Monday 22 August 2022

ਹਾਇਕਿੰਗ ਆਖਿਰ ਹੁੰਦੀ ਕੀ ਹੈ

 #ghumakkarnama #htchoshiarpur #trekking #hiking #punjab #india 


ਟਰੈਕਿੰਗ ਅਤੇ ਹਾਇਕਿੰਗ (ਕੁਦਰਤ ਦੇ ਵਿੱਚ ਲੰਮੀ ਪੈਦਲ ਯਾਤਰਾ)


ਭਾਗ ਪਹਿਲਾ :-  ਪਹਿਲੇ ਭਾਗ ਵਿੱਚ ਅਸੀਂ ਜਾਣਾਂਗੇ ਕੇ ਟਰੈਕਿੰਗ ਅਤੇ ਹਾਇਕਿੰਗ ਆਖਿਰ ਹੁੰਦੀ ਕੀ ਹੈ ਅਤੇ ਇਸ ਦੀ ਮਹੱਤਤਾ ਕੀ ਹੈ। ਇਸ ਵਾਰੇ ਬਹੁਤੇ ਲੋਕ ਘੱਟ ਹੀ ਜਾਣਦੇ ਹਨ ਅਤੇ ਕਈ ਲੋਕਾਂ ਨੇ ਇਹ ਸ਼ਬਦ ਹੀ ਪਹਿਲੀ ਵਾਰ ਸੁਣਿਆ ਹੋਵੇਗਾ ਅਤੇ ਅਗਰ ਕਿਸੇ ਨੇ ਸੁਣਿਆਂ ਵੀ ਹੋਵੇਗਾ ਤਾਂ ਉਹ ਇਸ ਵਾਰੇ ਜ਼ਿਆਦਾ ਕੁਝ ਨਹੀਂ ਜਾਣਦੇ ਹੋਣਗੇ। ਅੱਜ ਇਸੇ ਵਿਸ਼ੇ ਤੇ ਵਿਸਥਾਰ ਨਾਲ ਅਤੇ ਤੱਥਾਂ ਦੇ ਆਧਾਰ ਤੇ ਗੱਲਬਾਤ ਕਰਦੇ ਹਾਂ। 

           ਸਭ ਤੋਂ ਪਹਿਲੀ ਗੱਲ ਇਹ ਕਿ ਟਰੈਕਿੰਗ ਅਤੇ ਹਾਇਕਿੰਗ ਸੈਰ ਕਰਨ ਜਾਂ ਪੈਦਲ ਤੁਰਨ ਦਾ ਹੀ ਇੱਕ ਰੂਪ ਹੈ। ਅਗਰ ਤੁਸੀਂ ਕਿਸੀ ਗਰਾਉਂਡ ਜਾਂ ਰਸਤੇ ਤੇ ਤੁਰਦੇ ਹੋ ਤਾਂ ਉਸਨੂੰ ਸਵੇਰ ਦੀ ਸੈਰ ਜਾਂ ਸ਼ਾਮ ਦੀ ਸੈਰ ਕਿਹਾ ਜਾਂਦਾ ਹੈ। ਪਰ ਜਦੋਂ ਅਸੀਂ ਕਿਸੇ ਜੰਗਲੀ , ਪਹਾੜੀ ਜਾਂ ਕੁਦਰਤੀ ਇਲਾਕੇ ਵਿੱਚ ਬਣੀਆਂ ਉੱਚੀਆਂ - ਨੀਵੀਆਂ, ਟੇਢੀਆਂ - ਮੇਢੀਆਂ ਪਗਡੰਡੀਆਂ , ਰਸਤਿਆਂ ਉਪਰ ਲੰਮੀ ਪੈਦਲ ਯਾਤਰਾ ਕਰਦੇ ਹਾਂ ਤਾਂ ਇਸ ਨੂੰ ਟਰੈਕਿੰਗ ਕਿਹਾ ਜਾਂਦਾ ਹੈ। ਤੇ ਟਰੈਕਿੰਗ ਕਰਦੇ ਹੋਏ ਜਦੋਂ ਅਸੀਂ ਕੋਈ ਚੜਾਈ ਚੜਦੇ ਹਾਂ ਜਾਂ ਉੱਚੀ ਪਹਾੜੀ, ਚੋਟੀ ਉਪਰ ਚੜਦੇ ਹਾਂ ਤਾਂ ਉਸਨੂੰ ਹਾਇਕਿੰਗ ਕਿਹਾ ਜਾਂਦਾ ਹੈ। ਕਲਿੰਬਰਿੰਗ ਵੀ ਇਸੇ ਦਾ ਹੀ ਇੱਕ ਰੂਪ ਹੈ , ਇਸ ਵਿੱਚ ਬਹੁਤ ਉੱਚੀ ਪਹਾੜੀ, ਚੋਟੀ ਉਪਰ ਰੱਸੀਆਂ ਅਤੇ ਹੁੱਕਾਂ ਦੀ ਸਹਾਇਤਾ ਨਾਲ ਚੜਿਆ ਜਾਂਦਾ ਹੈ। ਪਰ ਇਸ ਲਈ ਬਹੁਤ ਖਾਸ ਟ੍ਰੇਨਿੰਗ ਅਤੇ ਸੁਰੱਖਿਆ ਸਾਧਨਾਂ ਦੀ ਲੋੜ ਪੈਂਦੀ ਹੈ। 

                ਟਰੈਕਿੰਗ ਅਤੇ ਹਾਇਕਿੰਗ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੀ ਇੱਕ ਖੇਡ ਗਤੀਵਿਧੀ ਜਾਂ ਅਡਵੈਂਚਰ ਭਰਪੂਰ ਕੰਮ ਹੈ। ਜੋ ਅਸੀਂ ਕੁਦਰਤ ਦੇ ਬਹੁਤ ਨੇੜੇ ਹੋ ਕੇ ਕਰਦੇ ਹਾਂ। ਅੱਜ ਦੁਨੀਆਂ ਭਰ ਦੇ ਕੁਦਰਤ ਪ੍ਰੇਮੀ ਅਤੇ ਪਰਬਤਾਂ ਰੋਹੀ ਸੰਸਾਰ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਹਿ ਕਰਨ ਵਿੱਚ ਲੱਗੇ ਹੋਏ ਹਨ, ਮਾਉੰਟ ਏਵਰੇਸਟ ਦੇ ਉਪਰ ਤਾਂ ਟ੍ਰੈਫਿਕ ਜਾਮ ਹੋ ਚੁੱਕਾ ਹੈ ਪਰਬਤਾਂ ਰੋਹੀ ਆਪਣੀ ਵਾਰੀ ਦੀ ਉਡੀਕ ਵਿੱਚ ਚਾਰ - ਚਾਰ , ਪੰਜ -  ਪੰਜ ਸਾਲਾਂ ਤੋਂ ਲਾਇਨ ਵਿੱਚ ਲੱਗੇ ਹੋਏ ਹਨ। ਇਹ ਵੀ ਟਰੈਕਿੰਗ ਅਤੇ ਹਾਇਕਿੰਗ ਦਾ ਹੀ ਜ਼ਨੂੰਨ ਹੈ। ਇੱਥੇ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਟਰੈਕਿੰਗ ਅਤੇ ਹਾਇਕਿੰਗ ਹਰ ਕੋਈ ਨਹੀਂ ਕਰ ਸਕਦਾ ਲੱਖਾਂ ਲੋਕਾਂ ਵਿੱਚੋਂ ਇੱਕ ਦੋ ਪ੍ਰਤੀਸ਼ਤ ਹੀ ਇਹ ਹੌਸਲਾ ਕਰ ਸਕਦੇ ਹਨ। ਕਿਉਂਕਿ ਇਹ ਇੱਕ ਸ਼ੌਕ ਹੈ ਰੁਚੀ ਹੈ ਹਿੰਮਤ ਭਰਿਆ ਸਾਹਸਿਕ ਕੰਮ ਹੈ। ਜਿਵੇਂ ਬਹੁਤ ਸਾਰੇ ਲੋਕਾਂ ਨੂੰ ਪੇਂਟਿੰਗ ਕਰਨਾ,ਡਾਂਸ ਕਰਨਾ, ਗਾਣਾ ਗਾਉਣਾ, ਕਹਾਣੀ ਕਵਿਤਾ ਲਿਖਣਾ, ਖਾਣਾ ਬਨਾਉਣਾ, ਸਾਇਕਲਿੰਗ ਕਰਨਾ, ਸੈਰ ਸਪਾਟਾ ਕਰਨਾ ਆਦਿ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਹੀ ਟਰੈਕਿੰਗ ਅਤੇ ਹਾਇਕਿੰਗ ਵੀ ਸਿਰਫ਼ ਉਹ ਹੀ ਕਰ ਸਕਦਾ ਹੈ ਜਿਸਨੂੰ ਇਸ ਵਿੱਚ ਦਿਲਚਸਪੀ ਹੋਵੇ । ਟਰੈਕਿੰਗ ਨੂੰ ਅਸੀਂ ਨੇਚਰ ਵਾਕ ਵੀ ਕਹਿ ਸਕਦੇ ਹਾਂ। ਇਸੇ ਲਈ ਦੁਨੀਆ ਭਰ ਦੇ ਡਾਕਟਰ ਅਤੇ ਮਨੋਵਿਗਿਆਨੀ ਆਪਣੇ ਮਰੀਜ਼ਾਂ ਨੂੰ ਕਿਸੀ ਕੁਦਰਤੀ ਥਾਂ, ਹਿੱਲ ਸਟੇਸ਼ਨ, ਜੰਗਲੀ ਜਾਂ ਪਹਾੜੀ ਇਲਾਕਿਆਂ ਵਿੱਚ ਜਾ ਕੇ ਕੁਝ ਦਿਨ ਰਹਿਣ ਅਤੇ ਘੁੰਮਣ ਫਿਰਨ ਦੀ ਸਲਾਹ ਦਿੰਦੇ ਹਨ। ਕਿਉਂਕਿ ਦਿਲ ਅਤੇ ਦਿਮਾਗ ਨੂੰ ਜੋ ਖੁਸ਼ੀ ਅਤੇ ਤਾਜ਼ਗੀ ਕੁਦਰਤ ਦੇ ਸਕਦੀ ਹੈ ਹੋਰ ਕੋਈ ਨਹੀਂ, ਜੋ ਇਲਾਜ ਕੁਦਰਤ ਦੇ ਕੋਲ ਹੈ ਉਹ ਦੁਨੀਆਂ ਦੇ ਕਿਸੇ ਵੀ ਡਾਕਟਰ ਕੋਲ ਨਹੀਂ ਹੈ। ਕੁਦਰਤ ਦੇ ਵਿੱਚ ਘੁੰਮਣਾ ਫਿਰਨਾ ਸਾਨੂੰ ਰੋਜ਼ ਦੀ ਦੌੜਭੱਜ,ਤਨਾਵ,ਅਵਸਾਦ ਅਤੇ ਚਿੰਤਾਵਾਂ ਤੋਂ ਨਿਜਾਤ ਦਿਵਾਉਣ ਵਿੱਚ ਬਹੁਤ ਸਹਾਈ ਹੁੰਦਾ ਹੈ। ਕਈ ਅਨੁਭਵਾਂ ਤੋਂ ਸਿੱਧ ਹੋਇਆ ਹੈ ਕਿ ਇੱਕ ਥਾਂ ਬੈਠ ਕੇ ਕੰਮ ਕਰਨ ਵਾਲਿਆਂ ਨਾਲੋਂ ਘੁੰਮਣ ਫਿਰਨ ਵਾਲੇ ਜਿਆਦਾ ਖੁਸ਼ ਰਹਿੰਦੇ ਹਨ। ਅੱਜ ਕੱਲ੍ਹ ਪੁਰੀ ਦੁਨੀਆਂ ਵਿੱਚ ਹੈਪੀਨੈਸ ਥਰੈਪੀ ਵੀ ਬਹੁਤ ਪ੍ਰਸਿੱਧ ਹੋ ਰਹੀ ਹੈ ਜਿਸ ਵਿਚ ਆਪਣੀ ਚਿੰਤਾ ਅਤੇ ਤਨਾਵ ਨੂੰ ਦੂਰ ਕਰਨ ਲਈ ਕਿਸੇ ਕੁਦਰਤੀ ਸਥਾਨ ਤੇ ਜਾ ਕੇ ਨੇਚਰ ਵਾਕ ਕਰਨ, ਪਹਾੜਾਂ, ਜੰਗਲਾਂ ਦੇ ਨਜ਼ਾਰੇ ਦੇਖਣ, ਨਦੀਆਂ, ਝਰਨਿਆਂ ਦਾ ਆਨੰਦ ਮਾਨਣ ਅਤੇ ਰੁੱਖਾਂ ਨਾਲ ਗੱਲਵਕੜੀ ਪਾ ਕੇ ਗੱਲਾਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਬਹੁਤ ਸਾਰੀਆਂ ਖੋਜਾਂ ਤੋਂ ਇਹ ਸਿੱਧ ਹੋਇਆ ਹੈ ਕਿ ਜਿਹੜੇ ਲੋਕ ਕੁਦਰਤ ਦੇ ਨੇੜੇ ਰਹਿੰਦੇ ਹਨ ਉਹ ਬਾਕੀਆਂ ਨਾਲੋਂ ਕਿਤੇ ਜ਼ਿਆਦਾ ਖੁਸ਼ ਅਤੇ ਸਿਹਤਮੰਦ ਹੁੰਦੇ ਹਨ। ਹਰ ਕੋਈ ਆਪਣੇ ਘਰਾਂ ਵਿੱਚ ਸੁੰਦਰ ਕੁਦਰਤੀ ਨਜ਼ਾਰਿਆਂ ਦੀਆਂ ਤਸਵੀਰਾਂ ਅਤੇ ਪੇਂਟਿੰਗ ਲਗਾਉਂਦਾ ਹੈ। ਸੋਚੋ ਅਗਰ ਉਹੀ ਤਸਵੀਰ ਅਸਲ ਵਿੱਚ ਸੱਚਮੁੱਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਵੇ ਤਾਂ ਕਿੰਨਾ ਅਨੰਦਾਇਕ ਹੋਵੇਗਾ। ਇਸੇ ਲਈ ਕਿਹਾ ਜਾਂਦਾ ਹੈ ਕਿ ਕਿਸੇ ਜਿੰਮ ਦੀ ਚਾਰਦੀਵਾਰੀ ਅੰਦਰ ਏ.ਸੀ ਲਗਾ ਕੇ ਕਸਰਤ ਕਰਨ ਨਾਲੋਂ ਕੁਦਰਤੀ ਥਾਵਾਂ ਤੇ ਖੁੱਲੇ ਵਾਤਾਵਰਨ ਵਿਚ ਪੈਦਲ ਘੁੰਮ ਕੇ ਪਸੀਨਾ ਵਹਾਉਣਾਂ ਕਿਤੇ ਵੱਧ ਫਾਇਦੇਮੰਦ ਹੁੰਦਾ ਹੈ। ਇੱਕ ਲੰਮੀ ਪੈਦਲ ਯਾਤਰਾ ਜਾਂ ਚੁਨੌਤੀ ਪੂਰਨ ਪਹਾੜ ਦੀ ਚੜਾਈ ਕੁਦਰਤ ਵਿੱਚ ਕੀਤੀ ਜਾਣ ਵਾਲੀ ਸ਼ਕਤੀਸ਼ਾਲੀ ਕਾਰਡੀਓ ਕਸਰਤ ਹੈ। 

                  ਅੱਜ ਦੁਨੀਆਂ ਭਰ ਵਿੱਚ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਇਹਨਾਂ ਕੁਦਰਤੀ ਗਤੀਵਿਧੀਆਂ ਨੂੰ ਸੈਰ ਸਪਾਟੇ ਨਾਲ ਜੋੜ ਕੇ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹਨ। ਯੂਰਪ ਦੇ ਤਾਂ ਸਾਰੇ ਹੀ ਦੇਸ਼ਾਂ ਦੀ ਰੋਜ਼ੀ ਰੋਟੀ ਸੈਰ ਸਪਾਟੇ ਅਤੇ ਆਪਣੀ ਕੁਦਰਤੀ ਖ਼ੂਬਸੂਰਤੀ ਉਪਰ ਟਿਕੀ ਹੋਈ ਹੈ। ਪੂਰੀ ਦੁਨੀਆ ਤੋਂ ਲੋਕੀ ਇੱਥੇ ਘੁੰਮਣ ਫਿਰਨ ਅਤੇ ਸਾਹਸਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਆਉਂਦੇ ਹਨ, ਜਿਹਨਾਂ ਵਿੱਚੋਂ ਟਰੈਕਿੰਗ ਅਤੇ ਪਹਾੜਾਂ ਉਪਰ ਚੜ੍ਹਨਾਂ ਪ੍ਰਮੁੱਖ ਹੈ। ਜਾਪਾਨ ਅਤੇ ਹੋਰ ਕਈ ਵਿਕਸਿਤ ਦੇਸ਼ ਆਪਣੇ ਕਰਮਚਾਰੀਆਂ ਨੂੰ ਪਰਿਵਾਰ ਸਮੇਤ ਜੰਗਲਾਂ, ਪਹਾੜਾਂ ਵਿੱਚ ਘੁੰਮਣ ਫਿਰਨ , ਕੈਂਪਿੰਗ ਕਰਨ ਅਤੇ ਕੁਦਰਤ ਨਾਲ ਜੁੜਣ ਲਈ ਵਿਸ਼ੇਸ਼ ਪੈਕੇਜ , ਛੁੱਟੀਆਂ ਅਤੇ ਆਰਥਿਕ ਸਹਾਇਤਾ ਦੇ ਰਹੇ ਹਨ ਤਾਂ ਜੋ ਉਹ ਤਨਾਅ ਮੁਕਤ ਰਹਿਣ ਅਤੇ ਉਹਨਾਂ ਦੇ ਕੰਮ ਕਰਨ ਦੀ ਕੁਸ਼ਲਤਾ ਵਿਚ ਵਾਧਾ ਹੋ ਸਕੇ। ਯੂਰਪ ਦੇ ਸਭ ਤੋਂ ਖੁਸ਼ਹਾਲ ਦੇਸ਼ ਸਵਿਟਜ਼ਰਲੈਂਡ ਅਤੇ ਨੌਰਵੇ ਆਪਣੇ ਲੋਕਾਂ ਨੂੰ ਵੱਧ ਤੋਂ ਵੱਧ ਕੁਦਰਤ ਦੇ ਨੇੜੇ ਰਹਿਣ, ਟਰੈਕਿੰਗ ਕਰਨ ਅਤੇ ਆਪਣੇ ਕੁਦਰਤੀ ਸਾਧਨਾਂ ਦੀ ਵੱਧ ਤੋਂ ਵੱਧ ਸਾਂਭ ਸੰਭਾਲ ਲਈ ਪ੍ਰੇਰਿਤ ਕਰਦੇ ਹਨ। ਇਸੇ ਲਈ ਉੱਥੇ ਦੇ 500 ਤੋਂ ਵੱਧ ਸਕੂਲ ਜੰਗਲਾਂ ਵਿੱਚ ਬਣਾਏ ਗਏ ਹਨ ਤਾਂ ਜੋ ਬੱਚੇ ਕੁਦਰਤ ਦੇ ਵਿੱਚ ਰਹਿ ਕੇ ਜ਼ਿਆਦਾ ਚੰਗੀ ਤਰ੍ਹਾਂ ਸਿੱਖ ਸਕਣ।  ਇੰਟਰਨੈਸ਼ਨਲ ਸਪੋਰਟਸ ਮੈਡੀਸਿਨ ਦੇ ਅਧਿਅਨ ਵਿੱਚ ਪਾਇਆ ਗਿਆ ਹੈ ਕਿ ਕੁਦਰਤ ਵਿੱਚ ਕੀਤੀ ਗਈ ਲੰਮੀ ਦੂਰੀ ਦੀ ਪੈਦਲ ਯਾਤਰਾ ਸਾਡੀ ਰੋਗਾਂ ਨਾਲ ਲੜਨ ਵਾਲੀ ਐਂਟੀਆਕਸੀਡੇਂਟ ਤਾਕਤ ਵਿੱਚ ਬਹੁਤ ਸੁਧਾਰ ਕਰਦੀ ਹੈ।


