Thursday 14 July 2022

ਸ਼ੇਰੂ ਉਰਫ ਸ਼ੇਰੂ ਭਾਈ

 ਸ਼ੇਰੂ ਉਰਫ ਸ਼ੇਰੂ ਭਾਈ

ਨਾਂ ਤਾਂ ਸ਼ਾਇਦ ਉਹਦਾ ਸ਼ੇਰੂ ਸੀ ਪਰ ਜਿਸ ਸਥਿੱਤੀ ਚ ਉਹ ਸਾਨੂੰ ਮਿਲਿਆ ਸੀ ਸ਼ੇਰੂ ਕਹਿਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ। ਸਮਧੂ ਰੁਕੇ ਤਾਂ ਸਾਨੂੰ ਜਾਪਿਆ ਜਿਵੇਂ ਕੁੱਝ ਸੜਣ ਦੀ ਬਦਬੂ  ਆਉਂਦੀ ਹੋਵੇ।  ਅਸੀਂ ਕਾਜ਼ਾ ਤੋਂ ਕੌਰਿਕ ਬਾਰਡਰ ਤੱਕ ਜਾਣ ਦਾ ਆਗਿਆ ਪੱਤਰ ਤਾਂ ਲੈ ਲਿਆ ਸੀ ਜਿਸ ਦਾ ਵੱਡਾ ਕਾਰਨ ਸਾਡੇ ਦੋਸਤ ਦੇ ਹੋਣਹਾਰ ਸਪੁੱਤਰ ਅਰਸ਼ਦੀਪ ਦਾ ਐਨ ਡੀ ਏ ਦਾ ਸੀਨੀਅਰ ਕੈਡਿਟ ਹੋਣਾ ਸੀ ਪਰ ਚੈੱਕ ਪੋਸਟ  ਵਾਲੇ ਆਪਣੀ ਗੱਲ ਤੇ ਅੜੇ ਰਹੇ। ਆਖਰ ਅਸੀਂ ਤੁਰ ਪਏ ਤੇ ਚਾਂਗੋ ਤੱਕ ਗੱਲ-ਬਾਤ ਦਾ ਵਿਸ਼ਾ ਇਹੀ ਰਿਹਾ।  ਹਿੰਦੁਸਤਾਨ ਤਿੱਬਤ ਸੜਕ ਤੇ ਚਾਂਗੋ ਨਾਕੋ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਸਬਾ ਹੈ ਜੋ ਆਪਣੇ ਸੇਬਾਂ ਲਈ ਬਹੁਤ ਮਸ਼ਹੂਰ ਹੈ। ਚਾਂਗੋ ਤੋਂ ਅੱਗੇ ਰਸਤਾ ਬੰਦ ਸੀ ਕਿਉਂਕਿ ਉੱਪਰ ਪਹਾੜ ਤੇ ਸੜਕ ਚੌੜੀ ਕਰਨ ਲਈ ਜੇ ਸੀ ਬੀ ਚੱਲ ਰਹੀ ਤੇ ਪੱਥਰ ਡਿਗ ਰਹੇ ਸਨ। ਨਾਕੇ ਤੇ ਖੜ੍ਹੇ ਆਦਮੀ ਨੇ ਛੇ ਘੰਟੇ ਲਈ ਰਸਤਾ ਬੰਦ ਰਹਿਣ ਬਾਰੇ ਦੱਸ ਕੇ ਚਾਂਗੋ ਦੇ ਬਾਜ਼ਾਰ ਚੋਂ ਉੱਪਰ ਪਿੰਡ ਵਾਲੇ ਰਸਤੇ ਰਾਹੀਂ ਜਾਣ ਬਾਰੇ ਵੀ ਦੱਸ ਦਿੱਤਾ। ਉਹਦੀ ਗੱਲ ਮੰਨ ਕੇ ਅਸੀਂ ਉਸ ਰਸਤੇ ਤੇ ਹੈਲੀਪੈਡ ਵੱਲ ਚੱਲ ਤਾਂ ਪਏ ਪਰ ਬਹੁਤ ਤੰਗ ਰਸਤਾ ਸੀ ਤੇ ਸੇਬਾਂ ਦੇ ਬਗ਼ੀਚਿਆਂ ਵਾਲ਼ਿਆਂ ਨੇ ਸੜਕ ਦੇ ਨਾਲ ਨਾਲ ਪੱਥਰ ਰੱਖ ਕੇ ਤੰਗ ਰਸਤੇ ਨੂੰ ਹੋਰ ਵੀ ਤੰਗ ਕਰ ਦਿੱਤਾ ਸੀ। ਚੜ੍ਹਾਈ ਜਾਂ ਕਿਸੇ ਹੋਰ ਕਾਰਨ ਸਾਡੀ ਕਾਰ ਗਰਮ ਹੋ ਗਈ ਤੇ ਧੂੰਆਂ ਨਿਕਲਣ ਲੱਗ ਪਿਆ। ਇੱਕ ਸਾਈਡ ਤੇ ਸੇਬ ਦੇ ਦਰੱਖਤ ਹੇਠਾਂ ਕਾਰ ਰੋਕ ਕੇ ਠੰਢੀ ਹੋਣ ਦੀ ਉਡੀਕ ਕਰਨ ਲੱਗੇ। ਸਫਰ ਚ ਇਹ ਹਾਲਤ ਚਿੰਤਾ ਵਾਲੀ ਹੁੰਦੀ ਹੈ। ਘੰਟੇ ਕੁ ਬਾਅਦ ਫਿਰ ਚੱਲ ਪਏ ਪਰ ਅੱਗੇ ਹੋਰ ਵੀ ਸਖ਼ਤ ਚੜ੍ਹਾਈ ਸੀ ਤੇ ਕਾਰ ਫਿਰ ਰੁਕ ਗਈ ਤੇ ਕਲੱਚ ਵਾਲਾ ਪੈਡਲ ਫ੍ਰੀ ਹੋ ਗਿਆ। 

