਦਾ ਰਹਿੰਦਾ ਹੈ। ਜੰਗਲਾਂ ਵਿੱਚ ਤਰ੍ਹਾਂ ਤਰ੍ਹਾਂ ਦੀ ਬਨਸਪਤੀ ਅਤੇ ਪੇੜ ਪੌਦੇ ਪਾਏ ਜਾਂਦੇ ਹਨ। ਅਨੇਕਾਂ ਹੀ ਕਿਸਮਾਂ ਦੇ ਜੰਗਲੀ ਜਾਨਵਰ ਅਤੇ ਪੰਛੀ ਵੀ ਦੇਖਣ ਨੂੰ ਮਿਲਦੇ ਹਨ। ਇੱਥੇ ਮੌਜੂਦ ਪਿੰਡਾਂ ਦੇ ਲੋਕਾਂ ਜੀਵਨ ਬਹੁਤ ਹੀ ਸਾਦਾ ਤੇ ਸੁੱਖ ਸਹੂਲਤਾਂ ਤੋਂ ਵਾਂਝਾ ਹੈ। ਜ਼ਿਆਦਾਤਰ ਲੋਕ ਖੇਤੀ ਅਤੇ ਪਸ਼ੂ ਪਾਲਣ ਦਾ ਕੰਮ ਕਰਦੇ ਹਨ। ਇਹ ਸਾਰਾ ਕੰਢੀ ਖੇਤਰ ਬਹੁਤ ਹੀ ਪਿਛੜਿਆ ਹੋਇਆ ਹੈ। ਇਹਨਾਂ  ਸ਼ਿਵਾਲਿਕ ਪਹਾੜਾਂ ਅਤੇ ਜੰਗਲਾਂ ਵਿੱਚ 40 ਤੋਂ ਵੱਧ ਪਗਡੰਡੀਆਂ ਅਤੇ ਰਸਤੇ ਮਿਲਦੇ ਹਨ। ਜਿਹਨਾਂ ਨੂੰ ਭਵਿੱਖ ਵਿੱਚ ਸੈਰ ਸਪਾਟੇ ਲਈ ਵਿਕਸਿਤ ਕਰਨ ਵੱਲ ਧਿਆਨ ਦੇਣ ਦੀ ਲੋੜ । ਇੱਥੇ ਸੈਰ ਸਪਾਟੇ ਦੀਆਂ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ ਜਿਵੇਂ ਟਰੈਕਿੰਗ, ਹਾਇਕਿੰਗ, ਅਡਵੈਂਚਰ ਗਤੀਵਿਧੀਆਂ, ਆਫਰੋਡਿੰਗ, ਜੰਗਲ ਸਫਾਰੀ ਅਤੇ ਪਿਕਨਿਕ ਸਪਾਟ ਵਿਕਸਿਤ ਕਰਨੇ । ਪੰਜਾਬ ਦੇ ਬਾਕੀ ਜ਼ਿਲ੍ਹਿਆਂ ਤੋਂ ਸੈਰ ਸਪਾਟੇ ਅਤੇ ਕੁਦਰਤੀ ਗਤੀਵਿਧੀਆਂ ਦੇ ਸ਼ੌਕੀਨ, ਘੁੰਮਣ ਫਿਰਨ ਲਈ ਅਤੇ ਟਰੈਕਿੰਗ ਲਈ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਹਨ,

No comments:

Post a Comment