ਭਾਗ ਦੂਜਾ :-  ਆਪਣੇ ਦੇਸ਼ ਭਾਰਤ ਵਿੱਚ ਟਰੈਕਿੰਗ ਅਤੇ ਹਾਇਕਿੰਗ ਦੀਆਂ ਸੰਭਾਵਨਾਵਾਂ

            ਅਗਰ ਅਸੀਂ ਆਪਣੇ ਦੇਸ਼ ਭਾਰਤ ਦੀ ਗੱਲ ਕਰੀਏ ਤਾਂ ਸਾਡੀ ਸੱਭਿਅਤਾ ਪੂਰੀ ਦੁਨੀਆ ਵਿੱਚ ਸਭ ਤੋਂ ਪੁਰਾਣੀ ਸੱਭਿਅਤਾ ਹੈ ਸਾਡੇ ਸਾਰੇ ਧਰਮ ਹਜ਼ਾਰਾਂ ਲੱਖਾਂ ਸਾਲਾਂ ਤੋਂ ਕੁਦਰਤ ਨਾਲ ਜੁੜੇ ਹੋਏ ਹਨ ਅਸੀਂ ਤਾਂ ਕੁਦਰਤ ਦੇ ਹਰ ਰੂਪ ਪਸ਼ੂਆਂ ਪੰਛੀਆਂ, ਨਦੀਆਂ, ਪਹਾੜਾਂ ਅਤੇ ਝੀਲਾਂ ਦੀ ਸਦੀਆਂ ਤੋਂ ਪੂਜਾ ਕਰਦੇ ਆਏ ਹਾਂ ਤੇ ਅੱਜ ਵੀ ਕਰਦੇ ਹਾਂ। ਸਾਡੇ ਪੂਰਵਜ ਸ਼ੁਰੂ ਤੋਂ ਹੀ ਘੁਮੱਕੜ ਸੁਭਾਅ ਦੇ ਰਹੇ ਹਨ। ਕੰਮ ਕਿੱਤੇ ਦੀ ਭਾਲ ਵਿੱਚ ਜਾਂ ਹੋਰ ਕਿਸੇ ਕਾਰਨਾਂ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਹੀ ਰਹੇ ਹਨ।  ਸਾਡੇ ਗੁਰੂਆਂ, ਰਿਸ਼ੀਆਂ ਮੁਨੀਆਂ, ਪੀਰਂ ਫ਼ਕੀਰਾਂ, ਤਪੱਸਵੀਆਂ, ਧਾਰਮਿਕ ਆਗੂਆਂ ਨੇ ਜੰਗਲਾਂ ਅਤੇ ਪਹਾੜਾਂ ਵਿੱਚ ਕੁਦਰਤ ਦੇ ਨੇੜੇ ਰਹੇ ਕੇ ਹੀ ਸਾਧਨਾਂ ਅਤੇ ਭਗਤੀ ਕੀਤੀ ਹੈ ਤੇ ਗਿਆਨ ਪ੍ਰਾਪਤ ਕਰਕੇ ਲੋਕਾਂ ਵਿੱਚ ਵੰਡਿਆ ਹੈ। ਮਿਸਾਲ ਦੇ ਤੌਰ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਹੀ ਲੈ ਲਵੋ, ਉਹਨਾਂ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਟ੍ਰੈਕਰ ਕਿਹਾ ਜਾ ਸਕਦਾ ਹੈ। ਉਹਨਾਂ ਨੇ ਆਪਣੇ ਦੇਸ਼ ਦੇ ਕੋਨੇ ਕੋਨੇ ਤੋਂ ਇਲਾਵਾ ਦੂਰ ਦੂਰ ਦੇ ਹੋਰ ਵੀ ਕਈ ਦੇਸ਼ਾਂ ਵਿੱਚ ਚਾਰ ਪੈਦਲ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਕੁਦਰਤ ਨਾਲ ਜੁੜੇ ਰਹਿ ਕੇ ਰੱਬ ਦਾ ਨਾਂ ਲੈਣ ਦਾ ਸੰਦੇਸ਼ ਦਿੱਤਾ ਹੈ। ਅੱਜ ਅਸੀਂ ਵੀ ਉਹਨਾਂ ਦੀਆਂ ਪਾਈਆਂ ਹੋਈਆਂ ਲੀਹਾਂ ਤੇ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂ। 

        ਸਾਡੇ ਦੇਸ਼ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇੱਥੇ ਕੁਦਰਤ ਦੀ ਅਪਾਰ ਕਿਰਪਾ ਹੈ। ਜਿੱਥੇ ਇੱਕ ਪਾਸੇ ਸ਼ਿਵਾਲਿਕ , ਧੌਲਾਧਾਰ , ਪੀਰ ਪੰਜਾਲ ਅਤੇ ਹਿਮਾਲਿਆ ਪਰਬਤਾਂ ਦੀ ਹਜ਼ਾਰਾਂ ਕਿਲੋਮੀਟਰ ਲੰਬੀ ਲੜੀ ਹੈ ਦੂਜੇ ਪਾਸੇ ਖੁਸ਼ਹਾਲ ਹਰੇ ਭਰੇ ਮੈਦਾਨ ਅਤੇ ਜੰਗਲ ਹਨ ਜਿਹਨਾਂ ਵਿਚ ਅਨੇਕਾਂ ਹੀ ਨਦੀਆਂ ਅਤੇ ਝੀਲਾਂ ਮੌਜੂਦ ਹਨ। ਇਹਨਾਂ ਵਿੱਚ ਸਥਿਤ ਪੁਰਾਣੇ ਪਿੰਡਾਂ, ਮੰਦਿਰਾਂ, ਝੀਲਾਂ ਅਤੇ ਉਚੀਆਂ ਚੋਟੀਆਂ ਤੱਕ ਜਾਣ ਵਾਲੀਆਂ ਅਣਗਿਣਤ ਪਗਡੰਡੀਆਂ ਅਤੇ ਰਸਤੇ ਹਨ। ਜਿਹਨਾਂ ਦੇ ਉਪਰ ਟਰੈਕਿੰਗ ਦੇ ਸ਼ੌਕੀਨ ਲੋਕ ਅਕਸਰ ਘੁੰਮਦੇ ਮਿਲ ਜਾਂਦੇ ਹਨ। ਵੈਸੇ ਤਾਂ ਭਾਰਤ ਦੇ ਹਰ ਰਾਜ ਵਿੱਚ ਵੱਖ ਵੱਖ ਤਰ੍ਹਾਂ ਦੇ ਟ੍ਰੈਕ ਮਿਲ ਜਾਂਦੇ ਹਨ ਪਰ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਟਰੈਕਿੰਗ ਲਈ ਅਨੇਕਾਂ ਹੀ ਖੂਬਸੂਰਤ ਅਤੇ ਰੋਮਾਂਚਕ ਟ੍ਰੈਕ ਮੌਜੂਦ ਹਨ। ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚ ਰਹੇ ਹਨ। 

                 ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੰਮੂ ਕਸ਼ਮੀਰ ਦੇ ਕੁਝ ਖਾਸ ਟ੍ਰੈਕਸ ਵਾਰੇ ਜਿਹਨਾਂ ਵਿੱਚੋਂ ਦਾ ਗ੍ਰੇਟ ਲੇਕਸ ਟ੍ਰੈਕ, ਟਰਸਰ ਮਰਸਰ ਟ੍ਰੈਕ, ਨਾਰੰਗ ਮਹਲੀਸ਼ ਟ੍ਰੈਕ, ਕੋਲਾਹੋਈ ਗਲੇਸ਼ੀਅਰ ਟ੍ਰੈਕ ਅਤੇ ਸੋਨਮਰਗ ਵਿਸ਼ਾਨਸਰ ਪ੍ਰਮੁੱਖ ਹਨ। ਜੰਮੂ ਕਸ਼ਮੀਰ ਦੀ ਖ਼ੂਬਸੂਰਤੀ ਯੂਰਪ ਦੇ ਕਿਸੇ ਵੀ ਦੇਸ਼ ਨਾਲੋਂ ਘੱਟ ਨਹੀਂ ਹੈ।

                ਫਿਰ ਵਾਰੀ ਆਉਂਦੀ ਹੈ ਹਿਮਾਚਲ ਪ੍ਰਦੇਸ਼ ਦੀ ਇੱਥੋਂ ਦੇ ਜੰਗਲਾਂ,ਘਾਹ ਦੇ ਮੈਦਾਨਾਂ, ਧੌਲਾਧਾਰ ਅਤੇ ਪੀਰ ਪੰਜਾਲ ਪਹਾੜੀਆਂ ਵਿੱਚ ਬਹੁਤ ਸਾਰੇ ਪੁਰਾਣੇ ਪਿੰਡ, ਝੀਲਾਂ,ਝਰਨੇ ਅਤੇ ਪੁਰਾਣੇ ਮੰਦਿਰ ਮੌਜੂਦ ਹਨ ਜਿਨ੍ਹਾਂ ਤੱਕ ਪਹੁੰਚਣ ਲਈ ਇੱਕ ਤੋਂ ਵੱਧ ਇੱਕ ਸੋਹਣੇ ਟ੍ਰੈਕ ਮਿਲਦੇ ਹਨ ਜਿਵੇਂ ਧਰਮਸ਼ਾਲਾ ਦੇ ਮੈਕਲੋਡਗੰਜ ਤੋਂ ਚੰਬਾ ਭਰਮੌਰ ਨੂੰ ਤਿੰਨ ਦਿਨ ਦਾ ਟ੍ਰੈਕ ਜਾਂਦਾ ਹੈ ਜੋ ਸਭ ਤੋਂ ਪਹਿਲਾਂ ਟਰਿਉਂਡ ਫਿਰ ਸਨੋਲਾਇਨ,ਲਾਕਾ ਹੁੰਦੇ ਹੋਏ ਇੰਦਰਹਾਰ ਪਾਸ ਨੂੰ ਪਾਰ ਕਰਕੇ ਚੰਬਾ ਜਾ ਨਿਕਲਦਾ ਹੈ, ਇਸ ਤੋਂ ਇਲਾਵਾ ਧਰਮਸ਼ਾਲਾ ਵਿੱਚ ਹੀ ਕਰੇਰੀ ਝੀਲ ਤੇ ਮਿਨਕਿਆਨੀ ਪਾਸ ਟ੍ਰੈਕ ਅਤੇ ਥਥਰਾਨਾ ਟ੍ਰੈਕ ਮਸ਼ਹੂਰ ਹਨ। ਚੰਬਾ ਵਿੱਚ ਮਨੀ ਮਹੇਸ਼, ਕੁਗਤੀ ਪਾਸ ਅਤੇ ਬੜਾ ਭੰਗਾਲ ਟ੍ਰੈਕ ਮਿਲਦੇ ਹਨ। ਬਰੋਟ ਵੈਲੀ ਵਿੱਚ ਧਮਸਰ ਪਾਸ ਅਤੇ ਡੈਨਾਸਰ ਝੀਲ ਟ੍ਰੈਕ ਮੌਜੂਦ ਹਨ। ਸਭ ਤੋਂ ਵੱਧ ਟ੍ਰੈਕ ਕੁੱਲੂ ਮਨਾਲੀ ਵੈਲੀ ਵਿੱਚ ਪਾਏ ਜਾਂਦੇ ਹਨ ਜਿਵੇਂ ਬਿਜਲੀ ਮਹਾਂਦੇਵ,ਚੰਦਰਖਾਨੀ ਪਾਸ, ਹਮਤਾ ਪਾਸ, ਰਾਨੀ ਸੂਈ ਟ੍ਰੈਕ, ਬ੍ਰਿਗੂਝੀਲ ਟ੍ਰੈਕ, ਬਿਆਸ ਕੁੰਡ ਟ੍ਰੈਕ, ਖੀਰਗੰਗਾ ਟ੍ਰੈਕ , ਹਨੂਮਾਨ ਟਿੱਬਾ ਅਤੇ ਹੋਰ ਵੀ ਬਹੁਤ ਸਾਰੇ ਟ੍ਰੈਕ ਮਿਲਦੇ ਹਨ। ਇਹਨਾਂ ਤੋਂ ਇਲਾਵਾ ਸ੍ਰੀਖੰਡ ਕੈਲਾਸ਼ ਟ੍ਰੈਕ ਅਤੇ ਕਿੰਨਰ ਕੈਲਾਸ਼ ਟ੍ਰੈਕ ਵੀ ਪ੍ਰਸਿੱਧ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਟ੍ਰੈਕ ਮੈਂ ਆਪਣੇ ਦੋਸਤਾਂ ਨਾਲ ਕਰ ਚੁੱਕਾ ਹਾਂ।

                  ਆਖਰ ਵਿੱਚ ਅਸੀਂ ਗੱਲ ਕਰਾਂਗੇ ਉੱਤਰਾਖੰਡ ਦੇ ਕੁਝ ਟ੍ਰੈਕਸ ਦੀ ਅਗਰ ਗਿਣਤੀ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਟ੍ਰੈਕ ਉੱਤਰਾਖੰਡ ਵਿੱਚ ਹੀ ਪਾਏ ਜਾਂਦੇ ਹਨ । ਇੱਥੇ 50 ਤੋਂ ਵੀ ਵੱਧ ਟ੍ਰੈਕ ਮੌਜੂਦ ਹਨ ਜਿਵੇਂ ਹਰਕੀਦੂਨ ਟ੍ਰੈਕ, ਨਾਗ ਟਿੱਬਾ ਟ੍ਰੈਕ, ਬੁਘਿਆਲ ਟ੍ਰੈਕ, ਫੁੱਲਾਂ ਦੀ ਘਾਟੀ ਟ੍ਰੈਕ,ਕੁਆਰੀ ਪਾਸ ਟ੍ਰੈਕ, ਰੂਪ ਕੁੰਡ ਟ੍ਰੈਕ, ਚੰਦਰਾ ਸ਼ਿਲਾ ਟ੍ਰੈਕ ਅਤੇ ਅਨੇਕਾਂ ਹੀ ਹੋਰ ਟ੍ਰੈਕ ਪਾਏ ਜਾਂਦੇ ਹਨ।

                  ਤੁਹਾਨੂੰ ਇੱਕ ਗੱਲ ਮੈਂ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਟਰੈਕਿੰਗ ਅਤੇ ਹਾਇਕਿੰਗ ਦੇ ਸ਼ੌਕੀਨ ਨੂੰ ਪੰਜਾਬੀ ਵਿੱਚ " ਘੁਮੱਕੜ "  ਘੁੰਮਣ ਫਿਰਨ ਦਾ ਆਦੀ ਕਿਹਾ ਜਾਂਦਾ ਹੈ। ਘੁਮੱਕੜਾਂ ਅਤੇ ਸੈਲਾਨੀਆਂ ਵਿੱਚ ਬਹੁਤ ਵੱਡਾ ਫ਼ਰਕ ਹੁੰਦਾ ਹੈ। ਘੁਮੱਕੜ ਸਭ ਤੋਂ ਪਹਿਲਾਂ ਤਾਂ ਇੱਕ ਕੁਦਰਤ ਪ੍ਰੇਮੀ ਹੁੰਦਾ ਹੈ ਉਹ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਬਹੁਤ ਪਿਆਰ ਕਰਦਾ ਅਤੇ ਉਸਦੀ ਸਾਂਭ ਸੰਭਾਲ ਕਰਦਾ ਹੈ ਉਹ ਕਦੀ ਵੀ ਕੁਦਰਤੀ ਮਾਹੌਲ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਅਤੇ ਨਾ ਹੀ ਕਦੀ ਕੁਦਰਤੀ ਥਾਵਾਂ ਤੇ ਪਲਾਸਟਿਕ,ਪੌਲੀਥਿਨ ਅਤੇ ਕਿਸੇ ਕਿਸਮ ਦਾ ਕਚਰਾ ਫੈਲਾਉਂਦਾ ਹੈ, ਸਗੋਂ ਲੋਕਾਂ ਵਲੋਂ ਸਿੱਟੇ ਗਏ ਕਚਰੇ ਨੂੰ ਸਾਫ਼ ਕਰਦਾ ਹੈ। ਘੁਮੱਕੜ ਵੱਧ ਤੋਂ ਵੱਧ ਪੈਦਲ ਚਲਣ ਜਾਂ ਸਾਈਕਲ ਚਲਾਉਣ ਵਿੱਚ ਵਿਸ਼ਵਾਸ ਰੱਖਦਾ ਹੈ। ਘੁਮੱਕੜ ਹਮੇਸ਼ਾ ਜੰਗਲਾਂ ਅਤੇ ਪਹਾੜਾਂ ਵਿੱਚ ਬਣੀਆਂ ਪਗਡੰਡੀਆਂ ਉਪਰ ਤੁਰਦਾ ਹੋਇਆ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਨਣਾਂ ਹੈ ਅਤੇ ਦੂਰ ਦਰਾਜ਼ ਦੇ ਪੂਰਾਣੇ ਪਿੰਡਾਂ, ਝੀਲਾਂ ਅਤੇ ਝਰਨਿਆਂ ਦੀ ਖੋਜ ਕਰਦਾ ਹੈ। ਉਹ ਹੋਟਲ ਵਿੱਚ ਰਹਿਣ ਨਾਲੋਂ ਕੈਂਪਿੰਗ ਕਰਕੇ ਆਪਣੇ ਟੈਂਟਾਂ ਵਿਚ ਰਾਤ ਰੁਕਣਾਂ ਪਸੰਦ ਕਰਦਾ ਹੈ, ਹੋਟਲਾਂ ਜਾਂ ਢਾਬਿਆਂ ਤੇ ਖਾਣਾ ਖਾਣ ਦੀ ਥਾਂ ਤੇ ਆਪਣਾਂ ਖਾਣਾ ਆਪ ਬਣਾਉਣਾ ਵਿੱਚ ਵਿਸ਼ਵਾਸ ਰੱਖਦਾ ਹੈ। ਘੁਮੱਕੜ ਬਾਜ਼ਾਰਾਂ ਜਾਂ ਭੀੜ ਭਾੜ ਵਾਲੀਆਂ ਥਾਵਾਂ ਤੋਂ ਦੂਰ ਰਹਿ ਕੇ ਕੁਦਰਤ ਦਾ ਨਸ਼ਾ ਕਰਦਾ ਹੈ। ਉਹ ਘੱਟ ਸਹੂਲਤਾਂ ਵਿੱਚ ਵੀ ਗੁਜ਼ਾਰਾ ਕਰਦਾ ਹੈ ਤੇ ਬਿਨਾਂ ਕਿਸੀ ਸ਼ਿਕਾਇਤ ਦੇ ਪ੍ਰਮਾਤਮਾ ਦਾ ਧੰਨਵਾਦ ਕਰਦਾ ਹੈ।                          ਇਸ ਦੇ ਉਲਟ ਸੈਲਾਨੀ ਗੱਡੀ ਵਿੱਚ ਜਾਂਦਾ ਹੈ, ਹੋਟਲ ਵਿੱਚ ਰੁਕਦਾ ਹੈ, ਢਾਬੇ ਜਾਂ ਰੈਸਟੋਰੈਂਟ ਤੇ ਖਾਣਾ ਖਾਂਦਾ ਹੈ, ਬਾਜ਼ਾਰਾਂ ਵਿੱਚ ਘੁੰਮਦਾ ਤੇ ਖਰੀਦਾਰੀ ਕਰਦਾ ਹੈ। ਹਰ ਤਰ੍ਹਾਂ ਦਾ ਨਸ਼ਾ ਕਰਦਾ ਹੈ, ਪਲਾਸਟਿਕ ਅਤੇ ਕੱਚ ਦੀਆਂ ਬੋਤਲਾਂ ਇੱਧਰ ਉੱਧਰ ਸੁਟਦਾ ਹੈ, ਕਚਰਾ ਫੈਲਾਉਂਦਾ ਹੈ ਤੇ ਸਰਕਾਰਾਂ ਨੂੰ ਗਾਲ਼ਾਂ ਕੱਢਦਾ ਹੈ ਕਿ ਸਰਕਾਰ ਦੇ ਪ੍ਰਬੰਧ ਬਹੁਤ ਮਾੜੇ ਹਨ ਸਹੂਲਤਾਂ ਦੀ ਬਹੁਤ ਕਮੀਂ ਹੈ।

ਜਦੋਂ ਕਿ ਇੱਕ ਟ੍ਰੈਕਰ ਜਾਂ ਘੁਮੱਕੜ ਜ਼ਿੰਮੇਵਾਰ ਨਾਗਰਿਕ,ਸੱਚਾ ਦੇਸ਼ ਭਗਤ ਅਤੇ ਕੁਦਰਤ ਦਾ ਪਿਆਰਾ ਬੱਚਾ ਹੁੰਦਾ ਹੈ।

                               ਕੁਦਰਤ ਦਾ ਸਹੀ ਅਨੰਦ ਮਾਨਣ ਲਈ ਕੁਦਰਤ ਨਾਲ ਇੱਕ ਮਿੱਕ ਹੋਣਾ ਪੈਂਦਾ ਹੈ। ਪਹਾੜਾਂ ਅਤੇ ਜੰਗਲਾਂ ਵਿੱਚ ਘੁਮਣਾ ਹੀ ਅਸਲ ਵਿੱਚ ਸਿਹਤ ਲਈ ਫਾਇਦੇਮੰਦ ਅਤੇ ਸਹੀ ਘੁੰਮਣਾਂ ਹੁੰਦਾ ਹੈ। ਬਹੁਤ ਸਾਰੇ ਲੋਕ ਪੈਦਲ ਧਾਰਮਿਕ ਯਾਤਰਾਵਾਂ ਵੀ ਕਰਦੇ ਹਨ ਜਿਵੇਂ ਅਮਰਨਾਥ ਯਾਤਰਾ, ਮਣੀਮਹੇਸ਼ ਯਾਤਰਾ, ਸ਼੍ਰੀਖੰਡ ਮਹਾਂਦੇਵ ਯਾਤਰਾ, ਕਿੰਨਰਕੈਲਾਸ਼ ਯਾਤਰਾ, ਕੈਲਾਸ਼ ਮਾਨਸਰੋਵਰ ਯਾਤਰਾ, ਬੈਜਨਾਥ, ਬਦਰੀਨਾਥ, ਹੇਮਕੁੰਟ ਸਾਹਿਬ ਯਾਤਰਾ ਅਤੇ ਹੋਰ ਵੀ ਅਨੇਕਾਂ ਹੀ ਇਸ ਤਰ੍ਹਾਂ ਦੀਆਂ ਯਾਤਰਾਵਾਂ ਵੀ ਟਰੈਕਿੰਗ ਅਤੇ ਹਾਇਕਿੰਗ ਦਾ ਹੀ ਇੱਕ ਰੂਪ ਹੈ। 