                  ਇੱਥੋਂ ਸ਼ੇਰੂ ਭਾਈ ਦੀ ਭੂਮਿਕਾ ਸ਼ੁਰੂ ਹੁੰਦੀ ਹੈ। ਹੋਰ ਲੰਘਣ ਵਾਲ਼ਿਆਂ ਨੇ ਧੱਕਾ ਲਗਾ ਕੇ ਸਾਡੀ ਕਾਰ ਇੱਕ ਨਵੀਂ ਬਣ ਰਹੀ ਕੋਠੀ ਦੇ ਵਿਹੜੇ ਚ ਖੜ੍ਹੀ ਕਰ ਦਿੱਤੀ। ਸਾਰੇ ਹੀ ਫਿਕਰਮੰਦ ਸਾਂ ਤੇ ਹੋਰ ਵੀ ਮਾੜੀ ਗੱਲ ਇੱਥੇ ਨੈੱਟਵਰਕ ਨਹੀਂ ਸੀ।  ਅਸੀਂ ਪੌੜੀਆਂ ਤੇ ਬੈਠ ਦਿਮਾਗ ਦੁੜਾਉਣ ਲੱਗੇ। ਘਰ ਵਾਲੇ ਬਹੁਤ ਚੰਗੇ ਸੀ ਘਰ ਦੇ ਮਾਲਕ ਨੇ ਹੀ ਫ਼ੋਨ ਕਰਕੇ ਮਕੈਨਿਕ ਨੂੰ ਸੱਦਿਆ ਜਿਹਦਾ ਨਾਂ ਸ਼ੇਰੂ ਸੀ। ਇੱਥੇ ਜੀਉ ਦਾ ਨੈੱਟਵਰਕ ਚੱਲਦਾ ਸੀ ਤੇ ਸਾਡੇ ਦੋ ਸਾਥੀਆਂ ਦੇ ਫ਼ੋਨ ਵੀ ਕੰਮ ਕਰਨ ਲੱਗ ਪਏ।  ਸਾਰੀ ਦੌੜ-ਭੱਜ ਅਰਵਿੰਦਰ ਹੀ ਕਰ ਰਿਹਾ ਕਦੇ ਕਿਸੇ ਨੂੰ ਫ਼ੋਨ ਕਦੇ ਕਿਸੇ ਨੂੰ।  ਖ਼ੈਰ ਕੰਪਨੀ ਵਾਲੇ ਹਰ ਤਰ੍ਹਾਂ ਸਹਿਯੋਗ ਕਰ ਰਹੇ ਸਨ। ਘਰ ਵਾਲਿਆਂ ਨੇ ਸਾਨੂੰ ਚਾਹ ਪਾਣੀ ਪਿਲਾਇਆ ਕਿੱਥੇ ਕਿੱਥੇ ਦਾ ਦਾਣਾ ਪਾਣੀ ਲਿਖਿਆ ਹੁੰਦਾ ਹੈ। ਇੰਨੀ ਦੇਰ ਨੂੰ ਸ਼ੇਰੂ ਭਾਈ ਵੀ ਆਪਣੀ ਸਲੈਰੀਉ ਕਾਰ  ਚ ਪਹੁੰਚ ਗਿਆ।  ਪਤਲਾ ਛੀਂਟਕਾ ਜਿਹਾ ਜੈਕਟ ਦੀ ਜਿੱਪ ਖੁੱਲ੍ਹੀ।  ਕਾਰ ਚੈੱਕ ਕੀਤੀ ਕਲੱਚ ਪਲੇਟਾਂ ਤੇ ਕਲੱਚ ਕਿੱਟ ਸੜ ਗਈਆਂ ਸਨ ਤੇ ਕਾਰ ਹੇਠਾਂ ਬਾਜ਼ਾਰ ਚ ਉਹਦੇ ਗੈਰੇਜ ਚ ਲੈ ਕੇ ਜਾਣੀ ਪੈਣੀ ਸੀ। ਵੱਡੀ ਮੁਸ਼ਕਲ ਬੈਕ ਕਰਨ ਦੀ ਸੀ ਸ਼ੇਰੂ ਭਾਈ ਨੇ ਹਿੰਮਤ ਕਰਕੇ ਕਾਰ ਮੋੜ ਲਈ ਤੇ ਸਾਡੇ ਵਾਲੀ ਕਾਰ ਆਪਣੀ ਕਾਰ ਪਿੱਛੇ ਬੰਨ੍ਹ ਲਈ। ਕਾਫ਼ੀ ਮੋੜ ਘੇੜ ਤੇ ਉਤਰਾਈ ਸੀ ਪਰ ਬਹੁਤ ਹੁਸ਼ਿਆਰੀ ਨਾਲ ਉਹ ਸਾਨੂੰ ਆਪਣੀ ਗੈਰੇਜ ਚ ਲੈ ਆਇਆ ਜਿਹੜੀ ਇੱਕ ਤੇਜ਼ ਵਗਦੀ ਖੱਡ ਦੇ ਕੰਢੇ ਸੀ। ਕਾਰ ਦਰਿਆ ਕਿਨਾਰੇ ਖੜ੍ਹੀ ਕਰ ਦਿੱਤੀ ਤੇ ਆਪ ਅਸੀਂ ਇੱਕ ਢਾਬੇਨੁਮਾ ਹੋਟਲ ਚ ਬੈਠ ਗਏ। ਇੱਥੇ ਇੱਕ ਛੋਟੀ ਜਿਹੀ ਮਾਰਕੀਟ ਸੀ ਕਾਰ ਕੱਲ੍ਹ ਸ਼ਾਮ ਨੂੰ ਰਿਕਾਂਗਪੀਉ ਵਰਕਸ਼ਾਪ ਲਈ ਇੱਥੋਂ ਚੁੱਕ ਹੋਣੀ ਸੀ। ਕਈ ਸਲਾਹਾਂ ਬਣੀਆਂ। ਸ਼ੇਰੂ ਨੇ ਸਿਰਫ ਤਿੰਨ ਸੌ ਰੁਪਏ ਲਏ ਜੋ ਸਾਡੇ ਹਿਸਾਬ ਨਾਲ ਬਹੁਤ ਵਾਜਿਬ ਸਨ। ਰਾਤ ਨੂੰ ਵੀ ਆਪਣੇ ਕੋਲ ਰੁਕਣ ਲਈ ਕਹਿ ਦਿੱਤਾ ਪਰ ਫਿਰ ਸਲਾਹ ਬਣੀਂ ਕਿ ਕਾਰ ਸ਼ੇਰੂ ਭਾਈ ਦੇ ਸਪੁਰਦ ਕਰਕੇ ਕਲਪਾ ਪਹੁੰਚਿਆ ਜਾਵੇ ਜਿੱਥੇ ਸਾਡਾ ਹੋਟਲ ਬੁੱਕ ਸੀ। ਸ਼ੇਰੂ ਨੇ ਬੇਫ਼ਿਕਰ ਰਹਿਣ ਲਈ ਕਿਹਾ ਤੇ ਜ਼ੋਰ ਦੇਣ ਦੇ ਬਾਵਜੂਦ ਵੀ ਕੋਈ ਪੈਸਾ ਲੈਣਾ ਨਾ ਮੰਨਿਆਂ।  ਦੁਨੀਆਂ ਚ ਚੰਗੇ ਬੰਦੇ ਵੀ ਹਨ।  ਉਹਨੇ ਇਕ ਮਹਿੰਦਰਾ ਪਿੱਕ ਅੱਪ ਚ ਸਾਨੂੰ ਕਲਪਾ ਭੇਜ ਦਿੱਤਾ।  ਫ਼ੋਨ ਤੇ ਵੀ ਫਿਕਰ ਨਾ ਕਰਨ ਲਈ ਕਹਿੰਦਾ ਰਿਹਾ ਤੇ ਦੂਜੇ ਦਿਨ ਸ਼ਿਮਲੇ ਤੋਂ ਪੁੱਜੇ ਬੰਦੇ ਕੋਲ ਕਾਰ ਟੋਅ ਕਰਵਾ ਕੇ ਭੇਜ ਦਿੱਤੀ। ਕਦੀ ਫਿਰ ਉੱਧਰ ਗਏ ਤਾਂ ਚਾਂਗੋ ਦੇ ਚੰਗੇ ਬੰਦੇ ਨੂੰ ਮਿਲਕੇ ਆਵਾਂਗੇ। 

                                    

Sunday 10 July 2022

ਸਪਿਤੀ ਵੈਲੀ

 ਜਦੋਂ ਤੁਸੀਂ ਸਪਿਤੀ ਵੈਲੀ ਐਂਟਰ ਕਰ ਜਾਂਦੇ ਹੋ ਤਾਂ ਇਹ ਮਹਿਸੂਸ ਹੁੰਦਾ ਕਿ ਕਿਸੇ ਹੋਰ ਹੀ ਦੇਸ਼ ਵਿੱਚ ਪਹੁੰਚ ਗਏ  

ਅਸਲ ਦੇ ਵਿੱਚ ਇਹ ਪੰਜਾਬ ਦੇ ਵਾਗ ਹੋਰ ਹੀ ਦੇਸ ਹੈ 

ਪੰਜ ਦਰਿਆਵਾਂ ਦੀ ਧਰਤੀ ਵੱਢ ਟੁੱਕ ਕਰਕੇ ਅੰਗਰੇਜ ਢਾਈ -ਢਾਈ ਦਰਿਆਵਾਂ ਦੇ ਦੋ ਵੱਖੋ ਵੱਖ ਪੰਜਾਬ ਬਣਾ ਕੇ ਅਲੱਗ-ਅਲੱਗ ਦੇਸਾ ਦੇ ਹਾਕਮਾਂ ਨੂੰ ਸੰਭਾਲ ਕੇ ਤੁਰਦੇ  ਬਣੇ 

ਉਸੇ ਤਰਾ ਤਿੰਬਤ ਦੇ ਨਾਲ ਕੀਤਾ ਗਿਆ ਹੈ ਚੀਨ ਨੇ ਤਿੰਬਤ ਤੇ ਕਬਜ਼ਾ ਕਰ ਉਥੋਂ ਦੇ ਲੋਕਾਂ ਦੇ ਹੱਕਾ ਦਾ ਘਾਣ ਕੀਤਾ ਹੈ । ਤਿੰਬਤ ਦਾ ਕੁਝ ਹਿੱਸਾ ਭਾਰਤ ਦੇ ਕਬਜ਼ੇ ਹੇਠ ਹੈ ਕੁਝ ਲੋਕ ਤਿੱਬਤ ਤੇ ਚੀਨ ਦਾ ਕਬਜ਼ਾ ਹੋਣ ਤੇ ਭਾਰਤ ਚ ਆ ਵਸੇ ਅਸੀਂ ਇੱਕ ਹੋਟਲ ਚ ਰੋਟੀ ਖਾਦੀ ਹੋਟਲ ਵਾਲੇ ਨੇ ਦੱਸਿਆ ਸਾਡੇ ਪੁਰਖੇ ਤਿੱਬਤ ਦੇ ਸੀ ਅਸੀਂ ਚੀਨ ਤੋ ਡਰਦਿਆਂ ਨੇ ਭਾਰਤ ਸਰਨ ਲਈ  ਹਿਮਾਚਲ ਦੇ ਸਪਿਤੀ ਦੇ ਬਹੁਤ ਸਾਰੇ ਇਲਾਕੇ ਚ ਤਿੱਬਤੀ ਵਸੇ ਹੋਏ ਨੇ 