           ਅਸੀਂ ਪੂਰੀ ਦੁਨੀਆਂ ਦੀ ਗੱਲ ਕਰ ਲਈ , ਆਪਣੇ ਦੇਸ਼ ਦੀ ਗੱਲ ਹੋ ਗਈ। ਹੁਣ ਦੇਖਦੇ ਹਾਂ ਕਿ ਪੰਜਾਬ ਵਿੱਚ ਟਰੈਕਿੰਗ ਅਤੇ ਹਾਇਕਿੰਗ ਦਾ ਖੇਤਰ ਕਿਨਾਂ ਕੂ ਵਿਸ਼ਾਲ ਹੈ। ਇਸ ਲਈ ਸਭ ਤੋਂ ਪਹਿਲਾਂ ਪੰਜਾਬ ਦੇ ਭੂਗੋਲ ਦਾ ਅਧਿਐਨ ਕਰਨਾ ਪਵੇਗਾ। ਪੰਜਾਬ ਇੱਕ ਖੁਸ਼ਹਾਲ ਅਤੇ ਉਪਜਾਊ ਧਰਤੀ ਦਾ ਇਲਾਕਾ ਹੈ, ਜਿੱਥੇ ਦਾ ਲੱਗਭਗ 95% ਖੇਤਰ ਮੈਦਾਨੀ ਹੈ। ਟਰੈਕਿੰਗ ਅਤੇ ਹਾਇਕਿੰਗ ਲਈ ਸਭ ਤੋਂ ਪਹਿਲਾਂ ਜੰਗਲਾਂ ਅਤੇ ਪਹਾੜਾਂ ਦੀ ਲੋੜ ਪੈਂਦੀ ਹੈ। ਪੰਜਾਬ ਦੇ ਤਿੰਨ ਜ਼ਿਲ੍ਹਿਆਂ ਰੂਪਨਗਰ, ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਨਾਲ ਸ਼ਿਵਾਲਿਕ ਪਹਾੜੀਆਂ ਲੱਗਦੀਆਂ ਹਨ ਤੇ ਇਹਨਾਂ ਦੇ ਵਿੱਚ ਹੀ ਪੰਜਾਬ ਦੇ ਜੰਗਲ ਪਾਏ ਜਾਂਦੇ ਹਨ। ਜਿਹਨਾਂ ਦੇ ਵਿੱਚ ਟਰੈਕਿੰਗ ਅਤੇ ਹਾਇਕਿੰਗ ਅਡਵੈਂਚਰ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਹਨ। ਰੂਪਨਗਰ ਅਤੇ ਪਠਾਨਕੋਟ ਵਾਰੇ ਮੇਰੇ ਕੋਲ ਜ਼ਿਆਦਾ ਜਾਣਕਾਰੀ ਨਹੀਂ ਹੈ। ਪਰ ਹਾਂ ਮੈਂ ਅਤੇ ਮੇਰੇ ਦੋਸਤਾਂ ਦੁਆਰਾ ਹੁਸ਼ਿਆਰਪੁਰ ਵਿੱਚ ਜ਼ਰੂਰ ਪਿਛਲੇ ਪੰਜ ਛੇ ਸਾਲਾਂ ਤੋਂ ਟਰੈਕਿੰਗ ਅਤੇ ਹਾਇਕਿੰਗ ਸੰਬੰਧੀ  ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਅਸੀਂ ਹਰ ਐਤਵਾਰ ਨੂੰ ਸਵੇਰੇ  ਹੁਸ਼ਿਆਰਪੁਰ ਦੇ ਨਾਲ ਲੱਗਦੇ ਸ਼ਿਵਾਲਿਕ ਖੇਤਰ ਵਿੱਚ ਸਾਹਸਿਕ ਗਤੀਵਿਧੀਆਂ ਲਈ ਜਾਂਦੇ ਹਨ ਅਤੇ ਇਸ ਦੇ ਨਾਲ ਨਾਲ ਲੋਕਾਂ ਨੂੰ ਕੁਦਰਤ ਦੀ ਸੰਭਾਲ ਲਈ ਪ੍ਰੇਰਿਤ ਕਰਨਾ, ਨਵੇਂ ਪੌਦੇ ਲਗਾਉਣੇ ਅਤੇ ਸਫ਼ਾਈ ਅਭਿਆਨ ਚਲਾਉਣ ਵਰਗੇ ਕੰਮ ਵੀ ਕਰਦੇ ਹਾਂ।

              ਪੰਜਾਬ ਦੀ ਸਭ ਤੋਂ ਵੱਧ ਜੰਗਲੀ ਸੰਪਤੀ ਹੁਸ਼ਿਆਰਪੁਰ ਵਿੱਚ ਹੀ ਪਾਈ ਜਾਂਦੀ ਹੈ। ਕਿਉਂਕਿ ਹੁਸ਼ਿਆਰਪੁਰ ਦਾ ਸਾਰਾ ਹੀ ਹਿਮਾਚਲ ਪ੍ਰਦੇਸ਼ ਨਾਲ ਲੱਗਦਾ ਕੱਢੀ ਖੇਤਰ ਪਹਾੜੀਆਂ ਅਤੇ ਜੰਗਲਾਂ ਨਾਲ ਘਿਰਿਆ ਹੋਇਆ ਹੈ। ਇਸ ਖੇਤਰ ਵਿੱਚ 10-11 ਡੈਮ ਹਨ , ਜਿੱਥੇ ਖੱਡਾਂ ਵਿੱਚ ਸਾਫ਼ ਪਾਣੀ ਸਾਰਾ ਸਾਲ ਚਲਦਾ ਰਹਿੰਦਾ ਹੈ। ਜੰਗਲਾਂ ਵਿੱਚ ਤਰ੍ਹਾਂ ਤਰ੍ਹਾਂ ਦੀ ਬਨਸਪਤੀ ਅਤੇ ਪੇੜ ਪੌਦੇ ਪਾਏ ਜਾਂਦੇ ਹਨ। ਅਨੇਕਾਂ ਹੀ ਕਿਸਮਾਂ ਦੇ ਜੰਗਲੀ ਜਾਨਵਰ ਅਤੇ ਪੰਛੀ ਵੀ ਦੇਖਣ ਨੂੰ ਮਿਲਦੇ ਹਨ। ਇੱਥੇ ਮੌਜੂਦ ਪਿੰਡਾਂ ਦੇ ਲੋਕਾਂ ਜੀਵਨ ਬਹੁਤ ਹੀ ਸਾਦਾ ਤੇ ਸੁੱਖ ਸਹੂਲਤਾਂ ਤੋਂ ਵਾਂਝਾ ਹੈ। ਜ਼ਿਆਦਾਤਰ ਲੋਕ ਖੇਤੀ ਅਤੇ ਪਸ਼ੂ ਪਾਲਣ ਦਾ ਕੰਮ ਕਰਦੇ ਹਨ। ਇਹ ਸਾਰਾ ਕੰਢੀ ਖੇਤਰ ਬਹੁਤ ਹੀ ਪਿਛੜਿਆ ਹੋਇਆ ਹੈ। ਇਹਨਾਂ  ਸ਼ਿਵਾਲਿਕ ਪਹਾੜਾਂ ਅਤੇ ਜੰਗਲਾਂ ਵਿੱਚ 40 ਤੋਂ ਵੱਧ ਪਗਡੰਡੀਆਂ ਅਤੇ ਰਸਤੇ ਮਿਲਦੇ ਹਨ। ਜਿਹਨਾਂ ਨੂੰ ਭਵਿੱਖ ਵਿੱਚ ਸੈਰ ਸਪਾਟੇ ਲਈ ਵਿਕਸਿਤ ਕਰਨ ਵੱਲ ਧਿਆਨ ਦੇਣ ਦੀ ਲੋੜ । ਇੱਥੇ ਸੈਰ ਸਪਾਟੇ ਦੀਆਂ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ ਜਿਵੇਂ ਟਰੈਕਿੰਗ, ਹਾਇਕਿੰਗ, ਅਡਵੈਂਚਰ ਗਤੀਵਿਧੀਆਂ, ਆਫਰੋਡਿੰਗ, ਜੰਗਲ ਸਫਾਰੀ ਅਤੇ ਪਿਕਨਿਕ ਸਪਾਟ ਵਿਕਸਿਤ ਕਰਨੇ । ਪੰਜਾਬ ਦੇ ਬਾਕੀ ਜ਼ਿਲ੍ਹਿਆਂ ਤੋਂ ਸੈਰ ਸਪਾਟੇ ਅਤੇ ਕੁਦਰਤੀ ਗਤੀਵਿਧੀਆਂ ਦੇ ਸ਼ੌਕੀਨ, ਘੁੰਮਣ ਫਿਰਨ ਲਈ ਅਤੇ ਟਰੈਕਿੰਗ ਲਈ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਹਨ,

Friday 5 August 2022

ਲੈਟਰ ਬਾਕਸ

 ਇਕ ਸਾਮ‌ ਬਸ ਸਟੈਡ ਤੇ ਖੜਾ ਆਪਣੇ ਇਕ ਖਾਸ ਮਿੱਤਰ ਦਾ ਇੰਤਜਾਰ ਕਰ ਰਿਹਾ।‌ਉਸ ਦੀ ਬਸ ਆਉਣ ਚ ਅਜੇ ਕਾਫੀ ਸਮਾ‌ ਸੀ...।‌


ਨਾਲ ਹੀ ਬਣੇ ਇੱਕ ਥੜੇ ਤੇ ਜਾ ਬੈਠਿਆ ਤੇ ਇਕ ਛੋਟੀ ਜਿਹੀ ਚਾਹ ਦੀ ਟਪਰੀ ਤੋ ਇਕ ਚਾਹ ਦਾ ਆਡਰ ਦੇ ਦਿੱਤਾ..।।


ਥੋੜੇ ਕੁ ਸਮੇ ਬਾਦ ਚਾਹ ਵੀ ਆ ਗਈ ਇਕ ਘੁਟ ਚਾਹ ਦੀ ਪੀਦੇ ਅਚਾਨਕ ਧਿਆਨ ਸਾਹਮਣੇ ਬੰਦ ਬਣੀ ਬਿਲਡਿੰਗ ਤੇ ਗਿਆ...।‌ 


ਹੁਣ ਤਾ ਭਾਵੇ ਵਕਤ ਨੇ ਇਸ ਦੀ ਰੋਣਕ ਨੂੰ ਘੱਟ ਕਰ ਦਿੱਤਾ ਸੀ ਪਰ ਕਦੇ ਏਥੇ ਵੀ ਮੇਲਾ ਲੱਗਿਆ ਰਹਿੰਦਾ ਸੀ...।


ਕਮਰੇ ਦੇ ਇਕ ਪਾਸੇ ਛੋਟਾ ਜਿਹਾ ਲੋਹੇ ਦਾ ਬਣਿਆ ਲੈਟਰ ਬਾਕਸ ਵੀ ਲੱਗਿਆ ਹੋਇਆ। ਕਿਸੇ ਵੇਲੇ ਇਸ ਦਾ ਇਹ ਲਾਲ ਰੰਗ ਸੀਸੇ ਵਾਗ ਚਮਕਦਾ ਸੀ ਪਰ ਹੁਣ ਉਹ ਲਾਲ ਰੰਗ ਵੀ ਇਸ ਦਾ ਫਿੱਕਾ ਪੈ ਗਿਆ ਸੀ...। 


ਜਗ੍ਹਾ-੨ ਤੋ ਉਸ ਨੂੰ ਜਰ ਪੈ ਗਈ ਸੀ। ਇਸ ਦਾ ਵੀ ਇਕ ਦੌਰ ਜਿਸ ਨੂੰ ਮੋਬਾਇਲਾ ਨੇ ਖਤਮ ਕਰ ਦਿੱਤਾ ਸੀ...।


ਉਸ ਵੱਲ ਦੇਖਦੇ-੨ ਅਚਾਨਕ ਮਨ ਖਿਆਲਾ ਦੇ ਸਮੁੰਦਰਾਂ ਵਿੱਚ ਬੈਠ ਫਿਰ ਉਸ ਦੌਰ ਵਿੱਚ ਚਲਾ ਗਿਆ ਜਦੋ ਇਹ ਜਗ੍ਹਾ ਤੇ ਲੋਕਾ ਦੀ ਚਹਿਲ ਪਹਿਲ ਹੋਇਆ ਕਰਦੀ ਸੀ...।


ਲੋਕ ਆਪਣਿਆ ਨੂੰ ਸੁਨੇਹੇ ਦੇਣ ਤੇ ਲੈਣ ਲਈ ਏਥੇ ਆਇਆ ਕਰਦੇ ਸਨ। ਛੋਟਾ ਜਿਹਾ ਮੈ ਆਪਣੇ ਬਾਪੂ ਜੀ ਦੇ ਸਕੂਟਰ ਅੱਗੇ ਖਲੋ ਏਥੇ ਆਇਆ ਕਰਦਾ ਸੀ ਹਰ ਦੁੱਖ ਸੁੱਖ ਇਕ ਕਾਗਜ ਤੇ ਲਿੱਖ ਇਸ ਛੋਟੇ ਜਿਹੇ ਬਾਕਸ ਵਿੱਚ ਪਾ ਆਉਦੇ ਸੀ...। 


ਉਸ ਸਮੇ ਤਾ ਚਿੱਠੀ ਹੀ ਇਕ ਦੂਜੇ ਨੂੰ ਦੁਖ ਸੁੱਖ ਸਣਾਉਦੀ ਸੀ। ਕਾਗਜ ਵਿੱਚ ਕੈਦ ਲੋਕਾ ਦੇ ਜਜਬਾਤ ਬੜਾ ਲੰਮਾ ਸਫਰ ਤਹਿ ਕਰਦੇ ਸਨ..।


ਇਕ ਸੁਨੇਹਾ ਨੂੰ ਆਪਣੇ ਥਾ ਠਿਕਾਣੇ ਪਹੁੰਚਣ ਲਈ ਬੜਾ ਲੰਮਾ ਇੰਤਜਾਰ ਕਰਨਾ ਪੈਦਾ ਸੀ।

ਪਹਿਲਾ ਚਿੱਠੀ ਲਿਖਵਾਉਣ ਲਈ ਪੜਿਆ ਲਿਖਿਆ ਆਦਮੀ ਲੱਭਣਾ ਤੇ ਫਿਰ ਬਾਦ ਦੂਸਰੇ ਤੋ ਚਿੱਠੀ ਪੜਾਉਣੀ ਇਹ ਵੀ ਉਸ ਸਮੇ ਬੜਾ ਮੁਸਕਿਲ ਕੰਮ ਹੋਇਆ ਕਰਦੀ ਸੀ...। 


ਬਾਪੂ ਜੀ ਦਾ ਹੱਥ ਫੜ ਇਸੇ ਜਗ੍ਹਾ ਤੇ ਆਉਣਾ ਕਿੰਨੀ ਰੋਣਕ ਹੋਇਆ ਕਰਦੀ ਸੀ ਏਦਾ ਲੱਗਦਾ ਸੀ ਜਿਵੇ ਪਿੰਡਾ ਤੇ ਸਹਿਰਾ ਦੇ ਲੋਕ ਦਿਨ ਵਿੱਚ ਹੀ ਏਥੇ ਆ ਗਏ ਹੋਣ‌...। 


ਇਹ ਬਿਲਡਿੰਗ ਹਮੇਸਾ ਨਵ ਵਿਆਹੀ ਵਾਗ ਸਜੀ ਰਹਿੰਦੀ ਸੀ। ਚਿੱਠੀਆਂ ਵਾਲਾ ਬਾਕਸ ਹਮੇਸਾ ਭਰਿਆ ਰਹਿੰਦਾ‌ ਸੀ ਹਰ ਰੋਜ ਇਸ ਦੀ ਸਾਭ ਸੰਭਾਲ ਹੁੰਦੀ ਪਰ ਅੱਜ ਇਸ ਨੂੰ‌ ਕੋਈ  ਦੇਖਦਾ ਤੱਕ ਨਹੀ ਸੀ...।

 

ਆਪਣੇ ਹੀ ਖਿਆਲਾ ਵਿੱਚ ਗੁਆਚੇ ਨੂੰ ਕੋਲ ਆਏ ਮਿੱਤਰ ਨੇ ਵਾਪਸ ਬੁਲਾ ਲਿਆ ਤੇ ਕਿਸ ਕੀ ਸੋਚ ਰਿਹਾ‌..."ਇਕਦਮ ਸਵਾਲ ਕੀਤਾ.."?


ਅੱਗੋ ਕਿਹਾ..."ਯਾਰ ਕਿਸ ਦੌਰ ਤੋ ਕਿਸ ਦੌਰ ਵਿੱਚ ਆ ਗਏ ਇਕ ਦੌਰ ਸੀ,ਜਦੋ ਦਿਲ ਦੇ ਜਜਬਾਤ ਨੂੰ ਕਿੰਨੀ ਦੂਰੀ ਤਹਿ ਕਰਿਆ ਕਰਦੇ ਸਨ ਤੇ ਹਰ ਅਹਿਸਾਸ ਕਿੰਨਾ ਮਹਿਫੂਜ ਰਿਹਾ ਕਰਦੇ ਸਨ...।


ਪਰ ਹੁਣ ਤਾ ਸਭ ਕੁਝ ਪਲਾ ਵਿੱਚ ਹੀ ਮਿਟਾ ਦਿੱਤਾ ਜਾਦਾ ਹੈ। ਮੋਬਾਇਲ ਨੇ ਲੋਕਾ ਅੰਦਰ ਪਿਆਰ ਦੇ ਨਾਲ-੨ ਸਬਰ ਤੇ ਇਹਸਾਸ ਨੂੰ ਵੀ ਖਤਮ ਕਰ ਦਿੱਤਾ ਹੈ‌ ਜੋ ਪਹਿਲਾ ਚਿੱਠੀ ਦੇ ਸਮੇ ਹੁੰਦਾ ਸੀ...। 


ਅੱਗੋ ਹਸਦੇ ਨੇ ਕਿਹਾ..."ਹਾ ਯਾਰ ਗਲ ਤਾ ਤੇਰੀ ਬਿਲਕੁਲ ਸਹੀ ਆ ਪਰ ਹੁਣ ਆਪਾ ਵੀ ਏਨਾ ਦੇ ਆਦੀ ਹੋ ਗਏ ਇਕ ਮਿੰਟ ਨੀ ਸਰ ਸਕਦਾ ਆਪਣਾ...।‌ 


ਉਸ ਦੀ ਗਲ ਸੁਣ ਕਿਹਾ..."ਤੈਨੂੰ ਪਤਾ ਯਾਰ ਇਕ ਸਮਾ ਸੀ ਜਦੋ ਮੈ ਸੋਚਦਾ ਇਹਨਾ ਚਿੱਠੀਆਂ ਦਾ ਦੌਰ ਕਦੇ ਖਤਮ‌ ਨਹੀ ਆਉਣਾ  ਪਰ ਨਾ ਮੈ ਗਲਤ ਸੀ ਮੈਨੂੰ ਪਤਾ ਚੱਲ ਗਿਆ ਜਿੰਦਗੀ ਵਿੱਚ ਕੋਈ ਚੀਜ ਵੀ ਫਿਕਸ ਨਹੀਂ ਹੁੰਦੀ...।


ਗਲ ਸੁਣ ਅੱਗੋ ਦੋਸਤ ਨੇ ਕਿਹਾ... "ਹਾ ਯਾਰ ਜਿੰਦਗੀ ਵਿੱਚ ਹਰ ਚੀਜ ਦਾ ਇਕ ਤਹਿ ਸਮਾ ਹੁੰਦਾ ਤੇ ਸਮਾ ਪੂਰਾ ਹੋਣ ਤੇ ਉਸ ਨੂੰ ਜਾਣਾ ਹੀ ਪੈਦਾ ਹੈ। ਉਸ ਦੀ ਇਹ ਗਲ ਸੁਣ ਕੁਝ ਨਾ ਕਹਿ ਸਕਿਆ ਸਿਵਾਏ ..." ਹਾ ਕਹਿਣ ਦੇ...। 


ਸੋ ਦੋਸਤੋ ਜਿੰਦਗੀ ਵਿੱਚ ਕੋਈ ਚੀਜ ਸਥਿਰ ਨਹੀਂ ਰਹਿੰਦੀ। ਹਰ ਚੀਜ ਦਾ ਇਸ ਦੁਨੀਆਂ ਤੇ ਇਕ ਤਹਿ ਵਕਤ ਹੁੰਦਾ ਹੈ ਉਸ ਤੋ ਬਾਦ ਉਸ ਦਾ ਦੌਰ ਚਲਾ ਜਾਦਾ ਹੈ‌...।

Thursday 14 July 2022

ਸ਼ੇਰੂ ਉਰਫ ਸ਼ੇਰੂ ਭਾਈ

 ਸ਼ੇਰੂ ਉਰਫ ਸ਼ੇਰੂ ਭਾਈ

ਨਾਂ ਤਾਂ ਸ਼ਾਇਦ ਉਹਦਾ ਸ਼ੇਰੂ ਸੀ ਪਰ ਜਿਸ ਸਥਿੱਤੀ ਚ ਉਹ ਸਾਨੂੰ ਮਿਲਿਆ ਸੀ ਸ਼ੇਰੂ ਕਹਿਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ। ਸਮਧੂ ਰੁਕੇ ਤਾਂ ਸਾਨੂੰ ਜਾਪਿਆ ਜਿਵੇਂ ਕੁੱਝ ਸੜਣ ਦੀ ਬਦਬੂ  ਆਉਂਦੀ ਹੋਵੇ।  ਅਸੀਂ ਕਾਜ਼ਾ ਤੋਂ ਕੌਰਿਕ ਬਾਰਡਰ ਤੱਕ ਜਾਣ ਦਾ ਆਗਿਆ ਪੱਤਰ ਤਾਂ ਲੈ ਲਿਆ ਸੀ ਜਿਸ ਦਾ ਵੱਡਾ ਕਾਰਨ ਸਾਡੇ ਦੋਸਤ ਦੇ ਹੋਣਹਾਰ ਸਪੁੱਤਰ ਅਰਸ਼ਦੀਪ ਦਾ ਐਨ ਡੀ ਏ ਦਾ ਸੀਨੀਅਰ ਕੈਡਿਟ ਹੋਣਾ ਸੀ ਪਰ ਚੈੱਕ ਪੋਸਟ  ਵਾਲੇ ਆਪਣੀ ਗੱਲ ਤੇ ਅੜੇ ਰਹੇ। ਆਖਰ ਅਸੀਂ ਤੁਰ ਪਏ ਤੇ ਚਾਂਗੋ ਤੱਕ ਗੱਲ-ਬਾਤ ਦਾ ਵਿਸ਼ਾ ਇਹੀ ਰਿਹਾ।  ਹਿੰਦੁਸਤਾਨ ਤਿੱਬਤ ਸੜਕ ਤੇ ਚਾਂਗੋ ਨਾਕੋ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਸਬਾ ਹੈ ਜੋ ਆਪਣੇ ਸੇਬਾਂ ਲਈ ਬਹੁਤ ਮਸ਼ਹੂਰ ਹੈ। ਚਾਂਗੋ ਤੋਂ ਅੱਗੇ ਰਸਤਾ ਬੰਦ ਸੀ ਕਿਉਂਕਿ ਉੱਪਰ ਪਹਾੜ ਤੇ ਸੜਕ ਚੌੜੀ ਕਰਨ ਲਈ ਜੇ ਸੀ ਬੀ ਚੱਲ ਰਹੀ ਤੇ ਪੱਥਰ ਡਿਗ ਰਹੇ ਸਨ। ਨਾਕੇ ਤੇ ਖੜ੍ਹੇ ਆਦਮੀ ਨੇ ਛੇ ਘੰਟੇ ਲਈ ਰਸਤਾ ਬੰਦ ਰਹਿਣ ਬਾਰੇ ਦੱਸ ਕੇ ਚਾਂਗੋ ਦੇ ਬਾਜ਼ਾਰ ਚੋਂ ਉੱਪਰ ਪਿੰਡ ਵਾਲੇ ਰਸਤੇ ਰਾਹੀਂ ਜਾਣ ਬਾਰੇ ਵੀ ਦੱਸ ਦਿੱਤਾ। ਉਹਦੀ ਗੱਲ ਮੰਨ ਕੇ ਅਸੀਂ ਉਸ ਰਸਤੇ ਤੇ ਹੈਲੀਪੈਡ ਵੱਲ ਚੱਲ ਤਾਂ ਪਏ ਪਰ ਬਹੁਤ ਤੰਗ ਰਸਤਾ ਸੀ ਤੇ ਸੇਬਾਂ ਦੇ ਬਗ਼ੀਚਿਆਂ ਵਾਲ਼ਿਆਂ ਨੇ ਸੜਕ ਦੇ ਨਾਲ ਨਾਲ ਪੱਥਰ ਰੱਖ ਕੇ ਤੰਗ ਰਸਤੇ ਨੂੰ ਹੋਰ ਵੀ ਤੰਗ ਕਰ ਦਿੱਤਾ ਸੀ। ਚੜ੍ਹਾਈ ਜਾਂ ਕਿਸੇ ਹੋਰ ਕਾਰਨ ਸਾਡੀ ਕਾਰ ਗਰਮ ਹੋ ਗਈ ਤੇ ਧੂੰਆਂ ਨਿਕਲਣ ਲੱਗ ਪਿਆ। ਇੱਕ ਸਾਈਡ ਤੇ ਸੇਬ ਦੇ ਦਰੱਖਤ ਹੇਠਾਂ ਕਾਰ ਰੋਕ ਕੇ ਠੰਢੀ ਹੋਣ ਦੀ ਉਡੀਕ ਕਰਨ ਲੱਗੇ। ਸਫਰ ਚ ਇਹ ਹਾਲਤ ਚਿੰਤਾ ਵਾਲੀ ਹੁੰਦੀ ਹੈ। ਘੰਟੇ ਕੁ ਬਾਅਦ ਫਿਰ ਚੱਲ ਪਏ ਪਰ ਅੱਗੇ ਹੋਰ ਵੀ ਸਖ਼ਤ ਚੜ੍ਹਾਈ ਸੀ ਤੇ ਕਾਰ ਫਿਰ ਰੁਕ ਗਈ ਤੇ ਕਲੱਚ ਵਾਲਾ ਪੈਡਲ ਫ੍ਰੀ ਹੋ ਗਿਆ। 

                  ਇੱਥੋਂ ਸ਼ੇਰੂ ਭਾਈ ਦੀ ਭੂਮਿਕਾ ਸ਼ੁਰੂ ਹੁੰਦੀ ਹੈ। ਹੋਰ ਲੰਘਣ ਵਾਲ਼ਿਆਂ ਨੇ ਧੱਕਾ ਲਗਾ ਕੇ ਸਾਡੀ ਕਾਰ ਇੱਕ ਨਵੀਂ ਬਣ ਰਹੀ ਕੋਠੀ ਦੇ ਵਿਹੜੇ ਚ ਖੜ੍ਹੀ ਕਰ ਦਿੱਤੀ। ਸਾਰੇ ਹੀ ਫਿਕਰਮੰਦ ਸਾਂ ਤੇ ਹੋਰ ਵੀ ਮਾੜੀ ਗੱਲ ਇੱਥੇ ਨੈੱਟਵਰਕ ਨਹੀਂ ਸੀ।  ਅਸੀਂ ਪੌੜੀਆਂ ਤੇ ਬੈਠ ਦਿਮਾਗ ਦੁੜਾਉਣ ਲੱਗੇ। ਘਰ ਵਾਲੇ ਬਹੁਤ ਚੰਗੇ ਸੀ ਘਰ ਦੇ ਮਾਲਕ ਨੇ ਹੀ ਫ਼ੋਨ ਕਰਕੇ ਮਕੈਨਿਕ ਨੂੰ ਸੱਦਿਆ ਜਿਹਦਾ ਨਾਂ ਸ਼ੇਰੂ ਸੀ। ਇੱਥੇ ਜੀਉ ਦਾ ਨੈੱਟਵਰਕ ਚੱਲਦਾ ਸੀ ਤੇ ਸਾਡੇ ਦੋ ਸਾਥੀਆਂ ਦੇ ਫ਼ੋਨ ਵੀ ਕੰਮ ਕਰਨ ਲੱਗ ਪਏ।  ਸਾਰੀ ਦੌੜ-ਭੱਜ ਅਰਵਿੰਦਰ ਹੀ ਕਰ ਰਿਹਾ ਕਦੇ ਕਿਸੇ ਨੂੰ ਫ਼ੋਨ ਕਦੇ ਕਿਸੇ ਨੂੰ।  ਖ਼ੈਰ ਕੰਪਨੀ ਵਾਲੇ ਹਰ ਤਰ੍ਹਾਂ ਸਹਿਯੋਗ ਕਰ ਰਹੇ ਸਨ। ਘਰ ਵਾਲਿਆਂ ਨੇ ਸਾਨੂੰ ਚਾਹ ਪਾਣੀ ਪਿਲਾਇਆ ਕਿੱਥੇ ਕਿੱਥੇ ਦਾ ਦਾਣਾ ਪਾਣੀ ਲਿਖਿਆ ਹੁੰਦਾ ਹੈ। ਇੰਨੀ ਦੇਰ ਨੂੰ ਸ਼ੇਰੂ ਭਾਈ ਵੀ ਆਪਣੀ ਸਲੈਰੀਉ ਕਾਰ  ਚ ਪਹੁੰਚ ਗਿਆ।  ਪਤਲਾ ਛੀਂਟਕਾ ਜਿਹਾ ਜੈਕਟ ਦੀ ਜਿੱਪ ਖੁੱਲ੍ਹੀ।  ਕਾਰ ਚੈੱਕ ਕੀਤੀ ਕਲੱਚ ਪਲੇਟਾਂ ਤੇ ਕਲੱਚ ਕਿੱਟ ਸੜ ਗਈਆਂ ਸਨ ਤੇ ਕਾਰ ਹੇਠਾਂ ਬਾਜ਼ਾਰ ਚ ਉਹਦੇ ਗੈਰੇਜ ਚ ਲੈ ਕੇ ਜਾਣੀ ਪੈਣੀ ਸੀ। ਵੱਡੀ ਮੁਸ਼ਕਲ ਬੈਕ ਕਰਨ ਦੀ ਸੀ ਸ਼ੇਰੂ ਭਾਈ ਨੇ ਹਿੰਮਤ ਕਰਕੇ ਕਾਰ ਮੋੜ ਲਈ ਤੇ ਸਾਡੇ ਵਾਲੀ ਕਾਰ ਆਪਣੀ ਕਾਰ ਪਿੱਛੇ ਬੰਨ੍ਹ ਲਈ। ਕਾਫ਼ੀ ਮੋੜ ਘੇੜ ਤੇ ਉਤਰਾਈ ਸੀ ਪਰ ਬਹੁਤ ਹੁਸ਼ਿਆਰੀ ਨਾਲ ਉਹ ਸਾਨੂੰ ਆਪਣੀ ਗੈਰੇਜ ਚ ਲੈ ਆਇਆ ਜਿਹੜੀ ਇੱਕ ਤੇਜ਼ ਵਗਦੀ ਖੱਡ ਦੇ ਕੰਢੇ ਸੀ। ਕਾਰ ਦਰਿਆ ਕਿਨਾਰੇ ਖੜ੍ਹੀ ਕਰ ਦਿੱਤੀ ਤੇ ਆਪ ਅਸੀਂ ਇੱਕ ਢਾਬੇਨੁਮਾ ਹੋਟਲ ਚ ਬੈਠ ਗਏ। ਇੱਥੇ ਇੱਕ ਛੋਟੀ ਜਿਹੀ ਮਾਰਕੀਟ ਸੀ ਕਾਰ ਕੱਲ੍ਹ ਸ਼ਾਮ ਨੂੰ ਰਿਕਾਂਗਪੀਉ ਵਰਕਸ਼ਾਪ ਲਈ ਇੱਥੋਂ ਚੁੱਕ ਹੋਣੀ ਸੀ। ਕਈ ਸਲਾਹਾਂ ਬਣੀਆਂ। ਸ਼ੇਰੂ ਨੇ ਸਿਰਫ ਤਿੰਨ ਸੌ ਰੁਪਏ ਲਏ ਜੋ ਸਾਡੇ ਹਿਸਾਬ ਨਾਲ ਬਹੁਤ ਵਾਜਿਬ ਸਨ। ਰਾਤ ਨੂੰ ਵੀ ਆਪਣੇ ਕੋਲ ਰੁਕਣ ਲਈ ਕਹਿ ਦਿੱਤਾ ਪਰ ਫਿਰ ਸਲਾਹ ਬਣੀਂ ਕਿ ਕਾਰ ਸ਼ੇਰੂ ਭਾਈ ਦੇ ਸਪੁਰਦ ਕਰਕੇ ਕਲਪਾ ਪਹੁੰਚਿਆ ਜਾਵੇ ਜਿੱਥੇ ਸਾਡਾ ਹੋਟਲ ਬੁੱਕ ਸੀ। ਸ਼ੇਰੂ ਨੇ ਬੇਫ਼ਿਕਰ ਰਹਿਣ ਲਈ ਕਿਹਾ ਤੇ ਜ਼ੋਰ ਦੇਣ ਦੇ ਬਾਵਜੂਦ ਵੀ ਕੋਈ ਪੈਸਾ ਲੈਣਾ ਨਾ ਮੰਨਿਆਂ।  ਦੁਨੀਆਂ ਚ ਚੰਗੇ ਬੰਦੇ ਵੀ ਹਨ।  ਉਹਨੇ ਇਕ ਮਹਿੰਦਰਾ ਪਿੱਕ ਅੱਪ ਚ ਸਾਨੂੰ ਕਲਪਾ ਭੇਜ ਦਿੱਤਾ।  ਫ਼ੋਨ ਤੇ ਵੀ ਫਿਕਰ ਨਾ ਕਰਨ ਲਈ ਕਹਿੰਦਾ ਰਿਹਾ ਤੇ ਦੂਜੇ ਦਿਨ ਸ਼ਿਮਲੇ ਤੋਂ ਪੁੱਜੇ ਬੰਦੇ ਕੋਲ ਕਾਰ ਟੋਅ ਕਰਵਾ ਕੇ ਭੇਜ ਦਿੱਤੀ। ਕਦੀ ਫਿਰ ਉੱਧਰ ਗਏ ਤਾਂ ਚਾਂਗੋ ਦੇ ਚੰਗੇ ਬੰਦੇ ਨੂੰ ਮਿਲਕੇ ਆਵਾਂਗੇ। 

                                    

Sunday 10 July 2022

ਸਪਿਤੀ ਵੈਲੀ

 ਜਦੋਂ ਤੁਸੀਂ ਸਪਿਤੀ ਵੈਲੀ ਐਂਟਰ ਕਰ ਜਾਂਦੇ ਹੋ ਤਾਂ ਇਹ ਮਹਿਸੂਸ ਹੁੰਦਾ ਕਿ ਕਿਸੇ ਹੋਰ ਹੀ ਦੇਸ਼ ਵਿੱਚ ਪਹੁੰਚ ਗਏ  

ਅਸਲ ਦੇ ਵਿੱਚ ਇਹ ਪੰਜਾਬ ਦੇ ਵਾਗ ਹੋਰ ਹੀ ਦੇਸ ਹੈ 

ਪੰਜ ਦਰਿਆਵਾਂ ਦੀ ਧਰਤੀ ਵੱਢ ਟੁੱਕ ਕਰਕੇ ਅੰਗਰੇਜ ਢਾਈ -ਢਾਈ ਦਰਿਆਵਾਂ ਦੇ ਦੋ ਵੱਖੋ ਵੱਖ ਪੰਜਾਬ ਬਣਾ ਕੇ ਅਲੱਗ-ਅਲੱਗ ਦੇਸਾ ਦੇ ਹਾਕਮਾਂ ਨੂੰ ਸੰਭਾਲ ਕੇ ਤੁਰਦੇ  ਬਣੇ 

ਉਸੇ ਤਰਾ ਤਿੰਬਤ ਦੇ ਨਾਲ ਕੀਤਾ ਗਿਆ ਹੈ ਚੀਨ ਨੇ ਤਿੰਬਤ ਤੇ ਕਬਜ਼ਾ ਕਰ ਉਥੋਂ ਦੇ ਲੋਕਾਂ ਦੇ ਹੱਕਾ ਦਾ ਘਾਣ ਕੀਤਾ ਹੈ । ਤਿੰਬਤ ਦਾ ਕੁਝ ਹਿੱਸਾ ਭਾਰਤ ਦੇ ਕਬਜ਼ੇ ਹੇਠ ਹੈ ਕੁਝ ਲੋਕ ਤਿੱਬਤ ਤੇ ਚੀਨ ਦਾ ਕਬਜ਼ਾ ਹੋਣ ਤੇ ਭਾਰਤ ਚ ਆ ਵਸੇ ਅਸੀਂ ਇੱਕ ਹੋਟਲ ਚ ਰੋਟੀ ਖਾਦੀ ਹੋਟਲ ਵਾਲੇ ਨੇ ਦੱਸਿਆ ਸਾਡੇ ਪੁਰਖੇ ਤਿੱਬਤ ਦੇ ਸੀ ਅਸੀਂ ਚੀਨ ਤੋ ਡਰਦਿਆਂ ਨੇ ਭਾਰਤ ਸਰਨ ਲਈ  ਹਿਮਾਚਲ ਦੇ ਸਪਿਤੀ ਦੇ ਬਹੁਤ ਸਾਰੇ ਇਲਾਕੇ ਚ ਤਿੱਬਤੀ ਵਸੇ ਹੋਏ ਨੇ 

ਜਦੋਂ ਪੰਜਾਬੀ ਕਿਤੇ ਵੀ ਪਰਵਾਸ ਕਰਕੇ ਜਾਦੇ ਨੇ ਤਾ ਅਪਣਾ  ਖਾਣਾ ਤੇ ਗੁਰੂ ਸਾਹਿਬ ਜੀ ਦੇ ਜਗਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਰੂਰ ਪ੍ਰਕਾਸ਼ ਕਰਨ ਦਾ ਯਤਨ ਕਰਦੇ ਨੇ ਤੇ ਬਹੁਤ ਸਾਰੀਆਂ ਥਾਵਾ ਤੇ ਜਿਥੇ ਪੰਜਾਬੀ ਬਹੁਤ ਘੱਟ ਗਿਣਤੀ ਚ ਨੇ ਪਰ ਗੁਰੂ ਘਰ  ਜਰੂਰ ਦੇਖਣ ਨੂੰ ਮਿਲਦੇ ਨੇ 

ਇਸੇ ਤਰਾ ਤਿੱਬਤੀ ਜਿਥੇ ਵੀ ਵਸੇ ਨੇ ਅਪਣਾ ਸਭਿਆਚਾਰ ਜਰੂਰ ਨਾਲ ਲੈ ਆਏ ਨੇ ਇਹਨਾਂ ਦਾ ਖਾਣ ਪੀਣ ਪਹਿਰਾਵਾ,ਤੇ ਧਰਮ ਜਿਆਦਾ ਤਰ ਬੁੱਧ ਧਰਮ ਨੂੰ ਮੰਨਦੇ ਨੇ ਅਪਣੇ ਨਾਲ-ਨਾਲ ਲੈ ਕੇ ਚੱਲ੍ਹ ਰਹੇ ਨੇ 

ਜਿਹੜੇ ਪਿੰਡ ਚ ਅਸੀਂ ਗਏ ਜਿਆਦਾ ਤਰ ਅਬਾਦੀ ਬੋਧੀ ਸੀ ਤੇ ਇਥੇ ਲੱਗੀ ਮਹਾਤਮਾ ਬੁੱਧ ਜੀ ਦੀ ਮੂਰਤੀ  ਖਿੱਚ ਦਾ ਕੇਂਦਰ ਹੈ



Thursday 7 July 2022

ਪਾਗਲਪਨ ਦੇ ਸ਼ਿਕਾਰ

ਹਿਮਾਚਲ ਦੇ ਇਕ ਦੂਰ ਦਰਾਜ ਦੇ ਪਿੰਡ ਵਿੱਚ ਕੁਝ ਦਿਨਾਂ ਲਈ ਆ ਟਿਕਿਆਂ। ਇੱਥੇ ਕੋਈ ਪਬਲਿਕ ਟਰਾਂਸਪੋਰਟ ਨਹੀਂ ਆਉਂਦੀ। ਆਪਣੀ ਗੱਡੀ ਨਾਲ ਵੀ 4 ਕਿਲੋਮੀਟਰ ਕੱਚੇ ਰਸਤੇ ਤੋਂ ਕੋਈ ਹਿੰਮਤੀ ਹੀ ਪੁੱਜਦਾ ਹੈ। ਲੋਕਲ ਟੈਕਸੀਆਂ ਵਾਲੇ ਟਰੈਕਰਾਂ ਨੂੰ ਢੋਂਦੇ ਹਨ। 3 ਕਿਲੋਮੀਟਰ ਦੂਰ ਅੱਜ ਇਕ ਵਾਟਰਫ਼ਾਲ ਤੇ ਗਿਆ ਜਿੱਥੇ ਪੈਦਲ ਹੀ ਜਾਇਆ ਜਾ ਸਕਦੈ। ਇਸ ਵੀਰਾਨੇ ਵਿਚ ਕੋਈ ਕੋਈ ਹੀ ਪੁੱਜਦਾ ਹੈ। ਲੁਧਿਆਣੇ ਤੋਂ ਵਪਾਰੀ ਵਰਗ ਦੇ ਨੌਜਵਾਨਾਂ ਦਾ ਇਕ ਗਰੁੱਪ ਓਥੇ ਪੁੱਜਿਆ ਹੋਇਆ ਸੀ। ਉਹ ਅੰਡਰਵੀਅਰਾਂ ਪਾ ਕੇ ਨਹਾ ਰਹੇ ਸਨ। ਪੀਤੀਆਂ ਅਣਪੀਤੀਆਂ ਬੀਅਰਾਂ ਦੀਆਂ ਬੋਤਲਾਂ ਏਧਰ ਓਧਰ ਪਈਆਂ ਸਨ। ਭਾਸ਼ਾ ਵਿਚ ਗਾਹਲਾਂ ਤੇ ਅਸ਼ਲੀਲਤਾ ਦੀ ਹਮਕ ਰਲੀ ਸੀ। ਮੈਂ ਇਕ ਪੱਥਰ ਤੇ ਬੈਠ ਗਿਆ। ਪੰਜਾਬ ਤੋਂ ਬਾਹਰੋਂ ਇਕ ਜਵਾਨ ਜੋੜਾ ਓਥੇ ਪੁੱਜਦਾ ਹੈ। ਕੁੜੀ ਮੁੰਡੇ ਦੋਵਾਂ ਦੀ ਉਮਰ ਵੀਹਵਿਆਂ ਦੇ ਮੁਢਲੇ ਸਾਲਾਂ ਵਿਚ ਹੈ। ਦੋਵੇਂ ਆਪਣੀ ਮਸਤੀ ਵਿਚ ਡੂੰਘੇ ਪਾਣੀ ਦੇ ਇਕ ਕੁਦਰਤੀ ਪੂਲ ਕੋਲ ਪੁੱਜਦੇ ਹਨ। ਵੀਰਾਨੇ ਵਿਚ ਕੁੜੀ ਵੇਖ ਕੇ ਪਹਿਲਾਂ ਨਹਾ ਰਹੇ ਮੁੰਡਿਆਂ ਦੇ ਸਾਹ ਭਾਰੀ ਹੋ ਗਏ ਹਨ। ਉਹ ਅੱਖਾਂਸੋਰੀ ਇਸ਼ਾਰੇ ਕਰਨ ਲੱਗੇ ਤੇ ਭਾਸ਼ਾ ਹੋਰ ਰੜਕਵੀਂ ਵਰਤਣ ਲੱਗੇ। ਕੁੜੀ ਨੇ ਇਕ ਪੱਥਰ ਓਹਲੇ ਜਾ ਕੇ ਨਹਾਉਣ ਵਾਲੇ ਕੱਪੜੇ ਪਾਏ। ਉਹ ਟੂ ਪੀਸ ਪਾ ਕੇ ਆਈ। ਚੁੱਪ ਚਾਪ ਪਾਣੀ ਵਿਚ ਉਤਰੀ ਤੇ ਨਹਾਉਣ ਲੱਗੀ। ਉਹਦਾ ਸਾਥੀ ਮੁੰਡਾ ਉਹਦੀਆਂ ਫੋਟੋਆਂ ਖਿੱਚਣ ਤੇ ਵੀਡਿਓ ਬਣਾਉਣ ਲੱਗਾ। ਕੁੜੀ ਮਛਲੀ ਵਾਂਗ ਪਾਣੀ ਵਿਚ ਤੈਰ ਰਹੀ ਸੀ। 