ਜਦੋਂ ਪੰਜਾਬੀ ਕਿਤੇ ਵੀ ਪਰਵਾਸ ਕਰਕੇ ਜਾਦੇ ਨੇ ਤਾ ਅਪਣਾ  ਖਾਣਾ ਤੇ ਗੁਰੂ ਸਾਹਿਬ ਜੀ ਦੇ ਜਗਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਰੂਰ ਪ੍ਰਕਾਸ਼ ਕਰਨ ਦਾ ਯਤਨ ਕਰਦੇ ਨੇ ਤੇ ਬਹੁਤ ਸਾਰੀਆਂ ਥਾਵਾ ਤੇ ਜਿਥੇ ਪੰਜਾਬੀ ਬਹੁਤ ਘੱਟ ਗਿਣਤੀ ਚ ਨੇ ਪਰ ਗੁਰੂ ਘਰ  ਜਰੂਰ ਦੇਖਣ ਨੂੰ ਮਿਲਦੇ ਨੇ 

ਇਸੇ ਤਰਾ ਤਿੱਬਤੀ ਜਿਥੇ ਵੀ ਵਸੇ ਨੇ ਅਪਣਾ ਸਭਿਆਚਾਰ ਜਰੂਰ ਨਾਲ ਲੈ ਆਏ ਨੇ ਇਹਨਾਂ ਦਾ ਖਾਣ ਪੀਣ ਪਹਿਰਾਵਾ,ਤੇ ਧਰਮ ਜਿਆਦਾ ਤਰ ਬੁੱਧ ਧਰਮ ਨੂੰ ਮੰਨਦੇ ਨੇ ਅਪਣੇ ਨਾਲ-ਨਾਲ ਲੈ ਕੇ ਚੱਲ੍ਹ ਰਹੇ ਨੇ 

ਜਿਹੜੇ ਪਿੰਡ ਚ ਅਸੀਂ ਗਏ ਜਿਆਦਾ ਤਰ ਅਬਾਦੀ ਬੋਧੀ ਸੀ ਤੇ ਇਥੇ ਲੱਗੀ ਮਹਾਤਮਾ ਬੁੱਧ ਜੀ ਦੀ ਮੂਰਤੀ  ਖਿੱਚ ਦਾ ਕੇਂਦਰ ਹੈ



Thursday 7 July 2022

ਪਾਗਲਪਨ ਦੇ ਸ਼ਿਕਾਰ

ਹਿਮਾਚਲ ਦੇ ਇਕ ਦੂਰ ਦਰਾਜ ਦੇ ਪਿੰਡ ਵਿੱਚ ਕੁਝ ਦਿਨਾਂ ਲਈ ਆ ਟਿਕਿਆਂ। ਇੱਥੇ ਕੋਈ ਪਬਲਿਕ ਟਰਾਂਸਪੋਰਟ ਨਹੀਂ ਆਉਂਦੀ। ਆਪਣੀ ਗੱਡੀ ਨਾਲ ਵੀ 4 ਕਿਲੋਮੀਟਰ ਕੱਚੇ ਰਸਤੇ ਤੋਂ ਕੋਈ ਹਿੰਮਤੀ ਹੀ ਪੁੱਜਦਾ ਹੈ। ਲੋਕਲ ਟੈਕਸੀਆਂ ਵਾਲੇ ਟਰੈਕਰਾਂ ਨੂੰ ਢੋਂਦੇ ਹਨ। 3 ਕਿਲੋਮੀਟਰ ਦੂਰ ਅੱਜ ਇਕ ਵਾਟਰਫ਼ਾਲ ਤੇ ਗਿਆ ਜਿੱਥੇ ਪੈਦਲ ਹੀ ਜਾਇਆ ਜਾ ਸਕਦੈ। ਇਸ ਵੀਰਾਨੇ ਵਿਚ ਕੋਈ ਕੋਈ ਹੀ ਪੁੱਜਦਾ ਹੈ। ਲੁਧਿਆਣੇ ਤੋਂ ਵਪਾਰੀ ਵਰਗ ਦੇ ਨੌਜਵਾਨਾਂ ਦਾ ਇਕ ਗਰੁੱਪ ਓਥੇ ਪੁੱਜਿਆ ਹੋਇਆ ਸੀ। ਉਹ ਅੰਡਰਵੀਅਰਾਂ ਪਾ ਕੇ ਨਹਾ ਰਹੇ ਸਨ। ਪੀਤੀਆਂ ਅਣਪੀਤੀਆਂ ਬੀਅਰਾਂ ਦੀਆਂ ਬੋਤਲਾਂ ਏਧਰ ਓਧਰ ਪਈਆਂ ਸਨ। ਭਾਸ਼ਾ ਵਿਚ ਗਾਹਲਾਂ ਤੇ ਅਸ਼ਲੀਲਤਾ ਦੀ ਹਮਕ ਰਲੀ ਸੀ। ਮੈਂ ਇਕ ਪੱਥਰ ਤੇ ਬੈਠ ਗਿਆ। ਪੰਜਾਬ ਤੋਂ ਬਾਹਰੋਂ ਇਕ ਜਵਾਨ ਜੋੜਾ ਓਥੇ ਪੁੱਜਦਾ ਹੈ। ਕੁੜੀ ਮੁੰਡੇ ਦੋਵਾਂ ਦੀ ਉਮਰ ਵੀਹਵਿਆਂ ਦੇ ਮੁਢਲੇ ਸਾਲਾਂ ਵਿਚ ਹੈ। ਦੋਵੇਂ ਆਪਣੀ ਮਸਤੀ ਵਿਚ ਡੂੰਘੇ ਪਾਣੀ ਦੇ ਇਕ ਕੁਦਰਤੀ ਪੂਲ ਕੋਲ ਪੁੱਜਦੇ ਹਨ। ਵੀਰਾਨੇ ਵਿਚ ਕੁੜੀ ਵੇਖ ਕੇ ਪਹਿਲਾਂ ਨਹਾ ਰਹੇ ਮੁੰਡਿਆਂ ਦੇ ਸਾਹ ਭਾਰੀ ਹੋ ਗਏ ਹਨ। ਉਹ ਅੱਖਾਂਸੋਰੀ ਇਸ਼ਾਰੇ ਕਰਨ ਲੱਗੇ ਤੇ ਭਾਸ਼ਾ ਹੋਰ ਰੜਕਵੀਂ ਵਰਤਣ ਲੱਗੇ। ਕੁੜੀ ਨੇ ਇਕ ਪੱਥਰ ਓਹਲੇ ਜਾ ਕੇ ਨਹਾਉਣ ਵਾਲੇ ਕੱਪੜੇ ਪਾਏ। ਉਹ ਟੂ ਪੀਸ ਪਾ ਕੇ ਆਈ। ਚੁੱਪ ਚਾਪ ਪਾਣੀ ਵਿਚ ਉਤਰੀ ਤੇ ਨਹਾਉਣ ਲੱਗੀ। ਉਹਦਾ ਸਾਥੀ ਮੁੰਡਾ ਉਹਦੀਆਂ ਫੋਟੋਆਂ ਖਿੱਚਣ ਤੇ ਵੀਡਿਓ ਬਣਾਉਣ ਲੱਗਾ। ਕੁੜੀ ਮਛਲੀ ਵਾਂਗ ਪਾਣੀ ਵਿਚ ਤੈਰ ਰਹੀ ਸੀ। 

ਗਰੁੱਪ ਵਿਚ ਨਹਾ ਰਹੇ ਮੁੰਡਿਆਂ ਦੀਆਂ ਹਰਕਤਾਂ ਤੇ ਰੌਲਾ ਵੇਖ ਕੇ ਮੇਰੇ ਕੋਲੋਂ ਓਥੇ ਬੈਠਿਆ ਨਹੀਂ ਗਿਆ। ਮੈਂ ਕਮਰੇ ਵਿਚ ਆ ਗਿਆ। ਨੈੱਟ ਤੇ ਵੇਖਿਆ ਸੋਸ਼ਲ ਮੀਡੀਆ ਉੱਪਰ ਲੋਕ ਭਗਵੰਤ ਮਾਨ ਨੂੰ ਦੂਜੇ ਤੇ ਘੱਟ ਉਮਰ ਦੀ ਕੁੜੀ ਨਾਲ ਵਿਆਹ ਲਈ ਕੋਸ ਰਹੇ ਹਨ। ਅਸੀਂ ਕਿੰਨੇ ਵੱਡੇ ਜੱਜ ਹਾਂ। ਝੱਟ ਫੈਸਲਾ ਸੁਣਾ ਧਰਦੇ ਆਂ। ਕਿਸੇ ਦੀ ਪ੍ਰਾਈਵੇਸੀ ਕੋਈ ਮਾਅਨਾ ਕਿੱਥੇ ਰਖਦੀ ਸਾਡੇ ਲਈ।