ਗਰੁੱਪ ਵਿਚ ਨਹਾ ਰਹੇ ਮੁੰਡਿਆਂ ਦੀਆਂ ਹਰਕਤਾਂ ਤੇ ਰੌਲਾ ਵੇਖ ਕੇ ਮੇਰੇ ਕੋਲੋਂ ਓਥੇ ਬੈਠਿਆ ਨਹੀਂ ਗਿਆ। ਮੈਂ ਕਮਰੇ ਵਿਚ ਆ ਗਿਆ। ਨੈੱਟ ਤੇ ਵੇਖਿਆ ਸੋਸ਼ਲ ਮੀਡੀਆ ਉੱਪਰ ਲੋਕ ਭਗਵੰਤ ਮਾਨ ਨੂੰ ਦੂਜੇ ਤੇ ਘੱਟ ਉਮਰ ਦੀ ਕੁੜੀ ਨਾਲ ਵਿਆਹ ਲਈ ਕੋਸ ਰਹੇ ਹਨ। ਅਸੀਂ ਕਿੰਨੇ ਵੱਡੇ ਜੱਜ ਹਾਂ। ਝੱਟ ਫੈਸਲਾ ਸੁਣਾ ਧਰਦੇ ਆਂ। ਕਿਸੇ ਦੀ ਪ੍ਰਾਈਵੇਸੀ ਕੋਈ ਮਾਅਨਾ ਕਿੱਥੇ ਰਖਦੀ ਸਾਡੇ ਲਈ।

   ਫੂਕੋ ਮੈਡਨੈਸ ਐਂਡ ਸਿਵਿਲਾਇਜ਼ੇਸ਼ਨ ਵਿਚ ਕਹਿੰਦਾ ਅਸੀਂ ਸਾਰੇ ਸਭਿਅਕ ਲੋਕ ਪਾਗਲਪਨ ਦੇ ਸ਼ਿਕਾਰ ਆਂ, ਪਰ ਉਦੋਂ ਤਕ ਕਿਸੇ ਨੂੰ ਪਾਗ਼ਲ ਨਹੀਂ ਕਹਿੰਦੇ ਜਦੋਂ ਤਕ ਉਹ ਸੜਕ ਕਿਨਾਰੇ ਖੜ੍ਹ ਕੇ ਵੱਟੇ ਨਾ ਮਾਰਨ ਲੱਗ ਜਾਵੇ।

 ਡੂੰਘੀ ਸ਼ਾਮ ਦੂਰ ਇਕ ਪਹਾੜੀ ਪਿੰਡ ਦੇ ਇਕ ਘਰ ਵਿਚ ਵਿਆਹ ਦਾ ਸੰਗੀਤ ਸੁਣਿਆ ਹੈ। ਸਿੱਧੂ ਮੂਸੇ ਵਾਲੇ ਦਾ ਗੀਤ ' ਉੱਠੂਗਾ ਜਵਾਨੀ ਚ ਜਨਾਜ਼ਾ ਮਿੱਠੀਏ ' ਦੇ ਬੋਲ ਗੂੰਜੇ ਹਨ। ਮਨ ਉਦਾਸ ਹੋਇਆ ਹੈ। 


   ਬਾਕੀ ਫਿਰ ਸਹੀ.....


   ---ਜਗ ਜੋ

Tuesday 5 July 2022

ਮਨਾਲ਼ੀ


         ਰਾਤ ਤਕਰੀਬਨ 9 ਕੁ ਵਜੇ ਅਸੀਂ ਮਨਾਲ਼ੀ ਪਹੁੰਚੇ , ਹੋਟਲ ਬੁਕ ਕਰਵਾਇਆ, ਸਮਾਨ ਹੋਟਲ ਵਿੱਚ ਰੱਖਿਆ ਅਤੇ ਮਾਲ ਰੋਡ ਬਾਜ਼ਾਰ ਦੇਖਣ ਲਈ ਤੁਰ ਪਏ, ਟੈਪਰੇਚਰ ਤਕਰੀਬਨ 20 ਕੁ ਡਿਗਰੀ ਸੀ ਬਹੁਤੇ ਲੋਕ ਮੋਟੀਆਂ ਕੋਟੀਆਂ , ਜੈਕਟਾਂ ਪਾਈ ਫਿਰ ਰਹੇ ਸਨ, ਸਾਨੂੰ ਹਲਕੀ ਹਲਕੀ ਠੰਡ ਤਾਂ ਲੱਗ ਰਹੀ ਸੀ ਪਰ ਏਨੀ ਨਹੀਂ ਜੇ ਜੈਕਟ ਪਾਉਣੀ ਪਵੇ।

         ਬਜ਼ਾਰ ਪਹੁੰਚ ਕੇ ਸਭ ਤੋ ਪਹਿਲਾ ਕੰਮ ਅਸੀਂ ਕੋਈ ਵਧੀਆ ਰੈਸਟੋਰੈਂਟ ਲੱਭਣ ਦਾ ਕੀਤਾ ਕਿਉਂਕਿ ਅਸੀਂ ਰਾਤ ਦਾ ਖਾਣਾ ਖਾ ਕੇ ਹੀ ਬਾਕੀ ਬਜ਼ਾਰ ਘੁੰਮਣਾ ਚਾਹੁੰਦੇ ਸੀ। ਸਾਨੂ ਓਥੇ ਪਤਾ ਲੱਗਿਆ ਕਿ ਵੀਕਐਂਡ ਤੇ ਏਥੇ ਬਾਜ਼ਾਰ ਵਿੱਚ ਬਹੁਤ ਜਿਆਦਾ ਰਸ਼ ਹੋ ਜਾਂਦਾ ਅਤੇ ਰੈਸਟੋਰੈਂਟ ਦੇ ਅੰਦਰ ਜਾਣ ਲਈ ਲਾਈਨ ਵਿੱਚ ਲੱਗਣਾ ਪੈਂਦਾ ਅਤੇ ਕਈ ਵਾਰ ਤਾਂ 1 ਘੰਟੇ ਤੱਕ ਇੰਤਜਾਰ ਕਰਨਾ ਪੈਂਦਾ, ਖੈਰ ਅਸੀਂ ਇੱਕ ਰੈਸਟੋਰੈਂਟ ਦੇਖਿਆ ਅਤੇ ਰਾਤ ਦਾ ਖਾਣਾ ਖਾ ਕੇ ਮਾਲ ਰੋਡ ਬਾਜ਼ਾਰ ਦੇਖਣ ਲਈ ਅੱਗੇ ਤੁਰ ਪਏ।

              ਬਾਜ਼ਾਰ ਵਿੱਚ ਜਿਆਦਾਤਰ ਸਮਾਨ ਸਰਦੀਆਂ ਦੇ ਕਪੜੇ ਹੀ ਸਨ, ਬੱਚਿਆਂ ਦੇ ਖਿਡੌਣੇ ਘਰੇਲੂ ਡੇਕੋਰਸ਼ਨ  ਦੇ ਸਮਾਨ ਦੀਆਂ ਦੁਕਾਨ ਵੀ ਬਹੁਤ ਸਨ, ਜਿਵੇ ਕੇ ਕਿਸੇ ਵੀ ਟੂਰਿਸਟ ਪਲੇਸ ਦੇ ਬਜ਼ਾਰ ਵਿੱਚ ਅਸੀਂ ਦੇਖਦੇ ਹਾਂ ਕਿ ਸਮਾਨ ਆਮ ਬਜ਼ਾਰ ਨਾਲੋਂ ਮਹਿੰਗਾ ਹੁੰਦਾ ਹੈ ਏਥੇ ਵੀ ਮੈਨੂੰ ਸਮਾਨ ਆਮ ਨਾਲੋਂ ਮਹਿੰਗਾ ਪ੍ਰਤੀਤ ਹੋਇਆ

 ਦੁਕਾਨਾਂ ਦੇ ਬਾਹਰ ਸੜਕ ਤੇ ਬਹੁਤ ਸਾਰੇ ਲੋਕ ਪਾਨ ਅਤੇ ਗੁਲਾਬ ਜਾਮੁਣ ਵੇਚਣ ਵਾਲੇ ਘੁੱਮ ਰਹੇ ਸਨ।

          ਮਾਲ ਰੋਡ ਤੇ ਹੀ ਮਨਾਲ਼ੀ ਦਾ ਬੱਸ ਸਟੈਂਡ ਵੀ ਸਥਿਤ ਹੈ ਜਿਸਦੇ ਆਸ ਪਾਸ ਬਾਹਠ ਸਾਰੇ ਟੈਕਸੀ ਸਟੈਂਡ ਜਾ ਕਹਿ ਲਓ ਕੇ ਟਰੈਵਲ ਏਜੰਟ ਦੀਆਂ ਦੁਕਾਨਾਂ ਹਨ ਜੋ ਕੇ ਤੁਹਾਨੂੰ ਟੈਕਸੀ ਵਿੱਚ ਮਨਾਲ਼ੀ ਦੇ ਆਸ ਪਾਸ ਦੀਆਂ ਕੁਝ ਮਸ਼ਹੂਰ ਥਾਵਾਂ ਘੁਮਾਉਂਦੇ ਹਨ ਜਿਸਦਾ ਉਹ 2500 ਤੋ 4000 ਤੱਕ ਕਿਰਾਇਆ ਲੈਂਦੇ ਹਨ ਮਨਾਲ਼ੀ ਬੱਸ ਸਟੈਂਡ ਤੋ ਸਵੇਰੇ 7 ਵਜੇ ਇੱਕ ਸਰਕਾਰੀ ਬੱਸ ਵੀ ਚਲਦੀ ਹੈ ਜੋ ਸੀਸੁ, ਕਿਲੌਂਗ, ਜਿਸਪਾ ਅਤੇ ਬਾਰਾਲਚਾ ਪਾਸ ਵਰਗੀਆਂ ਥਾਵਾਂ ਤੁਹਾਨੂੰ 900 ਰੁਪਏ ਦੇ ਖਰਚੇ ਵਿੱਚ ਅਤੇ 1 ਦਿਨ ਵਿੱਚ ਘੁਮਾਉਂਦੇ ਹਨ।


Monday 4 July 2022

ਓਮ ਪਰਬਤ ਟ੍ਰੈਕ

 ਓਮ ਪਰਬਤ ਟ੍ਰੈਕ ਦੌਰਾਨ ਜਿਓਲਿੰਕਾਂਗ ਲਾਸਟ ਪੁਆਇੰਟ ਐ ਜਿੱਥੋਂ 'ਓਮ' ਦੇ ਦਰਸ਼ਨ ਕਰਦੀ ਆ ਜਨਤਾ। ਏਹ ਜਗ੍ਹਾ ਚੀਨ ਦੇ ਬਾਡਰ ਤੋਂ ਅੱਠ ਕੁ ਕਿਲੋਮੀਟਰ ਪਹਿਲਾਂ ਆਉਂਦੀ ਐ। ਏਥੇ ਰਹਿਣ ਲਈ ਦੋ ਤਿੰਨ ਤੰਬੂਨੁਮਾ ਠਾਹਰਾਂ ਬਣੀਆਂ ਹੋਈਆਂ ਨੇ। ਜਿੱਥੇ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਕਰਿਆਨੇ ਦਾ ਸਮਾਨ ਵੀ ਮਿਲ ਜਾਂਦੈ। ਏਥੇ ਈ ਇੱਕ ਛੋਟਾ ਜਾ ਦਿਵਿਆਂਸ਼ ਹੋਟਲ ਐ। ਜੂਨ 2018 ਚ ਅਸੀਂ ਓਮ ਪਰਬਤ ਦੀ ਝਲਕ ਦੇਖਣ ਲਈ ਲਗਭਗ ਤਿੰਨ ਦਿਨ ਤੱਕ ਏਥੇ ਲਿਟੇ ਰਹੇ। ਹੋਟਲ ਨੂੰ ਅਸ਼ੋਕ ਗੁੰਜਿਆਲ ਤੇ ਉਹਦੀ ਹਮਸਫ਼ਰ ਕਰਾਂਤੀ ਚਲਾਉਂਦੇ ਨੇ। ਇੱਕ ਛੋਟਾ ਜਿਹਾ ਪਿਆਰਾ ਜਾ ਬੱਚਾ ਵੀ ਉਹਨਾਂ ਦੇ ਨਾਲ਼ ਈ ਰਹਿੰਦੈ ਜੀਹਦਾ ਨਾਮ ਐ ਦਿਵਿਆਂਸ਼ੂ। ਬੜਾ ਚੁਲਬੁਲਾ ਤੇ ਸ਼ਰਾਰਤੀ ਐ। ਉਹਦੇ ਨਾਂ ਤੇ ਮਾਂ ਬਾਪ ਨੇ ਹੋਟਲ ਦਾ ਨਾਮ ਰੱਖਿਆ ਹੋਇਆ। ਅੱਠ ਦਸ ਦਿਨ ਟ੍ਰੈਕ ਕਰਕੇ ਏਥੇ ਪਹੁੰਚੇ ਥੱਕੇ ਟੁੱਟੇ ਯਾਤਰੀਆਂ ਦਾ ਜੀਅ ਲਵਾਉਣ ਲਈ ਦਿਵਿਆਂਸ਼ੂ ਈ ਸਹਾਰਾ ਬਣਦੈ। ਹਰੇਕ ਉਹਨੂੰ ਗੋਦੀ ਚੁੱਕਣ ਦੀ ਕੋਸ਼ਿਸ਼ ਕਰਦੈ ਪਰ ਉਹ ਹਰੇਕ ਦੇ ਹੱਥ ਨੀ ਆਉਂਦਾ। ਸੁਭਾਅ ਦਾ ਪੂਰਾ ਕੱਬੈ ਗਿੱਟਿਆਂ ਤੇ ਡੰਡਾ ਮਾਰਨ ਲੱਗਿਆ ਘੌਲ ਨੀ ਕਰਦਾ। ਤਿੰਨ ਦਿਨਾਂ ਚ ਉਹਦੇ ਨਾਲ ਕਾਫੀ ਆੜੀ ਪੈਗੀ ਸੀ। ਵਿਹਲੇ ਬੈਠੇ ਕਦੇ ਦਿਵਿਆਂਸ਼ੂ ਨਾਲ਼ ਫੁੱਟਬਾਲ ਖੇਡਣ ਲੱਗ ਪੈਂਦੇ , ਕਦੇ ਲੁਕਾ ਛਿਪੀ ਜਾਂ ਫੇਰ ਤਾਸ਼ ਕੁੱਟਦੇ ਰਹਿੰਦੇ। ਮੌਸਮ ਖ਼ਰਾਬ ਹੋਣ ਕਰਕੇ ਓਮ ਪਰਬਤ ਵੈਰੀ ਬਣ ਬੈਠ ਗਿਆ। ਏਥੇ ਫ਼ੌਜੀ ਚੌਂਕੀ ਵੀ ਆ। ਘਰ ਤੋਂ ਦੂਰ ਬੈਠੇ ਫ਼ੌਜੀ ਵੀਰਾਂ ਦਾ ਦਿਲ ਵੀ ਦਿਵਿਆਂਸ਼ ਈ ਲਵਾਉਂਦੈ। ਜਿਹੜਾ ਫ਼ੌਜੀ ਲੰਘਦਾ ਐ ਉਹਨੂੰ ਛੇੜਕੇ ਲੰਘਦੈ। ਕੋਈ ਲੰਘਦਾ ਟੱਪਦਾ ਖਾਣ ਨੂੰ ਕੁਸ਼ ਨਾ ਕੁਸ਼ ਦੇ ਜਾਂਦੈ। ਹੁਣ ਤਾਂ ਕਾਫ਼ੀ ਚੋਬਰ ਹੋ ਗਿਆ ਹੋਣਾਂ ਦਿਵਿਆਂਸ਼ੂ। ਜਿਉਂਦਾ ਵਸਦਾ ਰਹੇ ਨੰਨ੍ਹਾ ਚੈਂਪੀਅਨ।

Saturday 2 July 2022

ਸਪਿਤੀ ਯਾਤਰਾ - 2

 ਸਪਿਤੀ ਯਾਤਰਾ - 2 


ਅਲਫ਼ ਲੈਲਾ ਦੀਆਂ ਕਹਾਣੀਆਂ ਵਰਗਾ ਵਿਲੱਖਣ ਪਿੰਡ :-  ' ਨਾਕੋ' 

_________________________

 ਖ਼ਾਬ ਪੁਲ਼ ਟੱਪ ਕੇ ਬੇਸ਼ੱਕ ਅਸੀਂ ਸਪਿਤੀ ਵੈਲੀ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ ਪਰੰਤੂ ਨਾਕੋ ਤੱਕ ਜ਼ਿਲ੍ਹਾ ਕਿਨੌਰ ਹੀ ਪੈਂਦਾ ਹੈ । ਸੜਕ ਬੇਸ਼ੱਕ ਬਹੁਤ ਖੂਬਸੂਰਤ ਹੈ ਪਰ ਘੁਮਾਅਦਾਰ  ਤਿੱਖੇ ਮੋੜ ਇੱਕ ਵਾਰ ਹਰ  ਇਨਸਾਨ ਨੂੰ ਨਾਨੀ ਚੇਤੇ ਕਰਾ ਦਿੰਦੇ ਹਨ । ਇੱਥੇ ਜਗ੍ਹਾ ਜਗ੍ਹਾ ਅੰਗਰੇਜ਼ੀ ਵਿਚ ਬੋਰਡ  ਲੱਗਿਆ ਹੈ  'Dont be Gama

 in the land of lama '  

ਭਾਵ ਲਾਮਿਆਂ ਦੀ ਧਰਤੀ ਤੇ  ਹੀਰੋ ਬਣਨ ਦੀ ਲੋੜ ਨਹੀਂ ਸਗੋਂ ਗੱਡੀ ਦੇਖ ਕੇ ਸੋਚ ਸਮਝ ਕਿਤੇ  ਸਪੀਡ ਵਿੱਚ ਚਲਾਓ । ਸੱਪ ਵਾਂਗੂ ਵਲ ਖਾਂਦੀਆਂ ਘੁਮਾਅਦਾਰ ਸੜਕਾਂ ਤੇ ਔਖਾ ਸਫ਼ਰ ਕਰਦੇ ਅਸੀਂ   ਨਾਕੋ ਪਿੰਡ  ਜਾ ਪਹੁੰਚਦੇ ਹਾਂ । 12014 ਫੁੱਟ ਦੀ ਉਚਾਈ ਤੇ ਵਸਿਆ ਨਾਕੋ ਪਿੰਡ ਕਾਜ਼ਾ ਦੇ ਬਰਾਬਰ ਦੀ ਉਚਾਈ ਨਾਲ ਇਸ ਇਲਾਕੇ ਦਾ ਸਭ ਤੋਂ ਉੱਚਾ ਪਿੰਡ ਹੈ । ਖ਼ੂਬਸੂਰਤ ਦ੍ਰਿਸ਼ ਤੇ ਠੰਢਾ ਵਾਤਾਵਰਣ ਸਾਨੂੰ ਨਾਕੋ ਰਹਿਣ ਲਈ ਮਜਬੂਰ ਕਰਦਾ ਹੈ  ।  ਮਿੱਤਰ ਹਰਜਿੰਦਰ ਅਨੂਪਗੜ੍ਹ ਤੋਂ ਇੱਥੇ ਰਹਿਣ ਵਾਲੀ ਥਾਂ ਬਾਰੇ ਪੁੱਛਿਆ ਸੀ ਤਾਂ ਉਸ ਨੇ ਇੱਕ ਹੋਮ ਸਟੇਆ ਨਹਿਰੂ ਰੈਸਟ ਹਾਊਸ ਬਾਰੇ ਦੱਸ ਪਾਈ ਜੋ ਇੱਥੋਂ ਦੇ ਬੁੱਧ ਮੱਠ ਦੇ ਬਿਲਕੁਲ ਨਾਲ ਲਗਦੀ ਸੀ।  ਤਿੰਨ ਸੌ ਰੁਪਏ ਪ੍ਰਤੀ ਬੰਦਾ ਰਹਿਣਾ ਅਤੇ ਖਾਣਾ ਨਿਬੇੜ ਕੇ ਅਸੀਂ ਨਹਿਰੂ ਹੋਮ ਸਟੇਅ ਵਿੱਚ ਆਪਣਾ ਸਾਮਾਨ ਟਿਕਾ ਦਿੰਦੇ ਹਾਂ । ਸਭ ਤੋਂ ਪਹਿਲਾਂ ਅਸੀਂ ਇੱਥੋਂ ਦੀ ਪ੍ਰਸਿੱਧ ਮੋਨੈਸਟਰੀ/ ਬੋਧ ਮੱਠ ਜਿਸ ਨੂੰ ਸਥਾਨਕ ਭਾਸ਼ਾ ਵਿੱਚ  ਗੋਂਫਾ ਕਹਿੰਦੇ ਹਨ ਉਹ ਦੇਖਣ ਜਾਂਦੇ ਹਾਂ  । 11 ਵੀਂ ਵਿੱਚ 1025 ਈ:  ਦੇ ਲਗਪਗ ਇਹ ਮੱਠ ਬਣਾਇਆ ਗਿਆ।  ਤਾਬੋ ਦਾ ਮੱਠ ਵੀ ਇਸ  ਦਾ ਸਮਕਾਲੀ ਹੈ (ਜਿਸ ਬਾਰੇ ਅਗਲੀ ਪੋਸਟ ਵਿੱਚ ਜ਼ਿਕਰ ਕਰਾਂਗੇ  )।

ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਅੱਠਵੀਂ ਸਦੀ ਵਿੱਚ ਮਾਸਟਰ ਰਿਮਪੋਛੇ  ਬੁੱਧ ਧਰਮ ਨੂੰ  ਨਾਕੋ ਵਿੱਚ ਲੈ ਕੇ ਆਏ। ਉਸ ਤੋਂ ਬਾਅਦ ਵਿੱਚ ਮਹਾਨ ਅਨੁਵਾਦਕ ਰਿਨਚੇਨ ਜਾਂਗਪੋ ਨੇ 958-1055  ਈ: ਵਿਚ ਇਲਾਕੇ ਵਿਚ ਬੁੱਧ ਮੱਠਾਂ ਦੀ ਸਥਾਪਨਾ ਕੀਤੀ । ਨਾਕੋ ਬੇਹੱਦ ਪ੍ਰਾਚੀਨ ਪਿੰਡ ਹੈ ,ਅਸੀਂ ਪਿੰਡ ਦੀ ਗਲੀ ਗਲੀ ਘੁੰਮਦੇ ਹਾਂ।  ਇੰਜ ਲੱਗਦਾ ਹੈ ਜਿਵੇਂ  ਅਚਾਨਕ ਪੁਰਾਤਨ ਸਮੇਂ ਦੇ ਕਿਸੇ ਬਹੁਤ ਪ੍ਰਾਚੀਨ ਸ਼ਹਿਰ ਵਿਚ ਆ ਗਏ ਹੋਈਏ । ਅਸਲ ਵਿਚ ਨਾਕੋ ਪ੍ਰਾਚੀਨਤਾ ਅਤੇ ਆਧੁਨਿਕਤਾ ਦਾ ਸੁਮੇਲ ਹੈ  । ਪੁਰਾਣਾ ਪਿੰਡ ਦੇਖ ਕੇ ਅਸੀਂ ਬੁੱਧ ਮੋਨੈਸਟਰੀ ਦੇਖਦੇ  ਹਾਂ । ਉੱਥੇ ਬੈਠੇ ਸਥਾਨਕ ਲੋਕਾਂ ਅਤੇ ਲਾਮਿਆਂ ਨਾਲ ਗੱਲਾਂ ਬਾਤਾਂ ਕਰਦੇ ਅਸੀਂ ਇੱਥੋਂ ਦੀ ਮਸ਼ਹੂਰ ਮੂਨ ਝੀਲ ( moon lake ) ਦੇਖਣ ਤੁਰ ਪੈਂਦੇ ਹਾਂ । ਘਾਟੀ ਵਿੱਚ ਬਣੀ ਝੀਲ ਬੇਹੱਦ ਖੂਬਸੂਰਤ ਹੈ ,ਝੀਲ ਦੇ ਨੀਲੇ ਪਾਣੀ ਦੇ ਦੁਆਲੇ ਵਿਲੋ (  ਕੀਮਤੀ ਲੱਕੜ ਜਿਸ  ਦੇ ਕ੍ਰਿਕਟ ਬੈਟ ਬਣਦੇ ਹਨ  )  ਅਤੇ ਪਾਪੂਲਰ ਦੇ ਰੁੱਖ ਹਨ। ਸੌ ਰੁਪਿਆ ਪ੍ਰਤੀ ਬੰਦਾ ਲੈ ਕੇ ਇਸ ਝੀਲ ਵਿੱਚ ਬੋਟਿੰਗ ਵੀ ਕਰਾਈ ਜਾਂਦੀ ਹੈ । ਕਹਿੰਦੇ ਹਨ ਇਹ ਝੀਲ ਕੁਦਰਤੀ ਨਹੀਂ ਇਨਸਾਨ ਵੱਲੋਂ ਬਣਾਈ ਗਈ ਹੈ ਸਰਦੀਆਂ ਵਿੱਚ  ਬਿਲਕੁਲ ਜੰਮ ਜਾਂਦੀ ਹੈ ਤੇ ਬੱਚੇ ਇਸ ਉੱਤੇ ਕ੍ਰਿਕਟ ਖੇਡਦੇ ਹਨ । ਝੀਲ ਦੇਖਣ ਤੋਂ ਬਾਅਦ ਅਸੀਂ ਟਰੈਕਿੰਗ ਕਰਦੇ ਹੋਏ ਨਾਕੋ ਦੇ ਸਭ ਤੋਂ ਉੱਚੇ ਸਥਾਨ ਉਤੇ ਜਾ ਪਹੁੰਚਦੇ ਹਾਂ ਜਿੱਥੋਂ ਸਾਰੇ ਨਾਕੋ ਸ਼ਹਿਰ ਦਾ ਦ੍ਰਿਸ਼ ਦਿਖਾਈ ਦਿੰਦਾ ਹੈ । ਕੁਦਰਤ ਦੀ ਖੂਬਸੂਰਤੀ ਦਾ ਆਨੰਦ ਮਾਣਦੇ ਤੇ ਨਾਕੋ ਦਾ ਪੁਰਾਣਾ ਪਿੰਡ ਦੇਖਦੇ ਹੋਏ ਅਸੀਂ ਆਪਣੇ ਹੋਮ ਸਟੇਅ ਵਿੱਚ ਵਾਪਸ ਆ ਜਾਂਦੇ ਹਾਂ । ਹੋਮ ਸਟੇਅ ਵਿੱਚ ਸਾਡੀ ਮੁਲਾਕਾਤ ਇਕ ਕਲਕੱਤੇ ਦੇ ਟਰੈਵਲਰ ਨਾਲ ਹੁੰਦੀ ਹੈ,  ਜੋ ਕਿ ਇਕੱਲਾ ਹੀ ਸਾਰੀ ਦੁਨੀਆਂ ਘੁੰਮਣ ਨਿਕਲਿਆਂ ਵਿਦਿਆਰਥੀ ਹੈ । ਗੱਲਾਂ ਬਾਤਾਂ ਕਰਦਿਆਂ ਬਹੁਤ ਨਮੋਸ਼ੀ ਹੁੰਦੀ ਹੈ ਕਿ ਉਸ ਦੇ ਪੰਜਾਬ ਬਾਰੇ ਵਿਚਾਰ ਬਹੁਤ ਮਾੜੇ ਹਨ । ਬੰਗਾਲ ਤੋਂ ਆਇਆ ਮੁੰਡਾ ਪੰਜਾਬ ਬਾਰੇ ਦੱਸਦਾ ਹੈ ਕਿ ਮੈਂ ਪੰਜਾਬ ਨਹੀਂ ਜਾ ਸਕਦਾ, ਲੋਕ ਕਹਿੰਦੇ ਹਨ ਕਿ ਪੰਜਾਬੀ ਬਹੁਤ ਖ਼ਤਰਨਾਕ ਹਨ। ਇਵੇਂ ਹੀ ਬੰਦਾ ਮਾਰ ਦਿੰਦੇ ਹਨ ਉੱਥੇ ਤਾਂ ਹਰ ਥਾਂ ਤੇ ਗੈਂਗਵਾਰ ਹੁੰਦੀ ਹੈ । ਅਸੀਂ ਉਸ ਨੂੰ ਬਹੁਤ ਸਮਝਾਇਆ ਕਿ ਜਿਸ ਤਰ੍ਹਾਂ ਮੀਡੀਆ ਨੇ ਪੰਜਾਬ ਦੀ ਛਵੀ ਬਣਾਈ ਹੈ ਪੰਜਾਬ ਬਿਲਕੁੱਲ ਵੀ ਉਸ ਵਰਗਾ ਨਹੀਂ ਹੈ ਅਸੀਂ ਉਸ ਨੂੰ ਆਪਣਾ ਨੰਬਰ ਦਿੰਦੇ ਹਾਂ ਕਿ ਹੁਣ ਜਦੋਂ ਵੀ ਸਮਾਂ ਲੱਗਿਆ ਤਾਂ ਪੰਜਾਬ ਆਈ ਤੈਨੂੰ ਅਸੀਂ ਪੰਜਾਬ ਦੀ ਅਸਲੀ ਤਸਵੀਰ ਦਿਖਾਵਾਂਗੇ । ਪੰਜਾਬ ਬਾਰੇ ਅਜਿਹੀ ਧਾਰਨਾ ਦੂਜੀਆਂ ਸਟੇਟਾਂ ਦੇ ਲੋਕਾਂ ਵਿੱਚ ਬਨਣ ਕਾਰਨ ਸਾਨੂੰ ਬਹੁਤ ਨਿਰਾਸ਼ਤਾ ਵੀ ਹੁੰਦੀ ਹੈ । ਅਸੀਂ ਇਕੱਠੇ ਰੋਟੀ ਖਾਂਦੇ ਹਾਂ ਤੇ ਸਪਿਤੀ ਬਾਰੇ ਗੱਲਾਂ ਕਰਦੇ ਹਾਂ। ਹੋਮ ਸਟੇਅ ਦਾ ਮਾਲਕ ਦੱਸਦਾ ਹੈ ਕਿ ਨਾਕੋ ਬਹੁਤ ਉਚਾਈ ਤੇ ਹੋਣ ਕਾਰਨ ਇੱਥੇ ਅਕਸਰ ਬਹੁਤੇ ਲੋਕਾਂ ਨੂੰ ਆਕਸੀਜਨ ਦੀ ਸਮੱਸਿਆ  ਆ ਜਾਂਦੀ ਹੈ ਕਿਉਂਕਿ ਇੱਥੇ ਆਕਸੀਜਨ ਬਹੁਤ ਘੱਟ ਹੈ । ਇਸ ਦਾ ਸਭ ਤੋਂ ਵਧੀਆ ਇਲਾਜ acclimatization ( ਪਰਿਸਥਿਤੀ ਦੇ ਅਨੁਕੂਲ ਹੋਣਾ ਹੈ  )  ਹੈ । ਭਾਵ ਤੁਸੀਂ ਉਚਾਈ ਵੱਲ ਜਾਂਦੇ ਹਰ ਇੱਕ ਹਜ਼ਾਰ ਫੁੱਟ ਦੀ ਉਚਾਈ ਤੇ ਇੱਕ ਦਿਨ ਬਤੀਤ  ਕਰ ਕੇ ਹੀ ਅੱਗੇ ਜਾਓ। ਬਹੁਤੇ ਲੋਕ ਆਕਸੀਜਨ ਦੀ ਸਮੱਸਿਆ ਨਾਲ ਨਿਪਟਣ ਲਈ Diamox ਦੀਆਂ ਗੋਲੀਆਂ ਲੈਂਦੇ  ਹਨ , ਜੋ ਬਹੁਤ ਕਾਰਗਰ ਹਨ ਪ੍ਰੰਤੂ ਡਾਕਟਰ ਦੀ ਸਲਾਹ  ਬਿਨਾਂ  ਨਹੀਂ ਲੈਣੀਆਂ ਚਾਹੀਦੀਆਂ  । ਕਲਪਾ, ਸਾਂਗਲਾ ਵੈਲੀ ਵਿੱਚ ਘੁੰਮਦਿਆਂ ਅਸੀਂ ਵਾਤਾਵਰਨ ਦੇ ਅਨੁਕੂਲ ਹੋ ਚੁੱਕੇ ਹਾਂ ਇਸ ਲਈ ਸਾਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ । ਰਾਤ ਦੀ ਰੋਟੀ ਖਾ ਕੇ ਅਸੀਂ ਸੌਂ ਜਾਂਦੇ ਹਾਂ ਚ ਸਵੇਰੇ ਗਰਮ ਪਾਣੀ ਨਾਲ ਨਹਾ ਕੇ ਆਪਣੇ ਅਗਲੇ ਸਫ਼ਰ ਵੱਲ ਚੱਲ ਪੈਂਦੇ ਹਾਂ ਜਿਸ ਨਾਲ ਤੁਹਾਨੂੰ ਅਗਲੀ ਪੋਸਟ ਵਿੱਚ ਰੂਬਰੂ  ਕਰਵਾਵਾਂਗੇ। 

           ਚਲਦਾ ...

       

ਸਪਿਤੀ ਯਾਤਰਾ -1

 ਸਪਿਤੀ ਯਾਤਰਾ -1


 ਸਤਲੁਜ ਅਤੇ ਸਪਿਤੀ ਨਦੀ ਦਾ ਸੰਗਮ ਸਥਾਨ :  ਖਾਬ 

-----------------------------

ਕਿਹਾ ਜਾਂਦਾ ਹੈ ਕਿ ਦੁਨੀਆਂ ਵਿਚ ਤਿੰਨ ਤਰ੍ਹਾਂ ਦੇ ਮਾਰੂਥਲ ਪਾਏ ਜਾਂਦੇ ਹਨ ਗਰਮ,ਠੰਢੇ ਅਤੇ ਨਮਕੀਨ । ਭਾਰਤ ਦੀ ਵਿਲੱਖਣਤਾ ਹੈ ਕਿ ਇਸ ਵਿਚ ਤਿੰਨੇ ਤਰ੍ਹਾਂ ਦੇ ਮਾਰੂਥਲ  ਗਰਮ (ਰਾਜਸਥਾਨ ), ਨਮਕੀਨ (ਕੱਛ ਦਾ ਚਿੱਟਾ ਰਣ ਗੁਜਰਾਤ ) ਅਤੇ ਲੇਹ ਲੱਦਾਖ/ਸਪਿਤੀ ਦਾ ਠੰਢਾ ਮਾਰੂਥਲ  ਮੌਜੂਦ ਸਨ । ਆਓ ਆਪਾਂ ਤੁਹਾਨੂੰ ਭਾਰਤ ਦੇ ਠੰਢੇ ਮਾਰੂਥਲ ' ਸਪਿਤੀ ਘਾਟੀ ' ਦੀ ਯਾਤਰਾ ਕਰਵਾਉਂਦੇ ਹਾਂ । 

ਸਪਿਤੀ ਦਾ ਭਾਵ ਹੈ ਮੱਧ ਭੂਮੀ ( ਮਿਡਲ ਲੈੰਡ ) । ਇਹ ਭਾਰਤ ਦੇ ਖ਼ੂਬਸੂਰਤ ਸੂਬੇ ਹਿਮਾਚਲ ਪ੍ਰਦੇਸ਼ ਦਾ ਪੂਰਬੀ ਉੱਤਰੀ ਭਾਗ ਹੈ ਜਿਸ ਦੀ ਸੀਮਾ ਤਿੱਬਤ (ਅੱਜਕੱਲ੍ਹ  ਚੀਨ )

 ਨਾਲ ਲੱਗਦੀ ਹੈ । ਭਾਵ ਇਹ ਭਾਰਤ ਅਤੇ ਤਿੱਬਤ ਦੇ ਵਿਚਕਾਰ ਦਾ ਮੱਧ ਭਾਗ  ਹੈ । 

         ਚੰਡੀਗਡ਼੍ਹ ਤੋਂ ਕੰਡਾਘਾਟ, ਚੈਲ, ਕੁਫਰੀ, ਨਾਰਕੰਡਾ ,ਹਾਤੂ ਪੀਕ, ਤਨੀ ਜ਼ੁਬਾਰ ਝੀਲ , ਸਾਂਗਲਾ, ਚਿਤਕੁਲ, ਕਲਪਾ,  ਰਿਕੌਂਗ ਪੀਓ ,  ਦੇਖਦੇ ਹੋਏ ਅਸੀਂ ਖ਼ਾਬ ਨਾਂ ਦੇ ਖੂਬਸੂਰਤ ਸਥਾਨ ਤੇ ਪਹੁੰਚਦੇ ਹਾਂ । ਖ਼ਾਬ  ਸਤਲੁਜ ਅਤੇ ਸਪਿਤੀ ਨਦੀ ਦਾ ਸੰਗਮ ਸਥਾਨ ਹੈ । ਇੱਥੋਂ ਸਪਿਤੀ ਘਾਟੀ ਦੀ ਸ਼ੁਰੂਆਤ ਹੁੰਦੀ ਹੈ । ਇੱਥੋਂ ਸ਼ੁਰੂ ਹੁੰਦਾ ਹੈ ਨੈਸ਼ਨਲ ਹਾਈਵੇ ਨੰਬਰ ਪੰਜ ਸੌ ਪੰਜ ਜੋ ਇੱਥੋਂ ਨਾਕੋ,  ਸੁਮਦੋ, ਹੁਰਲਿੰਗ, ਤਾਬੋ, ਕਾਜ਼ਾ ,ਲੋਸਰ ,ਕੁੰਜਮ ਪਾਸ, ਬਾਤਲ ਛਤਰੂ ਹੁੰਦਾ ਹੋਇਆ  ਗਰਾਮਫੂ ਤਕ ਜਾ ਕੇ ਸਾਰਾ ਸਪਿਤੀ ਸਰਕਟ ਪੂਰਾ ਕਰਦਾ ਹੈ । 

   ਜਦੋਂ ਅਸੀਂ ਸੰਗਮ ਸਥਾਨ ਤੇ ਪਹੁੰਚਦੇ ਹਾਂ ਤਾਂ ਹਵਾ ਬਹੁਤ ਤੇਜ ਚੱਲ ਰਹੀ ਹੈ। ਪੁਲ ਤੋਂ ਦੋ ਨਦੀਆਂ ਦਾ ਸੰਗਮ ਦ੍ਰਿਸ਼ ਖੂਬਸੂਰਤ ਨਜ਼ਾਰਾ ਪੈਦਾ ਕਰ ਰਿਹਾ ਹੈ ।  ਇੱਕ ਪਾਸਿਓ ਸਪਿਤੀ ਘਾਟੀ ਵੱਲੋਂ ਆ ਰਹੀ ਸਪਿਤੀ ਨਦੀ ( ਜਿਸ ਦੀ ਸਹਾਇਕ ਪਿਨ ਨਦੀ  ਹੈ ਜੋ ਧਾਰ ਪਿੰਡੋ ਤੋਂ ਸ਼ੁਰੂ ਹੋ ਕੇ ਸਮਲਿੰਗ ਦੇ ਸਥਾਨ ਤੇ ਸਪਿਤੀ ਨਦੀ ਚ ਮਿਲ ਜਾਂਦੀ ਹੈ) ਖ਼ਾਬ ਪੁਲ ਤੇ ਆ ਕੇ ਸਤਲੁਜ ਵਿੱਚ ਮਿਲ ਜਾਂਦੀ ਹੈ ।  ਦੂਜੇ ਪਾਸਿਓਂ ਸਤਲੁਜ ਨਦੀ ਜੋ ਕਿ ਤਿੱਬਤ ਦੀ ਮਾਨਸਰੋਵਰ ਝੀਲ ਦੇ ਨੇੜੇ ਰਾਖਸ਼ਸ ਤਾਲ ਜਿਸ ਨੂੰ ਸਥਾਨਕ ਬੋਲੀ ਵਿੱਚ ਲੋਗਚਨ ਖੰਬਾਬ ਕਿਹਾ ਜਾਂਦਾ ਹੈ ਨੇੜਿਓਂ ਨਿਕਲਦੀ ਹੈ ਅਤੇ ਸ਼ਿਪਕੀ ਲਾ ਦਰੇ ਨੇੜਿਓ ਭਾਰਤ ਵਿਚ ਪ੍ਰਵੇਸ਼ ਕਰਦੀ  ਕਰਦੀ ਖ਼ਾਬ ਵਿਚ ਸਪਿਤੀ ਨਦੀ ਨਾਲ ਮਿਲ ਜਾਂਦੀ ਹੈ। ਇਸ ਤੋਂ ਅੱਗੇ ਦੋਵੇਂ ਨਦੀਆਂ ਮਿਲਕੇ ਇਕੱਲੀ ਸਤਲੁਜ ਨਦੀ ਬਣ ਜਾਂਦੀ ਹੈ ਜਿਸ ਵਿੱਚ ਅੱਗੇ ਜਾ ਕੇ ਚਿਤਕੁਲ ਵੱਲੋਂ  ਆਉਂਦੀ ਬਸਪਾ ਨਦੀ ਇਸ ਵਿੱਚ ਆ ਮਿਲਦੀ ਹੈ,  ਇਸ ਤਰ੍ਹਾਂ ਇਹ ਵੱਡੀ ਸਤਲੁਜ ਨਦੀ ਹਿਮਾਚਲ ,ਪੰਜਾਬ ਹੁੰਦੀ ਹਰੀਕੇ ਪੱਤਣ ਤੱਕ ਆ ਜਾਂਦੀ ਹੈ ਇੱਥੇ  ਇਸ ਵਿੱਚ ਬਿਆਸ ਨਦੀ ਆ ਮਿਲਦੀ ਹੈ । ਇੱਥੋਂ ਫਿਰ ਸਤਲੁਜ ਫ਼ਿਰੋਜ਼ਪੁਰ ਕੋਲੋਂ ਪਾਕਿਸਤਾਨ ਵਿਚ ਜਾ ਵੜਦੀ ਹੈ ਪੰਚਨਦ ਬਰਾਜ ਕੋਲੋਂ ਇਸ ਵਿੱਚ ਚਨਾਬ ਨਦੀ ਆ ਮਿਲਦੀ ਹੈ । ਇਸ ਤੋਂ ਅੱਗੇ ਇਹ ਸਾਰੀਆਂ ਨਦੀਆਂ ਸਿੰਧ ਨਦੀ ਵਿੱਚ ਮਿਲ ਜਾਂਦੀਆਂ ਹਨ ਜੋ ਕਿ ਅੱਗੇ ਜਾ ਕੇ ਅਰਬ ਸਾਗਰ ਵਿੱਚ ਜਾ ਡਿੱਗਦੀ ਹੈ ।  ਜਿੱਥੇ ਖਾਬ ਦਾ ਇਹ ਸੰਗਮ ਦੋ ਨਦੀਆਂ ਨੂੰ ਜੋੜਦਾ ਹੈ ਉਥੇ ਹੀ ਦੋ ਘਾਟੀਆਂ ਨੂੰ ਵੀ ਜੋੜਦਾ ਹੈ ਸਤਲੁਜ ਦੇ ਨਾਲ ਕਿਨੌਰ ਘਾਟੀ ਚੱਲ ਪੈਂਦੀ ਹੈ ਤੇ ਪੁਲ ਤੋਂ ਪਾਰ ਸਪਿਤੀ ਘਾਟੀ । ਪੁਲ ਪਾਰ ਕਰਕੇ ਅਸੀਂ ਸਪਿਤੀ ਘਾਟੀ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ ਇੱਥੋਂ ਹੀ ਦ੍ਰਿਸ਼ ਬਦਲ ਜਾਂਦਾ ਹੈ ਹਰੇ ਭਰੇ ਪਹਾੜਾਂ ਦੀ ਥਾਂ ਬਿਲਕੁਲ ਰੋਡੇ  

ਪਹਾੜ ਆ ਜਾਂਦੇ ਹਨ ਜਿਨ੍ਹਾਂ ਉਪਰ ਕੋਈ ਰੁੱਖ ਅਤੇ ਹਰਿਆਵਲ ਨਹੀਂ ਹੈ। ਇੱਥੋਂ ਸ਼ੁਰੂ ਹੁੰਦੀ ਹੈ ਸਪਿਤੀ ਦੀ ਸੈਰ ਜੋ ਤੁਹਾਨੂੰ ਅਗਲੀਆਂ ਪੋਸਟਾਂ ਵਿਚ ਕਰਵਾਵਾਂਗੇ ।   ਚਲਦਾ ........

        

           

Thursday 30 June 2022

ਨਾਲਾਇਕ ਪੁੱਤ

 ਹਸਪਤਾਲ ਵਿੱਚ ਦਾਖਲ ਆਪਣੇ ਇਕ ਪੁਰਾਣੇ ਮਿੱਤਰ ਨੂੰ ਮਿਲਣ ਗਿਆ। ਉਸ ਨੂੰ ਮਿਲ ਕੇ ਅਜੇ ਉਸ ਦੇ ਕਮਰੇ ਵਿੱਚੋ ਬਾਹਰ ਨਿਕਲਿਆ ਹੀ ਸੀ ਕਿ ਇਕ ਸਿਧਰਾ ਜੇਹਾ ਆਦਮੀ ਡਾਕਟਰ ਨਾਲ ਕੋਈ ਗੱਲ ਕਰ ਰਿਹਾ ਸੀ।


ਪਰ ਡਾਕਟਰ ਉਸ ਤੋਂ ਕਾਫੀ ਨਾਰਾਜ਼ ਲੱਗ ਰਿਹਾ ਸੀ। ਡਾਕਟਰ ਉਸ ਨੂੰ ਬੜੇ ਜ਼ੋਰ ਤੇ ਗੁੱਸੇ ਨਾਲ ਕਹਿ ਰਿਹਾ ਸੀ ਤੇਰਾ ਬਾਪੂ ਹੁਣ ਠੀਕ ਆ ਇਹਨੂੰ ਘਰ ਲੈ ਜਾਵੀਂ। ਪਰ ਓ ਕਿਸੇ ਗੱਲੋਂ ਇਸ ਲਈ ਤਿਆਰ ਨਹੀਂ ਸੀ। ਪੂਰਾ ਮਾਮਲਾ ਜਾਨਣ ਲਈ ਮੈਂ ਡਾਕਟਰ ਸਾਬ ਕੋਲ ਗਿਆ ਤੇ ਓਨਾ ਤੋਂ ਇਸ ਵਾਰੇ ਪੁੱਛਿਆ ਤਾਂ ਓਹਨਾ ਕਿਹਾ ਕਿ ਇਹਦੇ ਬਾਪੂ ਨੂੰ ਪੁਛੋ ਮੇਰੇ ਤੋਂ ਨਿ ਇਸ ਪਾਗਲ ਨਾਲ ਗੱਲ ਹੁੰਦੀ। 


ਡਾਕਟਰ ਦੇ ਜਾਣ ਤੋਂ ਬਾਅਦ ਮੈਂ ਸਿੱਧਾ ਅੰਦਰ ਪਏ ਬਾਪੂ ਜੀ ਦੇ ਕੋਲ ਗਿਆ ਤੇ ਉਹਨਾਂ ਤੋਂ ਜਦੋ ਇਸ ਵਾਰੇ ਪੁੱਛਿਆ ਤਾ ਅਗੋ ਗੁੱਸੇ ਨਾਲ ਭਰੇ ਬਾਪੂ ਨੇ ਕਿਹਾ..ਕਿ ਦੱਸਾਂ ਸ਼ੇਰਾ ਰਾਤ ਇਕ ਦਮ ਪਤਾ ਨਹੀ ਕਿ ਹੋਇਆ ਰੋਟੀ ਨਾ ਖਾਦੀ ਜਾਵੇ ਫਿਰ ਇਹ ਮੈਨੂੰ ਇੱਥੇ ਲੈ ਆਇਆ।


ਰਾਤ ਦਾ ਡਾਕਟਰਾਂ ਦਾ ਸਿਰ ਖਾਈ ਜਾਂਦਾ ਇਕ ਮਿੰਟ ਨਿ ਟਿਕ ਕੇ ਬੈਠਿਆਂ। ਬਾਪੂ ਜੀ ਕਿਵੇਂ ਆ..?ਕਿ ਹੋਇਆ ਸੀ..? ਇਹ ਪੁੱਛ ਪੁੱਛ ਕੇ ਉਹਨਾਂ ਦਾ ਵੀ ਸਿਰ ਖਾ ਗਿਆ। ਘਰਵਾਲੀ ਨੂੰ ਕਿਹਾ ...ਹੁਣ ਉਹ ਆਉਂਦੀ ਐ ਇਹਨੂੰ ਲੈਣ ਵਾਸਤੇ।


'ਇਕ ਹੀ ਪੁੱਤ ਆ ਸੋਡੇ.? ਅਗੋ ਹੱਸਦੇ ਨੇ ਕਿਹਾ..ਓ ਨਹੀਂ ਸ਼ੇਰਾ ਰੱਬ ਦੀ ਕਿਰਪਾ ਨਾਲ ਪੁੱਤ ਤਾ ਤਿੰਨ ਨੇ ਓ ਦੋਵੇ ਚੰਗੇ ਪੜੇ ਲਿਖੇ ਤੇ ਬਾਹਰ ਸੈੱਟ ਨੇ ਬਸ ਪਤਾ ਨਹੀਂ ਇਹ ਨਾਲਾਇਕ ਕਿਵੇਂ ਪੈਦਾ ਹੋ ਗਿਆ। 


ਨਾ ਪਡ਼ ਸਕਿਆ ਤੇ ਨਾ ਹੀ ਲਿਖ ਸਕਿਆ। ਹੁਣ ਰਾਤ ਦਾ ਇੱਥੋਂ ਇਕ ਮਿੰਟ ਲਈ ਨਿ ਕਿੱਧਰੇ ਗਿਆ ਜ਼ੋਰ ਲਾ ਲਿਆ ਪਰ ਇਹ ਕੰਜਰ ਕਿੱਧਰੇ ਨਿ ਗਿਆ। ਹੁਣ ਇਹਦੀ ਮਾਂ ਆਉਂਦੀ ਆ ਏਹਨੂੰ ਲੈਣ ਵਾਸਤੇ। ਰਾਤ ਦਾ ਕੁਝ ਨਿ ਖਾਦਾ ਪੀਤਾ ਬੱਸ ਏਥੀ ਬੈਠਾ।


ਸੋਡੇ ਦੂਸਰੇ ਪੁੱਤ ਨੀ ਪਤਾ ਲੈਣ ਆਏ ਸੋਡਾ..? ਮੇਰੀ ਗਲ ਸੁਣ ਅਗੋ ਬੋਲੇ..ਕਿਥੇ ਸ਼ੇਰਾ ਉਹਨਾ ਵਿਚਾਰਿਆ ਕੋਲ ਏਨਾ ਸਮਾ ਕਿਥੇ ਉਹ ਏਦੇ ਵਾਂਗੂੰ ਵਿਹਲੇ ਥੋੜੀ ਨੇ। ਪਤਾ ਨੀ ਕੀ ਪਾਪ ਕੀਤਾ ਜੋ ਇਹ ਨਾਲਾਇਕ ਸਾਡੇ ਪੱਲੇ ਪੈ ਗਿਆ।


ਥੋੜੀ ਦੇਰ ਬਾਅਦ ਉਹ ਫਿਰ ਆਇਆ ਤੇ ਬੋਲਿਆ...ਬਾਪੂ ਜੀ ਕਿਵੇ ਓ ਜੇ ਕਿਸੇ ਚੀਜ ਦੀ ਜਰੂਰਤ ਹੋਈ ਤਾਂ ਦਸ ਦੇਣਾ ਮੈ ਬਾਹਰ ਹੀ ਬੈਠਾ। ਪੁਤ ਦੀ ਗਲ ਸੁਣ ਪਿਉ ਦਾ ਗੁੱਸਾ ਸਤਵੇ ਆਸਮਾਨ ਤੇ ਪਹੁੰਚ ਗਿਆ ਗੁਸੇ ਭਰੇ ਲਹਿਜੇ ਵਿੱਚ ਬੋਲਿਆ.. ਤੂੰ ਜਾਨਾ ਕੇ ਨਾ ਏਥੋ..?


ਬਾਪੂ ਦੀ ਗਲ ਸੁਣ ਮੈ ਤਾ ਉਸ ਕਮਰੇ ਵਿੱਚੋ ਬਾਹਰ ਨਿਕਲ ਆਇਆ ਪਰ ਉਹ ਅਜੇ ਵੀ ਆਪਣੇ ਬਾਪੂ ਦੇ ਬੈਡ ਕੋਲ ਖੜਾ ਸੀ ਬਾਹਰ-2 ਕਹਿਣ ਦੇ ਬਾਵਜੂਦ ਵੀ ਉਹ ਆਪਣੇ ਬਾਪੂ ਤੋ ਪਰਾਂ ਨਹੀ ਹੋ ਰਿਹਾ ਸੀ।


ਮੈ ਜਾਦਾ ਹੋਇਆ ਵੀ ਮੁੜ-2 ਕੇ ਉਸ ਨਾਲਾਇਕ ਪੁੱਤ ਵਲ ਦੇਖ ਰਿਹਾ ਸੀ ਜੋ ਆਪਣੇ ਬਾਪ ਦੇ ਕਰੀਬ ਰਹਿਣਾ ਚਾਹੁੰਦਾ ਸੀ। ਉਸ ਵਲ ਦੇਖ ਦਿਲ ਵਿੱਚ ਖਿਆਲ ਆਇਆ...ਕੀ ਹੇ ਰੱਬਾ ਏਦਾ ਦਾ ਨਾਲਾਇਕ ਪੁੱਤ ਹਰ ਮਾ-ਬਾਪ ਨੂੰ ਜਰੂਰ ਦੇਵੀ।



Wednesday 29 June 2022

ਲੇਹ-ਲਦਾਖ਼

 #ਸਫ਼ਰਨਾਮਾ……. ਲੇਹ-ਲਦਾਖ਼


ਅੱਜ ਆਪਣੇ ਲੇਹ ਲਦਾਖ ਦੇ ਟੂਰ ਦੇ ਚੌਥੇ ਦਿਨ ਕਾਰਗਿਲ ਤੋਂ ਅਗਲੇ ਸਫਰ ਵੱਲ ਨੂੰ ਤਿਆਰੀ ਸੀ। ਸਾਰਾ ਸਮਾਨ ਪੈਕ ਕਰਕੇ ਮੋਟਰਸਾਇਕਲਾਂ ਤੇ ਬੰਨ ਲਿਆ ਸੀ ਅਤੇ ਤਕਰੀਬਨ 8:40 ਤੇ ਅਸੀ ਆਪਣੇ ਅਗਲੇ ਸਫਰ MULBEK ਲਈ ਚਾਲੇ ਪਾ ਦਿੱਤੇ। MULBEK ਇੱਕ ਮੋਨਾਸਟਰੀ ਹੈ ਜੋ ਅਸੀ ਵੇਖਣੀ ਸੀ। ਰਸਤੇ ਦੇ ਪਿੰਡਾਂ ਦੀਆਂ ਸੋਹਣੀਆਂ ਲੋਕੇਸਣਾਂ ਤੇ ਰੁਕਕੇ ਫੋਟੋਗਰਾਫੀ ਜਰੂਰ ਕਰਦੇ ਸੀ। ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਸਭ ਦਾ ਮਨ ਮੋਹਦੇ ਹਨ ..ਸਾਨੂੰ ਵੀ MULBEK ਤੋਂ ਥੋੜਾ ਪਹਿਲਾਂ ਛੋਟੇ ਛੋਟੇ ਸਕੂਲੀ ਬੱਚਿਆਂ ਦੇ ਮਾਸੂਮ ਚਿਹਰਿਆਂ ਮੱਲੋ-ਮੱਲੀ ਰੋਕ ਲਿਆ ਅਤੇ ਬੱਚਿਆ ਨਾਲ ਤੋਤਲੀਆਂ ਗੱਲਾਂ ਕਰਕੇ ਸਾਡਾ ਸਾਰਾ ਥਕੇਵਾਂ ਦੂਰ ਹੋ ਗਿਆ। ਯਾਦਗਰੀ ਫੋਟੋਆਂ ਕਰਨ ਉਪਰੰਤ ਅਸੀ ਅੱਗੇ ਚੱਲ ਪਏ। ਤਕਰੀਬਨ 9:30 ਵਜੇ ਅਸੀ #mulbek_Monastery ਦੇ ਕੋਲ ਸੀ। ਸਾਨੂੰ MULBEK Monastery ਕਿਸੇ ਫਿਲਮੀ ਸੀਨ ਵਾਗ ਜਾਪ ਰਹੀ ਸੀ। ਇਹੋ ਜਿਹੇ ਸੀਨ ਛੋਟੇ ਹੁੰਦਿਆ ਫਿਲਮਾਂ ਵਿੱਚ ਹੀ ਵੇਖੇ ਸੀ। ਇੱਕ ਲੋਕਲ ਬਸਿੰਦੇ ਨੇ ਮੋਨਾਸਟਰੀ ਬਾਰੇ ਕਾਫੀ ਜਾਣਕਾਰੀ ਦਿੱਤੀ। ਉਸਨੇ ਦੱਸਿਆ ਕਿ ਇਸ ਮੋਨਾਸਟਰੀ ਦਾ ਨਾਂ ਚੰਬਾ ਮੋਨਾਸਟਰੀ ਹੈ ਅਤੇ ਉਪਰ ਪਹਾੜਾਂ ਵਿੱਚ ਇੱਕ ਹੋਰ ਮੋਨਾਸਟਰੀ ਹੈ ਜਿੱਥੇ ਆਮ ਲੋਕਾਂ ਦਾ ਜਾਣਾ ਥੋੜਾ ਔਖਾ ਹੈ ਕਿਉਕਿ ਉੱਥੇ ਮੋਨ ਬੈਠੇ ਹੁੰਦੇ ਹਨ ਭਾਵ ਉੱਥੇ ਬੁਧਇਸ਼ਟ ਸਮਾਧੀ ਵਿੱਚ ਲੀਨ  ਬੈਠੇ ਹੁੰਦੇ ਹਨ।  ਕਾਫੀ ਸਮਾਂ ਚੰਬਾ ਮੋਨਾਸਟਰੀ ਤੇ ਗੁਜਾਰਨ ਤੋਂ ਬਾਅਦ ਅਸੀ ਅਗਲੇ ਸਫਰ ਲਈ ਚੱਲ ਪਏ। ਰਸਤੇ ਵਿੱਚ ਇੱਕ ਸੋਹਣਾ ਪਿੰਡ ਮਿਲਿਆ । ਇੱਕ ਗੱਲ ਸਾਫ ਤੇ ਸਪੱਸ਼ਟ ਹੈ ਕਿ ਜਿੰਨਾ ਕੁ ਕੋਈ ਗਰੀਬ ਹੁੰਦਾ ਹੈ ਉਹਨਾਂ ਹੀ ਵੱਧ ਇਮਾਨਦਾਰ ਹੁੰਦਾ ਹੈ। ਕੱਚੇ ਘਰਾਂ ਵਾਲੇ ਸੁੰਦਰ ਪਿੰਡ....ਸਾਦਾ ਰਹਿਣ ਸਹਿਣ...ਆਧੁਨਿਕ ਸਹੂਲਤਾਂ ਤੋਂ ਸੱਖਣੇ ਇਹਨਾਂ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਵੀ ਬਹੁਤ ਰੱਜੀ-ਪੁੱਜੀ ਰੂਹ ਦੇ ਮਾਲਕ ਹਨ। ਅਜਿਹੇ ਲੋਕਾਂ ਨੂੰ ਮਿਲਕੇ ਸਨ ਖੁਸ਼ ਹੋ ਜਾਦਾ ਹੈ। ਅੱਗੇ ਅਸੀ Namika La ਰੁਕੇ।


ਨਮੀਕਾ ਲਾ ਪਾਸ, ਜਾਂ ਨਾਮਿਕਾ ਪਾਸ, ਸ਼੍ਰੀਨਗਰ-ਲੇਹ ਹਾਈਵੇਅ ਤੇ 3,700 ਮੀਟਰ ਅਤੇ 12198 ਫੁੱਟ ਦੀ ਉਚਾਈ 'ਤੇ ਸਥਿਤ ਇੱਕ ਉੱਚਾ ਪਹਾੜੀ ਪਾਸ ਹੈ। ਇਹ ਲੱਦਾਖ ਦੇ ਪਹਾੜੀ ਲਾਂਘਿਆਂ ਦਾ  ਪ੍ਰਸਿੱਧ ਪਾਸ ਹੈ ਕਿਉਂਕਿ ਇਹ ਲੇਹ ਅਤੇ ਕਾਰਗਿਲ ਦੇ ਵਿਚਕਾਰ ਸਭ ਤੋਂ ਉੱਚੇ ਰਾਹਾਂ ਵਿੱਚੋਂ ਇੱਕ ਹੈ। ਇੱਥੋਂ ਦਾ ਮੁੱਖ ਆਕਰਸ਼ਣ ਭੂਰੇ ਰੰਗ ਦੇ ਪਹਾੜ ਹਨ, ਰੁਕਣ ਅਤੇ ਕੁਝ ਫੋਟੋਗ੍ਰਾਫੀ ਦਾ ਆਨੰਦ ਲੈਣ ਲਈ ਇਹ ਇੱਕ ਚੰਗੀ ਥਾਂ ਹੈ। ਅਸੀਂ ਵੀ ਇੱਥੇ ਰੱਜਕੇ ਫੋਟੋਗਰਾਫੀ ਕੀਤੀ। ਇੱਥੇ ਆਏ ਹੋਰ ਸੈਲਾਨੀਆਂ ਨੇ ਫੋਟੋਆਂ ਕਰਨ ਲਈ ਮੇਰਾ ਮੋਟਰਸਾਇਕਲ ਆ ਘੇਰਿਆ । ਇੱਕ ਘੁਮੱਕੜ ਦਾ ਉਸਦੇ ਸਮਾਨ ਨਾਲ ਲੱਦਿਆ ਮੋਟਰ-ਸਾਇਕਲ ਵੀ ਇੱਕ ਅਜੂਬਾ ਹੁੰਦਾ ਹੈ ਅਤੇ ਇਹ ਘੁੰਮਣ ਫਿਰਨ ਹਰ ਸ਼ੁਕੀਨ ਨੂੰ ਸੋਹਣਾ ਲੱਗਦਾ ਹੈ...ਇਸ ਲਈ ਹਰ ਇੱਕ ਸੈਲਾਨੀ ਨੂੰ, ਰਾਇਡਰਾਂ ਦੇ ਮੋਟਰਸਾਇਕਲ ਫੋਟੋ ਖਿਚਵਾਉਣ ਲਈ ਖਿੱਚ ਪਾਉਦੇ ਹਨ। ਇੱਥੇ ਹੋਰ ਕਈ ਬਾਈਕਰ ਗਰੁੱਪਾਂ ਨਾਲ ਫੋਟੋਆਂ ਕਰਵਾ ਕੇ ਅਸੀ ਅੱਗੇ ਨੂੰ ਚੱਲ ਪਏ। ਰਸਤੇ ਵਿੱਚ ਰੇਤ ਦੇ ਪਹਾੜਾਂ ਦੀਆਂ ਬਹੁਤ ਹੀ ਸੁੰਦਰ ਆਕ੍ਰਿਤੀਆਂ ਮਿਲੀਆਂ ਜੋ ਕਿ ਕਿਸੇ ਖੰਡਰ ਕਿਲੇ ਵਾਗ ਜਾਪ ਰਹੀਆਂ ਮਨ ਮੋਹਦੀਆਂ ਸਨ।