   ਫੂਕੋ ਮੈਡਨੈਸ ਐਂਡ ਸਿਵਿਲਾਇਜ਼ੇਸ਼ਨ ਵਿਚ ਕਹਿੰਦਾ ਅਸੀਂ ਸਾਰੇ ਸਭਿਅਕ ਲੋਕ ਪਾਗਲਪਨ ਦੇ ਸ਼ਿਕਾਰ ਆਂ, ਪਰ ਉਦੋਂ ਤਕ ਕਿਸੇ ਨੂੰ ਪਾਗ਼ਲ ਨਹੀਂ ਕਹਿੰਦੇ ਜਦੋਂ ਤਕ ਉਹ ਸੜਕ ਕਿਨਾਰੇ ਖੜ੍ਹ ਕੇ ਵੱਟੇ ਨਾ ਮਾਰਨ ਲੱਗ ਜਾਵੇ।

 ਡੂੰਘੀ ਸ਼ਾਮ ਦੂਰ ਇਕ ਪਹਾੜੀ ਪਿੰਡ ਦੇ ਇਕ ਘਰ ਵਿਚ ਵਿਆਹ ਦਾ ਸੰਗੀਤ ਸੁਣਿਆ ਹੈ। ਸਿੱਧੂ ਮੂਸੇ ਵਾਲੇ ਦਾ ਗੀਤ ' ਉੱਠੂਗਾ ਜਵਾਨੀ ਚ ਜਨਾਜ਼ਾ ਮਿੱਠੀਏ ' ਦੇ ਬੋਲ ਗੂੰਜੇ ਹਨ। ਮਨ ਉਦਾਸ ਹੋਇਆ ਹੈ। 


   ਬਾਕੀ ਫਿਰ ਸਹੀ.....


   ---ਜਗ ਜੋ

Tuesday 5 July 2022

ਮਨਾਲ਼ੀ


         ਰਾਤ ਤਕਰੀਬਨ 9 ਕੁ ਵਜੇ ਅਸੀਂ ਮਨਾਲ਼ੀ ਪਹੁੰਚੇ , ਹੋਟਲ ਬੁਕ ਕਰਵਾਇਆ, ਸਮਾਨ ਹੋਟਲ ਵਿੱਚ ਰੱਖਿਆ ਅਤੇ ਮਾਲ ਰੋਡ ਬਾਜ਼ਾਰ ਦੇਖਣ ਲਈ ਤੁਰ ਪਏ, ਟੈਪਰੇਚਰ ਤਕਰੀਬਨ 20 ਕੁ ਡਿਗਰੀ ਸੀ ਬਹੁਤੇ ਲੋਕ ਮੋਟੀਆਂ ਕੋਟੀਆਂ , ਜੈਕਟਾਂ ਪਾਈ ਫਿਰ ਰਹੇ ਸਨ, ਸਾਨੂੰ ਹਲਕੀ ਹਲਕੀ ਠੰਡ ਤਾਂ ਲੱਗ ਰਹੀ ਸੀ ਪਰ ਏਨੀ ਨਹੀਂ ਜੇ ਜੈਕਟ ਪਾਉਣੀ ਪਵੇ।

         ਬਜ਼ਾਰ ਪਹੁੰਚ ਕੇ ਸਭ ਤੋ ਪਹਿਲਾ ਕੰਮ ਅਸੀਂ ਕੋਈ ਵਧੀਆ ਰੈਸਟੋਰੈਂਟ ਲੱਭਣ ਦਾ ਕੀਤਾ ਕਿਉਂਕਿ ਅਸੀਂ ਰਾਤ ਦਾ ਖਾਣਾ ਖਾ ਕੇ ਹੀ ਬਾਕੀ ਬਜ਼ਾਰ ਘੁੰਮਣਾ ਚਾਹੁੰਦੇ ਸੀ। ਸਾਨੂ ਓਥੇ ਪਤਾ ਲੱਗਿਆ ਕਿ ਵੀਕਐਂਡ ਤੇ ਏਥੇ ਬਾਜ਼ਾਰ ਵਿੱਚ ਬਹੁਤ ਜਿਆਦਾ ਰਸ਼ ਹੋ ਜਾਂਦਾ ਅਤੇ ਰੈਸਟੋਰੈਂਟ ਦੇ ਅੰਦਰ ਜਾਣ ਲਈ ਲਾਈਨ ਵਿੱਚ ਲੱਗਣਾ ਪੈਂਦਾ ਅਤੇ ਕਈ ਵਾਰ ਤਾਂ 1 ਘੰਟੇ ਤੱਕ ਇੰਤਜਾਰ ਕਰਨਾ ਪੈਂਦਾ, ਖੈਰ ਅਸੀਂ ਇੱਕ ਰੈਸਟੋਰੈਂਟ ਦੇਖਿਆ ਅਤੇ ਰਾਤ ਦਾ ਖਾਣਾ ਖਾ ਕੇ ਮਾਲ ਰੋਡ ਬਾਜ਼ਾਰ ਦੇਖਣ ਲਈ ਅੱਗੇ ਤੁਰ ਪਏ।

              ਬਾਜ਼ਾਰ ਵਿੱਚ ਜਿਆਦਾਤਰ ਸਮਾਨ ਸਰਦੀਆਂ ਦੇ ਕਪੜੇ ਹੀ ਸਨ, ਬੱਚਿਆਂ ਦੇ ਖਿਡੌਣੇ ਘਰੇਲੂ ਡੇਕੋਰਸ਼ਨ  ਦੇ ਸਮਾਨ ਦੀਆਂ ਦੁਕਾਨ ਵੀ ਬਹੁਤ ਸਨ, ਜਿਵੇ ਕੇ ਕਿਸੇ ਵੀ ਟੂਰਿਸਟ ਪਲੇਸ ਦੇ ਬਜ਼ਾਰ ਵਿੱਚ ਅਸੀਂ ਦੇਖਦੇ ਹਾਂ ਕਿ ਸਮਾਨ ਆਮ ਬਜ਼ਾਰ ਨਾਲੋਂ ਮਹਿੰਗਾ ਹੁੰਦਾ ਹੈ ਏਥੇ ਵੀ ਮੈਨੂੰ ਸਮਾਨ ਆਮ ਨਾਲੋਂ ਮਹਿੰਗਾ ਪ੍ਰਤੀਤ ਹੋਇਆ

 ਦੁਕਾਨਾਂ ਦੇ ਬਾਹਰ ਸੜਕ ਤੇ ਬਹੁਤ ਸਾਰੇ ਲੋਕ ਪਾਨ ਅਤੇ ਗੁਲਾਬ ਜਾਮੁਣ ਵੇਚਣ ਵਾਲੇ ਘੁੱਮ ਰਹੇ ਸਨ।

          ਮਾਲ ਰੋਡ ਤੇ ਹੀ ਮਨਾਲ਼ੀ ਦਾ ਬੱਸ ਸਟੈਂਡ ਵੀ ਸਥਿਤ ਹੈ ਜਿਸਦੇ ਆਸ ਪਾਸ ਬਾਹਠ ਸਾਰੇ ਟੈਕਸੀ ਸਟੈਂਡ ਜਾ ਕਹਿ ਲਓ ਕੇ ਟਰੈਵਲ ਏਜੰਟ ਦੀਆਂ ਦੁਕਾਨਾਂ ਹਨ ਜੋ ਕੇ ਤੁਹਾਨੂੰ ਟੈਕਸੀ ਵਿੱਚ ਮਨਾਲ਼ੀ ਦੇ ਆਸ ਪਾਸ ਦੀਆਂ ਕੁਝ ਮਸ਼ਹੂਰ ਥਾਵਾਂ ਘੁਮਾਉਂਦੇ ਹਨ ਜਿਸਦਾ ਉਹ 2500 ਤੋ 4000 ਤੱਕ ਕਿਰਾਇਆ ਲੈਂਦੇ ਹਨ ਮਨਾਲ਼ੀ ਬੱਸ ਸਟੈਂਡ ਤੋ ਸਵੇਰੇ 7 ਵਜੇ ਇੱਕ ਸਰਕਾਰੀ ਬੱਸ ਵੀ ਚਲਦੀ ਹੈ ਜੋ ਸੀਸੁ, ਕਿਲੌਂਗ, ਜਿਸਪਾ ਅਤੇ ਬਾਰਾਲਚਾ ਪਾਸ ਵਰਗੀਆਂ ਥਾਵਾਂ ਤੁਹਾਨੂੰ 900 ਰੁਪਏ ਦੇ ਖਰਚੇ ਵਿੱਚ ਅਤੇ 1 ਦਿਨ ਵਿੱਚ ਘੁਮਾਉਂਦੇ ਹਨ।