ਸਾਡਾ ਅਗਲਾ ਪਾਸ ਫੋਟੂ ਲਾ ਪਾਸ ਸੀ। ਇਹ ਭਾਰਤ ਵਿੱਚ ਹਿਮਾਲਿਆ ਦੀ ਜ਼ਾਂਸਕਰ ਰੇਂਜ ਵਿੱਚ ਸ਼੍ਰੀਨਗਰ-ਲੇਹ ਹਾਈਵੇਅ ਉੱਤੇ ਇੱਕ ਪਹਾੜੀ ਦਰਾ ਹੈ । ਇਸਦੀ ਉਚਾਈ 4,108 ਮੀਟਰ (13,478 ਫੁੱਟ) ਦੀ ਉਚਾਈ 'ਤੇ, ਇਹ ਮਸ਼ਹੂਰ ਜ਼ੋਜੀ ਲਾ ਨੂੰ ਪਛਾੜ ਕੇ, ਹਾਈਵੇਅ 'ਤੇ ਸਭ ਤੋਂ ਉੱਚਾ ਬਿੰਦੂ ਹੈ। ਫੋਟੂ ਲਾ ਲੇਹ ਅਤੇ ਕਾਰਗਿਲ ਦੇ ਵਿਚਕਾਰ ਦੋ ਉੱਚੇ ਪਹਾੜੀਆਂ ਵਿੱਚੋਂ ਇੱਕ ਹੈ, ਦੂਜਾ ਨਾਮਿਕਾ ਲਾ ਹੈ। ਫੋਟੂ ਲਾ ਤੋਂ ਬਾਅਦ ਲਾਮਾਯੁਰੂ ਵੱਲ ਉਤਰਨਾ ਸ਼ੁਰੂ ਹੋ ਜਾਂਦਾ ਹੈ। ਫੋਟੂ ਲਾ ਪਾਸ ਵੇਖ ਅਸੀ ਵੀ ਲਾਮਾਯੁਰੂ ਵੱਲ ਉਤਰਨਾ ਸੁਰੂ ਕੀਤਾ। ਟਾਇਮ ਵੇਖਿਆ ਤਾਂ ਦੁਪਹਿਰ ਦੇ ਦੋ ਵੱਜੇ ਸੀ ਤੇ ਸਾਡੀ ਭੁੱਖ ਵੀ ਚਮਕ ਚੁੱਕੀ ਸੀ। ਅਸੀ ਲਾਮਾਯੁਰੂ ਰੈਸਟੋਰੈਂਟ ਤੇ ਖਾਣਾ ਲਈ ਰੁਕ ਗਏ। ਇੱਥੇ ਹੀ ਸਾਨੂੰ ਸਵਿੱਟਜਰਲੈਂਡ ਦਾ ਗੱਭਰੂ ਗੋਰਾ ਮਿਲਿਆ ਜੋ ਕਿ ਬਾਇਕ ਰੈਂਟ ਤੇ ਲੈ ਕਿ ਲੇਹ ਲਦਾਖ ਘੁੰਮ ਰਿਹਾ ਸੀ। ਬਹੁਤ ਹੀ ਕਰੇਜੀ ਤੇ ਮਿਲਣਸਾਰ ਸੁਭਾ ਦਾ ਮਾਲਕ ਇਹ ਸਵਿੱਟਜਰਲੈਂਡ ਦਾ ਗੱਭਰੂ ਮਨਾਲੀ ਤੋਂ ਬਾਇਆ ਲੇਹ ਸ੍ਰੀਨਗਰ ਤੇ ਵਾਪਸ ਫਿਰ ਸ੍ਰੀਨਗਰ ਤੋਂ ਲੇਹ- ਮਨਾਲੀ ਜਾ ਰਿਹਾ ਸੀ। ਭਾਵੇ ਕਿ ਇਸਦੀ ਅੰਗਰੇਜੀ ਸਾਡੇ ਸਮਝ ਨਹੀਂ ਆਈ ਪਰ ਜਿੱਥੇ ਭਾਵਨਾਵਾਂ ਜਾਂ ਕਹਿ ਲਓ ਸ਼ੌਕ ਜੁੜੇ ਹੋਣ ਉੱਥੇ ਭਾਸ਼ਾ ਕੋਈ ਦਿੱਕਤ ਨਹੀਂ ਹੁੰਦੀ। ਮੈਂ ਟੁੱਟੀ ਭੱਜੀ ਅੰਗਰੇਜੀ ਬੋਲਕੇ ਅਤੇ ਪੰਜਾਬੀਆਂ ਦੀ ਮਸਹੂਰ ਬੋਲੀ ਇਸ਼ਾਰਿਆ ਨਾਲ ਉਸ ਨਾਲ ਗੱਲਾਂ ਕਰਦਾ ਰਿਹਾ ਅਤੇ ਮੇਰੇ ਨਾਲ ਦੇ ਸਾਥੀ ਮੇਰੀ ਅੰਗਰੇਜੀ ਸੁਣ ਕੇ ਹੱਸਦੇ ਰਹੇ। ਕਾਫੀ ਸਮਾਂ ਉਸ ਨਾਲ ਹਾਸੀਆਂ ਖੇਡੀਆਂ ਕਰਕੇ ਅਸੀ ਅੱਗੇ ਨੂੰ ਚੱਲ ਪਏ। ਅੱਗੇ ਸਾਡੇ ਫੁੱਲ ਕੋਵਿਡ ਵੈਕਸੀਨ ਦੇ ਸਰਟੀਫਿਕੇਟ ਚੈਕ ਹੋ ਰਹੇ ਸਨ। ਲੇਹ ਲਦਾਖ ਦੇ ਟੂਰ ਤੇ ਜਾਣ ਵਾਲਿਆ ਲਈ ਧਿਆਨ ਦੇਣ ਯੋਗ ਗੱਲ ਹੈ ਕਿ ਉਹ ਆਪਣੇ ਕੋਵਿਡ ਵੈਕਸੀਨ ਸਰਟੀਫਿਕੇਟ ਦੀ ਹਾਰਡ ਕਾਪੀ ਜਰੂਰ ਨਾਲ ਲੈ ਕਿ ਜਾਣ ਜਾਂ ਫਿਰ ਆਪਣੇ ਮੋਬਾਇਲ ਵਿੱਚ ਸਕਰੀਨ ਸਾਟ ਹੋਵੇ ਕਿਉਕਿ ਇੰਟਰਨੈਂਟ ਦੀ ਸਮੱਸਿਆ ਹੋਣ ਕਾਰਣ ਕੋਵਿਡ ਵੈਕਸੀਨ ਸਰਟੀਫਿਕੇਟ ਮੌਕੇ ਤੇ ਡਾਉਨਲੋਡ ਨਹੀਂ ਹੁੰਦਾ। ਕੋਵਿਡ ਸਰਟੀਫਿਕੇਟ ਚੈੱਕ ਕਰਵਾਉਣ ਉਪਰੰਤ ਅਗਲਾ ਮੁੱਖ ਬਿੰਦੂ  #megnatichill Magnetic HILL ਤੇ ਜਾ ਪਹੁੰਚੇ । ਕਹਿੰਦੇ ਹਨ ਇਸ ਬਿੰਦੂ  Magnetic HILL ਤੇ ਇੱਕ ਨਿਸ਼ਾਨ ਲੱਗਿਆ ਹੋਇਆ ਹੈ ਜਿਸ ਉਪਰ ਆਪਣੀ ਕਾਰ ਖੜੀ ਕਰਨ ਤੇ ...ਕਾਰ ਆਪਣੇ ਪਹਾੜ ਦੀ ਚੜਾਈ ਵੱਲ ਤੁਰਨ ਲੱਗਦੀ ਹੈ। ਅਜਿਹਾ ਚੁਬਕੀਆ ਪਹਾੜੀ ਕਾਰਣ ਹੈ। 

            ਸਾਡਾ ਅਗਲਾ ਸਟਾਪ ਸਿੱਖਾਂ ਦੇ ਪ੍ਰਸਿੱਧ ਤੀਰਥ ਅਸਥਾਨ ਗੁਰਦਵਾਰਾ ਸ੍ਰੀ ਪੱਥਰ ਸਾਹਿਬ ਸੀ। ਇਤਿਹਾਸ ਅਨੁਸਾਰ ਜਦੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਦਾਸੀ ਦੌਰਾਨ ਇੱਥੇ ਪਹਾੜਾਂ ਥੱਲੇ ਡੇਰਾ ਲਾਇਆ ਤਾਂ ਪਹਾੜਾਂ ਦੇ ਉਪਰ ਬੈਠੇ ਕੌਡੇ ਰਾਖਸ਼ ਨੇ ਇੱਕ ਭਾਰੀ ਪੱਥਰ ਬਾਬਾ ਦੀ ਦੇ ਉਪਰ ਰੇੜ ਦਿੱਤਾ ਪਰ ਬਾਬਾ ਜੀ ਨੇ ਉਹ ਪੱਥਰ ਪੰਜਾ ਲਾ ਕੇ ਰੋਕ ਦਿੱਤਾ । ਪੰਜੇ ਦਾ ਨਿਸ਼ਾਨ ਹਾਲੇ ਉਸ ਪੱਥਰ ਤੇ ਮੌਜੂਦ ਹੈ ਅਤੇ ਪੱਥਰ ਗੁਰਦਵਾਰਾ ਸ੍ਰੀ ਪੱਥਰ ਸਾਹਿਬ ਵਿੱਚ ਸੰਸੋਭਿਤ ਹੈ। ਅਸੀ ਗੁਰਦਵਾਰਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਲੰਗਰ ਛਕਿਆ। ਖਾਸ ਗੱਲ ਇਹ ਹੈ ਕਿ ਇਹ ਗੁਰਦਵਾਰਾ ਭਾਰਤੀ ਫੌਜ ਦੇ ਹਵਾਲੇ ਹੈ ਅਤੇ ਸਰਧਾਲੂ ਇੱਥੇ ਰਾਤ ਨਹੀਂ ਰਹਿ ਸਕਦੇ। ਪਰ ਸਾਨੂੰ ਫੌਜੀ ਭਰਾਵਾਂ ਨੇ ਇੱਥੇ ਰਾਤ ਰਹਿਣ ਦੀ ਆਫਰ ਦਿੱਤੀ ਪਰ ਅਸੀਂ ਲੇਹ ਪਹੁੰਚਣਾ ਸੀ। ਗੁਰਦਵਾਰਾ ਸਾਹਿਬ ਵਿੱਚ ਇੱਕ ਚਮਤਕਾਰ ਹੋਰ ਹੋਇਆ ਕਿ ਮੇਰੇ ਨਾਲ ਗਏ ਸਾਥੀ ਪ੍ਰਦੀਪ ਮਾਨ ਦਾ ਹਮਸ਼ਕਲ ਇੱਥੇ ਮਿਲਿਆ... ਬਿਲਕੁਲ ਕਿਸੇ ਫਿਲਮੀ ਸੀਨ ਵਾਗ ਲੱਗ ਰਿਹਾ ਸੀ ਜਿਵੇਂ ਚਿਰਾਂ ਦੇ ਵਿਛੜੇ ਦੋ ਭਰਾ ਮੁੱਦਤਾਂ ਬਾਅਦ ਮਿਲੇ ਹੋਣ। 

            ਤਕਰੀਬਨ 7:15 ਤੇ ਅਸੀ ਗੁਰਦਵਾਰਾ ਸਾਹਿਬ ਤੋਂ ਅੱਗੇ ਲੇਹ ਵੱਲ ਨੂੰ ਚੱਲ ਪਏ ਅਤੇ ਸਾਮ 7:50 ਤੇ ਅਸੀਂ ਏਅਰਪੋਰਟ ਦੇ ਸਾਹਮਣੇ ਸਟੀਲ ਫੈਕਟਰੀ ਦੇ ਮਾਲਕ ਸ੍ਰੀ ਅਰਵਿੰਦ ਜੀ ਦੇ ਦਫਤਰ ਵਿੱਚ ਬੈਠੇ ਸੀ। ਅਰਵਿੰਦ ਜੀ ਬਠਿੰਡੇ ਦੀ ਪ੍ਰਸਿੱਧ ਬਾਇਕਰ ਜੋੜੀ Suraj Mani & Rajni Sharma  ਸ੍ਰੀ ਸੂਰਜ ਮਨੀ ਅਤੇ ਰਜ਼ਨੀ ਸਰਮਾਂ ਹੁਰਾਂ ਦੇ ਜਾਣਕਾਰ ਹਨ। ਅਰਵਿੰਦ ਜੀ ਨੇ ਸਾਡਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਹ ਸਾਨੂੰ ਆਪਣੇ ਘਰ ਲਿਜਾਣ ਲਈ ਜੋਰ ਪਾ ਰਹੇ ਸਨ ਪਰ ਅਸੀ ਕੈਪਿੰਗ ਕਰਨ ਦੇ ਚਾਹਵਾਨ ਸੀ। ਅਖੀਰ ਉਨਾਂ ਨੇ ਆਪਣੇ ਪਾਟਨਰ ਸ੍ਰੀ ਸੁਮਿਤ ਜੀ ਨਵੀਂ ਬਣ ਰਹੀ ਮਡ ਮਿੱਟੀ ਦੀ ਕੋਠੀ ਵਿੱਚ ਠਹਿਰਾਇਆ। ਕੋਠੀ ਵਿੱਚ ਲੱਕੜੀ ਦਾ ਕੰਮ ਚਲ ਰਿਹਾ ਸੀ ਅਤੇ ਅਸੀਂ ਇੱਕ ਕਮਰੇ ਵਿੱਚ ਆਪਣੇ ਗੱਦੇ ਲਗਾਕੇ ਸਾਮ ਦੇ ਖਾਣ ਲ

ਮੰਡੀ ਤੋ ਸ਼੍ਰੀ ਮਨੀਕਰਨ ਸਾਹਿਬ ਤੱਕ ਦੀ ਯਾਤਰਾ

ਸਫ਼ਰਨਾਮਾ 

ਮੰਡੀ ਤੋ ਸ਼੍ਰੀ ਮਨੀਕਰਨ ਸਾਹਿਬ ਤੱਕ ਦੀ ਯਾਤਰਾ

               ਰਾਤ ਮੰਡੀ ਹੋਟਲ ਵਿਖੇ ਰੁਕਣ ਤੋਂ ਬਾਅਦ ਅਗਲੀ ਸਵੇਰ ਅਸੀਂ ਮੰਡੀ ਸ਼ਹਿਰ ਤੋ ਮਨੀਕਰਨ ਸਾਹਿਬ ਤੱਕ ਦੀ ਯਾਤਰਾ ਆਰੰਭ ਕੀਤੀ। ਸਭ ਤੋ ਪਹਿਲਾ ਅਸੀਂ ਮੰਡੀ ਸਥਿਤ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਇਤਿਹਾਸਿਕ ਗੁਰਦਵਾਰਾ ਸਾਹਿਬ ਵਿਖੇ ਗੁਰੂ ਸਾਹਿਬ ਨਾਲ ਸਬੰਧਿਤ ਪੰਜ ਇਤਿਹਾਸਿਕ ਨਿਸ਼ਾਨੀਆਂ ਦੇ ਦਰਸ਼ਨ ਕਰਨ ਉਪਰੰਤ ਅਸੀਂ ਮਨੀਕਰਨ ਸਾਹਿਬ ਦੀ ਯਾਤਰਾ ਦੀ ਸ਼ੁਰੂਆਤ ਕੀਤੀ।

       ਮੰਡੀ ਤੋ ਮਨੀਕਰਨ ਸਾਹਿਬ ਤੱਕ ਸੜਕ ਬਹੁਤ ਵਧੀਆ ਹੈ ਜਿਆਦਾਤਰ ਸੜਕ 4 ਲੇਨ ਹੈ ਅਤੇ ਜਿਥੇ ਸੜਕ ਸਿੰਗਲ ਹੈ ਓਥੇ 4 ਲੇਨ ਸੜਕ ਦਾ ਕੰਮ ਚੱਲ ਰਿਹਾ ਹੈ, ਕਈ ਥਾਵਾਂ ਤੇ ਟਨਲ ਬਣ ਰਹੀ ਹੈ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਅਗਲੇ 4 ਜਾ 5 ਸਾਲਾਂ ਤੱਕ ਮੰਡੀ ਤੋ ਮਨਾਲ਼ੀ ਤੱਕ ਦੀ ਸੜਕ 4 ਲੇਨ ਹੋ ਜਾਵੇਗੀ ਜਿਸ ਨਾਲ ਗੱਡੀ ਚਲਾਉਣਾ ਹੋਰ ਵੀ ਸੌਖਾ ਹੋ ਜਾਵੇਗਾ।

         ਮੰਡੀ ਤੋ ਮਨਾਲ਼ੀ ਜਾਣ ਵਾਲੀ ਸੜਕ ਤੋ ਹੀ ਮਨੀਕਰਨ ਸਾਹਿਬ ਵੱਲ ਜਾਣ ਲਈ ਇੱਕ ਵੱਖਰੀ ਸੜਕ ਨਿਕਲਦੀ ਹੈ ਜੋ ਕੇ ਸਿੰਗਲ ਰੋਡ ਹੈ, ਰਸਤਾ ਥੋੜਾ ਤੰਗ ਹੈ ਪਰ ਸਾਨੂੰ ਕਾਰ ਚਲਾਉਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਈ ਅਸੀਂ ਬੜੀ ਆਸਾਨੀ ਨਾਲ ਡਰਾਈਵਿੰਗ ਕਰਦੇ ਹੋਏ ਆਸ ਪਾਸ ਦੇ ਸੁੰਦਰ ਨਜਾਰਿਆਂ ਨੂੰ ਦੇਖਦੇ ਹੋਏ ਅੱਗੇ ਵਧਦੇ ਰਹੇ।

           ਮਨੀਕਰਨ ਸਾਹਿਬ ਤੋ ਕੁਝ ਕਿਲੋਮੀਟਰ ਪਹਿਲਾ ਕਸੋਲ ਨਾਮ ਦਾ ਇਲਾਕਾ ਆਉਂਦਾ ਹੈ ਜਿਥੇ ਮੈਨੂੰ ਵਿਦੇਸ਼ੀ ਲੋਗ ਬਹੁਤ ਜਿਆਦਾ ਦਿਖਾਈ ਦਿੱਤੇ , ਓਥੇ ਬਹੁਤ ਸਾਰੇ ਹੋਟਲ ਬਣੇ ਹੋਏ ਸਨ ਅਤੇ ਸੀਨੀਕ ਵਿਊ ਵੀ ਬਹੁਤ ਸ਼ਾਨਦਾਰ ਸਨ। ਅਸੀਂ  ਅੱਗੇ ਵਧਦੇ ਹੋਏ ਮਨੀਕਰਨ ਸਾਹਿਬ ਪਹੁੰਚੇ ਜਿਥੇ ਅਸੀਂ ਆਪਣੀ ਕਾਰ ਪਾਰਕਿੰਗ ਵਿੱਚ ਲਈ।

       ਗੁਰਦਵਾਰਾ ਸਾਹਿਬ ਦੀ ਪਾਰਕਿੰਗ ਬਹੁਤ ਵੱਡੀ ਅਤੇ ਵਧੀਆ ਹੈ ਬੱਸ ਏਨੀ ਕੁ ਸਮੱਸਿਆ ਮੈ ਓਥੇ ਦੇਖੀ ਕੇ ਪਾਰਕਿੰਗ ਦੀ ਐਗਜਿਟ ਨੂੰ ਲੋਕ ਐਂਟਰੀ ਸਮਝ ਕੇ ਟਰੈਫਿਕ ਜਾਮ ਕਰ ਦਿੰਦੇ ਹਨ ਕਿਉਂਕਿ ਐਗਜਿਟ ਪੁਆਇੰਟ ਤੇ ਕਿਤੇ ਲਿਖਿਆ ਨਹੀਂ ਹੈ ਕਿ ਇਹ ਐਗਜਿਟ ਪੁਆਇੰਟ ਹੈ ਜਦਕਿ ਪਾਰਕਿੰਗ ਦਾ ਐਂਟਰੀ ਗੇਟ ਪਹਾੜੀ ਤੋ ਹੇਠਾਂ ਉਤਰ ਕੇ ਆਉਂਦਾ ਹੈ।

        ਗੁਰਦਵਾਰਾ ਸਾਹਿਬ ਵਿਖੇ ਪਹੁੰਚ ਕੇ ਸਭ ਤੋ ਪਹਿਲਾ ਅਸੀਂ ਗਰਮ ਪਾਣੀ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ,ਸਰੋਵਰ ਦਾ ਪਾਣੀ ਬਹੁਤ ਜਿਆਦਾ ਗਰਮ ਸੀ । ਉਸ ਤੋ ਬਾਅਦ ਅਸੀਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਲੰਗਰ ਸ਼ਕਿਆ, ਲੱਗਰ ਸ਼ਕਣ ਉਪਰੰt ਸਮਾਂ ਲੰਗਰ ਵਿੱਚ ਸੇਵਾ ਕੀਤੀ ਅਤੇ ਫੇਰ ਅਸੀਂ ਗੁਰਦਵਾਰਾ ਸਾਹਿਬ ਨਾਲ ਸਥਿਤ ਸ਼ਿਵ ਮੰਦਿਰ ਜਿਥੇ ਗਰਮ ਪਾਣੀ ਦੇ ਕੁੰਡ ਹਨ ਉਥੇ ਗਏ।

ਸਾਡੇ ਇਸ ਸਫਰ ਦੀ ਵੀਡੀਓ ਦਾ ਲਿੰਕ:- 

https://youtu.be/y07Xi4xIGdQ