Monday 4 July 2022

ਓਮ ਪਰਬਤ ਟ੍ਰੈਕ

 ਓਮ ਪਰਬਤ ਟ੍ਰੈਕ ਦੌਰਾਨ ਜਿਓਲਿੰਕਾਂਗ ਲਾਸਟ ਪੁਆਇੰਟ ਐ ਜਿੱਥੋਂ 'ਓਮ' ਦੇ ਦਰਸ਼ਨ ਕਰਦੀ ਆ ਜਨਤਾ। ਏਹ ਜਗ੍ਹਾ ਚੀਨ ਦੇ ਬਾਡਰ ਤੋਂ ਅੱਠ ਕੁ ਕਿਲੋਮੀਟਰ ਪਹਿਲਾਂ ਆਉਂਦੀ ਐ। ਏਥੇ ਰਹਿਣ ਲਈ ਦੋ ਤਿੰਨ ਤੰਬੂਨੁਮਾ ਠਾਹਰਾਂ ਬਣੀਆਂ ਹੋਈਆਂ ਨੇ। ਜਿੱਥੇ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਕਰਿਆਨੇ ਦਾ ਸਮਾਨ ਵੀ ਮਿਲ ਜਾਂਦੈ। ਏਥੇ ਈ ਇੱਕ ਛੋਟਾ ਜਾ ਦਿਵਿਆਂਸ਼ ਹੋਟਲ ਐ। ਜੂਨ 2018 ਚ ਅਸੀਂ ਓਮ ਪਰਬਤ ਦੀ ਝਲਕ ਦੇਖਣ ਲਈ ਲਗਭਗ ਤਿੰਨ ਦਿਨ ਤੱਕ ਏਥੇ ਲਿਟੇ ਰਹੇ। ਹੋਟਲ ਨੂੰ ਅਸ਼ੋਕ ਗੁੰਜਿਆਲ ਤੇ ਉਹਦੀ ਹਮਸਫ਼ਰ ਕਰਾਂਤੀ ਚਲਾਉਂਦੇ ਨੇ। ਇੱਕ ਛੋਟਾ ਜਿਹਾ ਪਿਆਰਾ ਜਾ ਬੱਚਾ ਵੀ ਉਹਨਾਂ ਦੇ ਨਾਲ਼ ਈ ਰਹਿੰਦੈ ਜੀਹਦਾ ਨਾਮ ਐ ਦਿਵਿਆਂਸ਼ੂ। ਬੜਾ ਚੁਲਬੁਲਾ ਤੇ ਸ਼ਰਾਰਤੀ ਐ। ਉਹਦੇ ਨਾਂ ਤੇ ਮਾਂ ਬਾਪ ਨੇ ਹੋਟਲ ਦਾ ਨਾਮ ਰੱਖਿਆ ਹੋਇਆ। ਅੱਠ ਦਸ ਦਿਨ ਟ੍ਰੈਕ ਕਰਕੇ ਏਥੇ ਪਹੁੰਚੇ ਥੱਕੇ ਟੁੱਟੇ ਯਾਤਰੀਆਂ ਦਾ ਜੀਅ ਲਵਾਉਣ ਲਈ ਦਿਵਿਆਂਸ਼ੂ ਈ ਸਹਾਰਾ ਬਣਦੈ। ਹਰੇਕ ਉਹਨੂੰ ਗੋਦੀ ਚੁੱਕਣ ਦੀ ਕੋਸ਼ਿਸ਼ ਕਰਦੈ ਪਰ ਉਹ ਹਰੇਕ ਦੇ ਹੱਥ ਨੀ ਆਉਂਦਾ। ਸੁਭਾਅ ਦਾ ਪੂਰਾ ਕੱਬੈ ਗਿੱਟਿਆਂ ਤੇ ਡੰਡਾ ਮਾਰਨ ਲੱਗਿਆ ਘੌਲ ਨੀ ਕਰਦਾ। ਤਿੰਨ ਦਿਨਾਂ ਚ ਉਹਦੇ ਨਾਲ ਕਾਫੀ ਆੜੀ ਪੈਗੀ ਸੀ। ਵਿਹਲੇ ਬੈਠੇ ਕਦੇ ਦਿਵਿਆਂਸ਼ੂ ਨਾਲ਼ ਫੁੱਟਬਾਲ ਖੇਡਣ ਲੱਗ ਪੈਂਦੇ , ਕਦੇ ਲੁਕਾ ਛਿਪੀ ਜਾਂ ਫੇਰ ਤਾਸ਼ ਕੁੱਟਦੇ ਰਹਿੰਦੇ। ਮੌਸਮ ਖ਼ਰਾਬ ਹੋਣ ਕਰਕੇ ਓਮ ਪਰਬਤ ਵੈਰੀ ਬਣ ਬੈਠ ਗਿਆ। ਏਥੇ ਫ਼ੌਜੀ ਚੌਂਕੀ ਵੀ ਆ। ਘਰ ਤੋਂ ਦੂਰ ਬੈਠੇ ਫ਼ੌਜੀ ਵੀਰਾਂ ਦਾ ਦਿਲ ਵੀ ਦਿਵਿਆਂਸ਼ ਈ ਲਵਾਉਂਦੈ। ਜਿਹੜਾ ਫ਼ੌਜੀ ਲੰਘਦਾ ਐ ਉਹਨੂੰ ਛੇੜਕੇ ਲੰਘਦੈ। ਕੋਈ ਲੰਘਦਾ ਟੱਪਦਾ ਖਾਣ ਨੂੰ ਕੁਸ਼ ਨਾ ਕੁਸ਼ ਦੇ ਜਾਂਦੈ। ਹੁਣ ਤਾਂ ਕਾਫ਼ੀ ਚੋਬਰ ਹੋ ਗਿਆ ਹੋਣਾਂ ਦਿਵਿਆਂਸ਼ੂ। ਜਿਉਂਦਾ ਵਸਦਾ ਰਹੇ ਨੰਨ੍ਹਾ ਚੈਂਪੀਅਨ।

Saturday 2 July 2022

ਸਪਿਤੀ ਯਾਤਰਾ - 2

 ਸਪਿਤੀ ਯਾਤਰਾ - 2 


ਅਲਫ਼ ਲੈਲਾ ਦੀਆਂ ਕਹਾਣੀਆਂ ਵਰਗਾ ਵਿਲੱਖਣ ਪਿੰਡ :-  ' ਨਾਕੋ' 

_________________________

 ਖ਼ਾਬ ਪੁਲ਼ ਟੱਪ ਕੇ ਬੇਸ਼ੱਕ ਅਸੀਂ ਸਪਿਤੀ ਵੈਲੀ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ ਪਰੰਤੂ ਨਾਕੋ ਤੱਕ ਜ਼ਿਲ੍ਹਾ ਕਿਨੌਰ ਹੀ ਪੈਂਦਾ ਹੈ । ਸੜਕ ਬੇਸ਼ੱਕ ਬਹੁਤ ਖੂਬਸੂਰਤ ਹੈ ਪਰ ਘੁਮਾਅਦਾਰ  ਤਿੱਖੇ ਮੋੜ ਇੱਕ ਵਾਰ ਹਰ  ਇਨਸਾਨ ਨੂੰ ਨਾਨੀ ਚੇਤੇ ਕਰਾ ਦਿੰਦੇ ਹਨ । ਇੱਥੇ ਜਗ੍ਹਾ ਜਗ੍ਹਾ ਅੰਗਰੇਜ਼ੀ ਵਿਚ ਬੋਰਡ  ਲੱਗਿਆ ਹੈ  'Dont be Gama

 in the land of lama '  

ਭਾਵ ਲਾਮਿਆਂ ਦੀ ਧਰਤੀ ਤੇ  ਹੀਰੋ ਬਣਨ ਦੀ ਲੋੜ ਨਹੀਂ ਸਗੋਂ ਗੱਡੀ ਦੇਖ ਕੇ ਸੋਚ ਸਮਝ ਕਿਤੇ  ਸਪੀਡ ਵਿੱਚ ਚਲਾਓ । ਸੱਪ ਵਾਂਗੂ ਵਲ ਖਾਂਦੀਆਂ ਘੁਮਾਅਦਾਰ ਸੜਕਾਂ ਤੇ ਔਖਾ ਸਫ਼ਰ ਕਰਦੇ ਅਸੀਂ   ਨਾਕੋ ਪਿੰਡ  ਜਾ ਪਹੁੰਚਦੇ ਹਾਂ । 12014 ਫੁੱਟ ਦੀ ਉਚਾਈ ਤੇ ਵਸਿਆ ਨਾਕੋ ਪਿੰਡ ਕਾਜ਼ਾ ਦੇ ਬਰਾਬਰ ਦੀ ਉਚਾਈ ਨਾਲ ਇਸ ਇਲਾਕੇ ਦਾ ਸਭ ਤੋਂ ਉੱਚਾ ਪਿੰਡ ਹੈ । ਖ਼ੂਬਸੂਰਤ ਦ੍ਰਿਸ਼ ਤੇ ਠੰਢਾ ਵਾਤਾਵਰਣ ਸਾਨੂੰ ਨਾਕੋ ਰਹਿਣ ਲਈ ਮਜਬੂਰ ਕਰਦਾ ਹੈ  ।  ਮਿੱਤਰ ਹਰਜਿੰਦਰ ਅਨੂਪਗੜ੍ਹ ਤੋਂ ਇੱਥੇ ਰਹਿਣ ਵਾਲੀ ਥਾਂ ਬਾਰੇ ਪੁੱਛਿਆ ਸੀ ਤਾਂ ਉਸ ਨੇ ਇੱਕ ਹੋਮ ਸਟੇਆ ਨਹਿਰੂ ਰੈਸਟ ਹਾਊਸ ਬਾਰੇ ਦੱਸ ਪਾਈ ਜੋ ਇੱਥੋਂ ਦੇ ਬੁੱਧ ਮੱਠ ਦੇ ਬਿਲਕੁਲ ਨਾਲ ਲਗਦੀ ਸੀ।  ਤਿੰਨ ਸੌ ਰੁਪਏ ਪ੍ਰਤੀ ਬੰਦਾ ਰਹਿਣਾ ਅਤੇ ਖਾਣਾ ਨਿਬੇੜ ਕੇ ਅਸੀਂ ਨਹਿਰੂ ਹੋਮ ਸਟੇਅ ਵਿੱਚ ਆਪਣਾ ਸਾਮਾਨ ਟਿਕਾ ਦਿੰਦੇ ਹਾਂ । ਸਭ ਤੋਂ ਪਹਿਲਾਂ ਅਸੀਂ ਇੱਥੋਂ ਦੀ ਪ੍ਰਸਿੱਧ ਮੋਨੈਸਟਰੀ/ ਬੋਧ ਮੱਠ ਜਿਸ ਨੂੰ ਸਥਾਨਕ ਭਾਸ਼ਾ ਵਿੱਚ  ਗੋਂਫਾ ਕਹਿੰਦੇ ਹਨ ਉਹ ਦੇਖਣ ਜਾਂਦੇ ਹਾਂ  । 11 ਵੀਂ ਵਿੱਚ 1025 ਈ:  ਦੇ ਲਗਪਗ ਇਹ ਮੱਠ ਬਣਾਇਆ ਗਿਆ।  ਤਾਬੋ ਦਾ ਮੱਠ ਵੀ ਇਸ  ਦਾ ਸਮਕਾਲੀ ਹੈ (ਜਿਸ ਬਾਰੇ ਅਗਲੀ ਪੋਸਟ ਵਿੱਚ ਜ਼ਿਕਰ ਕਰਾਂਗੇ  )।

ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਅੱਠਵੀਂ ਸਦੀ ਵਿੱਚ ਮਾਸਟਰ ਰਿਮਪੋਛੇ  ਬੁੱਧ ਧਰਮ ਨੂੰ  ਨਾਕੋ ਵਿੱਚ ਲੈ ਕੇ ਆਏ। ਉਸ ਤੋਂ ਬਾਅਦ ਵਿੱਚ ਮਹਾਨ ਅਨੁਵਾਦਕ ਰਿਨਚੇਨ ਜਾਂਗਪੋ ਨੇ 958-1055  ਈ: ਵਿਚ ਇਲਾਕੇ ਵਿਚ ਬੁੱਧ ਮੱਠਾਂ ਦੀ ਸਥਾਪਨਾ ਕੀਤੀ । ਨਾਕੋ ਬੇਹੱਦ ਪ੍ਰਾਚੀਨ ਪਿੰਡ ਹੈ ,ਅਸੀਂ ਪਿੰਡ ਦੀ ਗਲੀ ਗਲੀ ਘੁੰਮਦੇ ਹਾਂ।  ਇੰਜ ਲੱਗਦਾ ਹੈ ਜਿਵੇਂ  ਅਚਾਨਕ ਪੁਰਾਤਨ ਸਮੇਂ ਦੇ ਕਿਸੇ ਬਹੁਤ ਪ੍ਰਾਚੀਨ ਸ਼ਹਿਰ ਵਿਚ ਆ ਗਏ ਹੋਈਏ । ਅਸਲ ਵਿਚ ਨਾਕੋ ਪ੍ਰਾਚੀਨਤਾ ਅਤੇ ਆਧੁਨਿਕਤਾ ਦਾ ਸੁਮੇਲ ਹੈ  । ਪੁਰਾਣਾ ਪਿੰਡ ਦੇਖ ਕੇ ਅਸੀਂ ਬੁੱਧ ਮੋਨੈਸਟਰੀ ਦੇਖਦੇ  ਹਾਂ । ਉੱਥੇ ਬੈਠੇ ਸਥਾਨਕ ਲੋਕਾਂ ਅਤੇ ਲਾਮਿਆਂ ਨਾਲ ਗੱਲਾਂ ਬਾਤਾਂ ਕਰਦੇ ਅਸੀਂ ਇੱਥੋਂ ਦੀ ਮਸ਼ਹੂਰ ਮੂਨ ਝੀਲ ( moon lake ) ਦੇਖਣ ਤੁਰ ਪੈਂਦੇ ਹਾਂ । ਘਾਟੀ ਵਿੱਚ ਬਣੀ ਝੀਲ ਬੇਹੱਦ ਖੂਬਸੂਰਤ ਹੈ ,ਝੀਲ ਦੇ ਨੀਲੇ ਪਾਣੀ ਦੇ ਦੁਆਲੇ ਵਿਲੋ (  ਕੀਮਤੀ ਲੱਕੜ ਜਿਸ  ਦੇ ਕ੍ਰਿਕਟ ਬੈਟ ਬਣਦੇ ਹਨ  )  ਅਤੇ ਪਾਪੂਲਰ ਦੇ ਰੁੱਖ ਹਨ। ਸੌ ਰੁਪਿਆ ਪ੍ਰਤੀ ਬੰਦਾ ਲੈ ਕੇ ਇਸ ਝੀਲ ਵਿੱਚ ਬੋਟਿੰਗ ਵੀ ਕਰਾਈ ਜਾਂਦੀ ਹੈ । ਕਹਿੰਦੇ ਹਨ ਇਹ ਝੀਲ ਕੁਦਰਤੀ ਨਹੀਂ ਇਨਸਾਨ ਵੱਲੋਂ ਬਣਾਈ ਗਈ ਹੈ ਸਰਦੀਆਂ ਵਿੱਚ  ਬਿਲਕੁਲ ਜੰਮ ਜਾਂਦੀ ਹੈ ਤੇ ਬੱਚੇ ਇਸ ਉੱਤੇ ਕ੍ਰਿਕਟ ਖੇਡਦੇ ਹਨ । ਝੀਲ ਦੇਖਣ ਤੋਂ ਬਾਅਦ ਅਸੀਂ ਟਰੈਕਿੰਗ ਕਰਦੇ ਹੋਏ ਨਾਕੋ ਦੇ ਸਭ ਤੋਂ ਉੱਚੇ ਸਥਾਨ ਉਤੇ ਜਾ ਪਹੁੰਚਦੇ ਹਾਂ ਜਿੱਥੋਂ ਸਾਰੇ ਨਾਕੋ ਸ਼ਹਿਰ ਦਾ ਦ੍ਰਿਸ਼ ਦਿਖਾਈ ਦਿੰਦਾ ਹੈ । ਕੁਦਰਤ ਦੀ ਖੂਬਸੂਰਤੀ ਦਾ ਆਨੰਦ ਮਾਣਦੇ ਤੇ ਨਾਕੋ ਦਾ ਪੁਰਾਣਾ ਪਿੰਡ ਦੇਖਦੇ ਹੋਏ ਅਸੀਂ ਆਪਣੇ ਹੋਮ ਸਟੇਅ ਵਿੱਚ ਵਾਪਸ ਆ ਜਾਂਦੇ ਹਾਂ । ਹੋਮ ਸਟੇਅ ਵਿੱਚ ਸਾਡੀ ਮੁਲਾਕਾਤ ਇਕ ਕਲਕੱਤੇ ਦੇ ਟਰੈਵਲਰ ਨਾਲ ਹੁੰਦੀ ਹੈ,  ਜੋ ਕਿ ਇਕੱਲਾ ਹੀ ਸਾਰੀ ਦੁਨੀਆਂ ਘੁੰਮਣ ਨਿਕਲਿਆਂ ਵਿਦਿਆਰਥੀ ਹੈ । ਗੱਲਾਂ ਬਾਤਾਂ ਕਰਦਿਆਂ ਬਹੁਤ ਨਮੋਸ਼ੀ ਹੁੰਦੀ ਹੈ ਕਿ ਉਸ ਦੇ ਪੰਜਾਬ ਬਾਰੇ ਵਿਚਾਰ ਬਹੁਤ ਮਾੜੇ ਹਨ । ਬੰਗਾਲ ਤੋਂ ਆਇਆ ਮੁੰਡਾ ਪੰਜਾਬ ਬਾਰੇ ਦੱਸਦਾ ਹੈ ਕਿ ਮੈਂ ਪੰਜਾਬ ਨਹੀਂ ਜਾ ਸਕਦਾ, ਲੋਕ ਕਹਿੰਦੇ ਹਨ ਕਿ ਪੰਜਾਬੀ ਬਹੁਤ ਖ਼ਤਰਨਾਕ ਹਨ। ਇਵੇਂ ਹੀ ਬੰਦਾ ਮਾਰ ਦਿੰਦੇ ਹਨ ਉੱਥੇ ਤਾਂ ਹਰ ਥਾਂ ਤੇ ਗੈਂਗਵਾਰ ਹੁੰਦੀ ਹੈ । ਅਸੀਂ ਉਸ ਨੂੰ ਬਹੁਤ ਸਮਝਾਇਆ ਕਿ ਜਿਸ ਤਰ੍ਹਾਂ ਮੀਡੀਆ ਨੇ ਪੰਜਾਬ ਦੀ ਛਵੀ ਬਣਾਈ ਹੈ ਪੰਜਾਬ ਬਿਲਕੁੱਲ ਵੀ ਉਸ ਵਰਗਾ ਨਹੀਂ ਹੈ ਅਸੀਂ ਉਸ ਨੂੰ ਆਪਣਾ ਨੰਬਰ ਦਿੰਦੇ ਹਾਂ ਕਿ ਹੁਣ ਜਦੋਂ ਵੀ ਸਮਾਂ ਲੱਗਿਆ ਤਾਂ ਪੰਜਾਬ ਆਈ ਤੈਨੂੰ ਅਸੀਂ ਪੰਜਾਬ ਦੀ ਅਸਲੀ ਤਸਵੀਰ ਦਿਖਾਵਾਂਗੇ । ਪੰਜਾਬ ਬਾਰੇ ਅਜਿਹੀ ਧਾਰਨਾ ਦੂਜੀਆਂ ਸਟੇਟਾਂ ਦੇ ਲੋਕਾਂ ਵਿੱਚ ਬਨਣ ਕਾਰਨ ਸਾਨੂੰ ਬਹੁਤ ਨਿਰਾਸ਼ਤਾ ਵੀ ਹੁੰਦੀ ਹੈ । ਅਸੀਂ ਇਕੱਠੇ ਰੋਟੀ ਖਾਂਦੇ ਹਾਂ ਤੇ ਸਪਿਤੀ ਬਾਰੇ ਗੱਲਾਂ ਕਰਦੇ ਹਾਂ। ਹੋਮ ਸਟੇਅ ਦਾ ਮਾਲਕ ਦੱਸਦਾ ਹੈ ਕਿ ਨਾਕੋ ਬਹੁਤ ਉਚਾਈ ਤੇ ਹੋਣ ਕਾਰਨ ਇੱਥੇ ਅਕਸਰ ਬਹੁਤੇ ਲੋਕਾਂ ਨੂੰ ਆਕਸੀਜਨ ਦੀ ਸਮੱਸਿਆ  ਆ ਜਾਂਦੀ ਹੈ ਕਿਉਂਕਿ ਇੱਥੇ ਆਕਸੀਜਨ ਬਹੁਤ ਘੱਟ ਹੈ । ਇਸ ਦਾ ਸਭ ਤੋਂ ਵਧੀਆ ਇਲਾਜ acclimatization ( ਪਰਿਸਥਿਤੀ ਦੇ ਅਨੁਕੂਲ ਹੋਣਾ ਹੈ  )  ਹੈ । ਭਾਵ ਤੁਸੀਂ ਉਚਾਈ ਵੱਲ ਜਾਂਦੇ ਹਰ ਇੱਕ ਹਜ਼ਾਰ ਫੁੱਟ ਦੀ ਉਚਾਈ ਤੇ ਇੱਕ ਦਿਨ ਬਤੀਤ  ਕਰ ਕੇ ਹੀ ਅੱਗੇ ਜਾਓ। ਬਹੁਤੇ ਲੋਕ ਆਕਸੀਜਨ ਦੀ ਸਮੱਸਿਆ ਨਾਲ ਨਿਪਟਣ ਲਈ Diamox ਦੀਆਂ ਗੋਲੀਆਂ ਲੈਂਦੇ  ਹਨ , ਜੋ ਬਹੁਤ ਕਾਰਗਰ ਹਨ ਪ੍ਰੰਤੂ ਡਾਕਟਰ ਦੀ ਸਲਾਹ  ਬਿਨਾਂ  ਨਹੀਂ ਲੈਣੀਆਂ ਚਾਹੀਦੀਆਂ  । ਕਲਪਾ, ਸਾਂਗਲਾ ਵੈਲੀ ਵਿੱਚ ਘੁੰਮਦਿਆਂ ਅਸੀਂ ਵਾਤਾਵਰਨ ਦੇ ਅਨੁਕੂਲ ਹੋ ਚੁੱਕੇ ਹਾਂ ਇਸ ਲਈ ਸਾਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ । ਰਾਤ ਦੀ ਰੋਟੀ ਖਾ ਕੇ ਅਸੀਂ ਸੌਂ ਜਾਂਦੇ ਹਾਂ ਚ ਸਵੇਰੇ ਗਰਮ ਪਾਣੀ ਨਾਲ ਨਹਾ ਕੇ ਆਪਣੇ ਅਗਲੇ ਸਫ਼ਰ ਵੱਲ ਚੱਲ ਪੈਂਦੇ ਹਾਂ ਜਿਸ ਨਾਲ ਤੁਹਾਨੂੰ ਅਗਲੀ ਪੋਸਟ ਵਿੱਚ ਰੂਬਰੂ  ਕਰਵਾਵਾਂਗੇ। 

           ਚਲਦਾ ...

       

ਸਪਿਤੀ ਯਾਤਰਾ -1

 ਸਪਿਤੀ ਯਾਤਰਾ -1


 ਸਤਲੁਜ ਅਤੇ ਸਪਿਤੀ ਨਦੀ ਦਾ ਸੰਗਮ ਸਥਾਨ :  ਖਾਬ 

-----------------------------

ਕਿਹਾ ਜਾਂਦਾ ਹੈ ਕਿ ਦੁਨੀਆਂ ਵਿਚ ਤਿੰਨ ਤਰ੍ਹਾਂ ਦੇ ਮਾਰੂਥਲ ਪਾਏ ਜਾਂਦੇ ਹਨ ਗਰਮ,ਠੰਢੇ ਅਤੇ ਨਮਕੀਨ । ਭਾਰਤ ਦੀ ਵਿਲੱਖਣਤਾ ਹੈ ਕਿ ਇਸ ਵਿਚ ਤਿੰਨੇ ਤਰ੍ਹਾਂ ਦੇ ਮਾਰੂਥਲ  ਗਰਮ (ਰਾਜਸਥਾਨ ), ਨਮਕੀਨ (ਕੱਛ ਦਾ ਚਿੱਟਾ ਰਣ ਗੁਜਰਾਤ ) ਅਤੇ ਲੇਹ ਲੱਦਾਖ/ਸਪਿਤੀ ਦਾ ਠੰਢਾ ਮਾਰੂਥਲ  ਮੌਜੂਦ ਸਨ । ਆਓ ਆਪਾਂ ਤੁਹਾਨੂੰ ਭਾਰਤ ਦੇ ਠੰਢੇ ਮਾਰੂਥਲ ' ਸਪਿਤੀ ਘਾਟੀ ' ਦੀ ਯਾਤਰਾ ਕਰਵਾਉਂਦੇ ਹਾਂ । 

ਸਪਿਤੀ ਦਾ ਭਾਵ ਹੈ ਮੱਧ ਭੂਮੀ ( ਮਿਡਲ ਲੈੰਡ ) । ਇਹ ਭਾਰਤ ਦੇ ਖ਼ੂਬਸੂਰਤ ਸੂਬੇ ਹਿਮਾਚਲ ਪ੍ਰਦੇਸ਼ ਦਾ ਪੂਰਬੀ ਉੱਤਰੀ ਭਾਗ ਹੈ ਜਿਸ ਦੀ ਸੀਮਾ ਤਿੱਬਤ (ਅੱਜਕੱਲ੍ਹ  ਚੀਨ )

 ਨਾਲ ਲੱਗਦੀ ਹੈ । ਭਾਵ ਇਹ ਭਾਰਤ ਅਤੇ ਤਿੱਬਤ ਦੇ ਵਿਚਕਾਰ ਦਾ ਮੱਧ ਭਾਗ  ਹੈ । 

         ਚੰਡੀਗਡ਼੍ਹ ਤੋਂ ਕੰਡਾਘਾਟ, ਚੈਲ, ਕੁਫਰੀ, ਨਾਰਕੰਡਾ ,ਹਾਤੂ ਪੀਕ, ਤਨੀ ਜ਼ੁਬਾਰ ਝੀਲ , ਸਾਂਗਲਾ, ਚਿਤਕੁਲ, ਕਲਪਾ,  ਰਿਕੌਂਗ ਪੀਓ ,  ਦੇਖਦੇ ਹੋਏ ਅਸੀਂ ਖ਼ਾਬ ਨਾਂ ਦੇ ਖੂਬਸੂਰਤ ਸਥਾਨ ਤੇ ਪਹੁੰਚਦੇ ਹਾਂ । ਖ਼ਾਬ  ਸਤਲੁਜ ਅਤੇ ਸਪਿਤੀ ਨਦੀ ਦਾ ਸੰਗਮ ਸਥਾਨ ਹੈ । ਇੱਥੋਂ ਸਪਿਤੀ ਘਾਟੀ ਦੀ ਸ਼ੁਰੂਆਤ ਹੁੰਦੀ ਹੈ । ਇੱਥੋਂ ਸ਼ੁਰੂ ਹੁੰਦਾ ਹੈ ਨੈਸ਼ਨਲ ਹਾਈਵੇ ਨੰਬਰ ਪੰਜ ਸੌ ਪੰਜ ਜੋ ਇੱਥੋਂ ਨਾਕੋ,  ਸੁਮਦੋ, ਹੁਰਲਿੰਗ, ਤਾਬੋ, ਕਾਜ਼ਾ ,ਲੋਸਰ ,ਕੁੰਜਮ ਪਾਸ, ਬਾਤਲ ਛਤਰੂ ਹੁੰਦਾ ਹੋਇਆ  ਗਰਾਮਫੂ ਤਕ ਜਾ ਕੇ ਸਾਰਾ ਸਪਿਤੀ ਸਰਕਟ ਪੂਰਾ ਕਰਦਾ ਹੈ । 

   ਜਦੋਂ ਅਸੀਂ ਸੰਗਮ ਸਥਾਨ ਤੇ ਪਹੁੰਚਦੇ ਹਾਂ ਤਾਂ ਹਵਾ ਬਹੁਤ ਤੇਜ ਚੱਲ ਰਹੀ ਹੈ। ਪੁਲ ਤੋਂ ਦੋ ਨਦੀਆਂ ਦਾ ਸੰਗਮ ਦ੍ਰਿਸ਼ ਖੂਬਸੂਰਤ ਨਜ਼ਾਰਾ ਪੈਦਾ ਕਰ ਰਿਹਾ ਹੈ ।  ਇੱਕ ਪਾਸਿਓ ਸਪਿਤੀ ਘਾਟੀ ਵੱਲੋਂ ਆ ਰਹੀ ਸਪਿਤੀ ਨਦੀ ( ਜਿਸ ਦੀ ਸਹਾਇਕ ਪਿਨ ਨਦੀ  ਹੈ ਜੋ ਧਾਰ ਪਿੰਡੋ ਤੋਂ ਸ਼ੁਰੂ ਹੋ ਕੇ ਸਮਲਿੰਗ ਦੇ ਸਥਾਨ ਤੇ ਸਪਿਤੀ ਨਦੀ ਚ ਮਿਲ ਜਾਂਦੀ ਹੈ) ਖ਼ਾਬ ਪੁਲ ਤੇ ਆ ਕੇ ਸਤਲੁਜ ਵਿੱਚ ਮਿਲ ਜਾਂਦੀ ਹੈ ।  ਦੂਜੇ ਪਾਸਿਓਂ ਸਤਲੁਜ ਨਦੀ ਜੋ ਕਿ ਤਿੱਬਤ ਦੀ ਮਾਨਸਰੋਵਰ ਝੀਲ ਦੇ ਨੇੜੇ ਰਾਖਸ਼ਸ ਤਾਲ ਜਿਸ ਨੂੰ ਸਥਾਨਕ ਬੋਲੀ ਵਿੱਚ ਲੋਗਚਨ ਖੰਬਾਬ ਕਿਹਾ ਜਾਂਦਾ ਹੈ ਨੇੜਿਓਂ ਨਿਕਲਦੀ ਹੈ ਅਤੇ ਸ਼ਿਪਕੀ ਲਾ ਦਰੇ ਨੇੜਿਓ ਭਾਰਤ ਵਿਚ ਪ੍ਰਵੇਸ਼ ਕਰਦੀ  ਕਰਦੀ ਖ਼ਾਬ ਵਿਚ ਸਪਿਤੀ ਨਦੀ ਨਾਲ ਮਿਲ ਜਾਂਦੀ ਹੈ। ਇਸ ਤੋਂ ਅੱਗੇ ਦੋਵੇਂ ਨਦੀਆਂ ਮਿਲਕੇ ਇਕੱਲੀ ਸਤਲੁਜ ਨਦੀ ਬਣ ਜਾਂਦੀ ਹੈ ਜਿਸ ਵਿੱਚ ਅੱਗੇ ਜਾ ਕੇ ਚਿਤਕੁਲ ਵੱਲੋਂ  ਆਉਂਦੀ ਬਸਪਾ ਨਦੀ ਇਸ ਵਿੱਚ ਆ ਮਿਲਦੀ ਹੈ,  ਇਸ ਤਰ੍ਹਾਂ ਇਹ ਵੱਡੀ ਸਤਲੁਜ ਨਦੀ ਹਿਮਾਚਲ ,ਪੰਜਾਬ ਹੁੰਦੀ ਹਰੀਕੇ ਪੱਤਣ ਤੱਕ ਆ ਜਾਂਦੀ ਹੈ ਇੱਥੇ  ਇਸ ਵਿੱਚ ਬਿਆਸ ਨਦੀ ਆ ਮਿਲਦੀ ਹੈ । ਇੱਥੋਂ ਫਿਰ ਸਤਲੁਜ ਫ਼ਿਰੋਜ਼ਪੁਰ ਕੋਲੋਂ ਪਾਕਿਸਤਾਨ ਵਿਚ ਜਾ ਵੜਦੀ ਹੈ ਪੰਚਨਦ ਬਰਾਜ ਕੋਲੋਂ ਇਸ ਵਿੱਚ ਚਨਾਬ ਨਦੀ ਆ ਮਿਲਦੀ ਹੈ । ਇਸ ਤੋਂ ਅੱਗੇ ਇਹ ਸਾਰੀਆਂ ਨਦੀਆਂ ਸਿੰਧ ਨਦੀ ਵਿੱਚ ਮਿਲ ਜਾਂਦੀਆਂ ਹਨ ਜੋ ਕਿ ਅੱਗੇ ਜਾ ਕੇ ਅਰਬ ਸਾਗਰ ਵਿੱਚ ਜਾ ਡਿੱਗਦੀ ਹੈ ।  ਜਿੱਥੇ ਖਾਬ ਦਾ ਇਹ ਸੰਗਮ ਦੋ ਨਦੀਆਂ ਨੂੰ ਜੋੜਦਾ ਹੈ ਉਥੇ ਹੀ ਦੋ ਘਾਟੀਆਂ ਨੂੰ ਵੀ ਜੋੜਦਾ ਹੈ ਸਤਲੁਜ ਦੇ ਨਾਲ ਕਿਨੌਰ ਘਾਟੀ ਚੱਲ ਪੈਂਦੀ ਹੈ ਤੇ ਪੁਲ ਤੋਂ ਪਾਰ ਸਪਿਤੀ ਘਾਟੀ । ਪੁਲ ਪਾਰ ਕਰਕੇ ਅਸੀਂ ਸਪਿਤੀ ਘਾਟੀ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ ਇੱਥੋਂ ਹੀ ਦ੍ਰਿਸ਼ ਬਦਲ ਜਾਂਦਾ ਹੈ ਹਰੇ ਭਰੇ ਪਹਾੜਾਂ ਦੀ ਥਾਂ ਬਿਲਕੁਲ ਰੋਡੇ  

ਪਹਾੜ ਆ ਜਾਂਦੇ ਹਨ ਜਿਨ੍ਹਾਂ ਉਪਰ ਕੋਈ ਰੁੱਖ ਅਤੇ ਹਰਿਆਵਲ ਨਹੀਂ ਹੈ। ਇੱਥੋਂ ਸ਼ੁਰੂ ਹੁੰਦੀ ਹੈ ਸਪਿਤੀ ਦੀ ਸੈਰ ਜੋ ਤੁਹਾਨੂੰ ਅਗਲੀਆਂ ਪੋਸਟਾਂ ਵਿਚ ਕਰਵਾਵਾਂਗੇ ।   ਚਲਦਾ ........