Thursday 7 July 2022

ਪਾਗਲਪਨ ਦੇ ਸ਼ਿਕਾਰ

ਹਿਮਾਚਲ ਦੇ ਇਕ ਦੂਰ ਦਰਾਜ ਦੇ ਪਿੰਡ ਵਿੱਚ ਕੁਝ ਦਿਨਾਂ ਲਈ ਆ ਟਿਕਿਆਂ। ਇੱਥੇ ਕੋਈ ਪਬਲਿਕ ਟਰਾਂਸਪੋਰਟ ਨਹੀਂ ਆਉਂਦੀ। ਆਪਣੀ ਗੱਡੀ ਨਾਲ ਵੀ 4 ਕਿਲੋਮੀਟਰ ਕੱਚੇ ਰਸਤੇ ਤੋਂ ਕੋਈ ਹਿੰਮਤੀ ਹੀ ਪੁੱਜਦਾ ਹੈ। ਲੋਕਲ ਟੈਕਸੀਆਂ ਵਾਲੇ ਟਰੈਕਰਾਂ ਨੂੰ ਢੋਂਦੇ ਹਨ। 3 ਕਿਲੋਮੀਟਰ ਦੂਰ ਅੱਜ ਇਕ ਵਾਟਰਫ਼ਾਲ ਤੇ ਗਿਆ ਜਿੱਥੇ ਪੈਦਲ ਹੀ ਜਾਇਆ ਜਾ ਸਕਦੈ। ਇਸ ਵੀਰਾਨੇ ਵਿਚ ਕੋਈ ਕੋਈ ਹੀ ਪੁੱਜਦਾ ਹੈ। ਲੁਧਿਆਣੇ ਤੋਂ ਵਪਾਰੀ ਵਰਗ ਦੇ ਨੌਜਵਾਨਾਂ ਦਾ ਇਕ ਗਰੁੱਪ ਓਥੇ ਪੁੱਜਿਆ ਹੋਇਆ ਸੀ। ਉਹ ਅੰਡਰਵੀਅਰਾਂ ਪਾ ਕੇ ਨਹਾ ਰਹੇ ਸਨ। ਪੀਤੀਆਂ ਅਣਪੀਤੀਆਂ ਬੀਅਰਾਂ ਦੀਆਂ ਬੋਤਲਾਂ ਏਧਰ ਓਧਰ ਪਈਆਂ ਸਨ। ਭਾਸ਼ਾ ਵਿਚ ਗਾਹਲਾਂ ਤੇ ਅਸ਼ਲੀਲਤਾ ਦੀ ਹਮਕ ਰਲੀ ਸੀ। ਮੈਂ ਇਕ ਪੱਥਰ ਤੇ ਬੈਠ ਗਿਆ। ਪੰਜਾਬ ਤੋਂ ਬਾਹਰੋਂ ਇਕ ਜਵਾਨ ਜੋੜਾ ਓਥੇ ਪੁੱਜਦਾ ਹੈ। ਕੁੜੀ ਮੁੰਡੇ ਦੋਵਾਂ ਦੀ ਉਮਰ ਵੀਹਵਿਆਂ ਦੇ ਮੁਢਲੇ ਸਾਲਾਂ ਵਿਚ ਹੈ। ਦੋਵੇਂ ਆਪਣੀ ਮਸਤੀ ਵਿਚ ਡੂੰਘੇ ਪਾਣੀ ਦੇ ਇਕ ਕੁਦਰਤੀ ਪੂਲ ਕੋਲ ਪੁੱਜਦੇ ਹਨ। ਵੀਰਾਨੇ ਵਿਚ ਕੁੜੀ ਵੇਖ ਕੇ ਪਹਿਲਾਂ ਨਹਾ ਰਹੇ ਮੁੰਡਿਆਂ ਦੇ ਸਾਹ ਭਾਰੀ ਹੋ ਗਏ ਹਨ। ਉਹ ਅੱਖਾਂਸੋਰੀ ਇਸ਼ਾਰੇ ਕਰਨ ਲੱਗੇ ਤੇ ਭਾਸ਼ਾ ਹੋਰ ਰੜਕਵੀਂ ਵਰਤਣ ਲੱਗੇ। ਕੁੜੀ ਨੇ ਇਕ ਪੱਥਰ ਓਹਲੇ ਜਾ ਕੇ ਨਹਾਉਣ ਵਾਲੇ ਕੱਪੜੇ ਪਾਏ। ਉਹ ਟੂ ਪੀਸ ਪਾ ਕੇ ਆਈ। ਚੁੱਪ ਚਾਪ ਪਾਣੀ ਵਿਚ ਉਤਰੀ ਤੇ ਨਹਾਉਣ ਲੱਗੀ। ਉਹਦਾ ਸਾਥੀ ਮੁੰਡਾ ਉਹਦੀਆਂ ਫੋਟੋਆਂ ਖਿੱਚਣ ਤੇ ਵੀਡਿਓ ਬਣਾਉਣ ਲੱਗਾ। ਕੁੜੀ ਮਛਲੀ ਵਾਂਗ ਪਾਣੀ ਵਿਚ ਤੈਰ ਰਹੀ ਸੀ। 

ਗਰੁੱਪ ਵਿਚ ਨਹਾ ਰਹੇ ਮੁੰਡਿਆਂ ਦੀਆਂ ਹਰਕਤਾਂ ਤੇ ਰੌਲਾ ਵੇਖ ਕੇ ਮੇਰੇ ਕੋਲੋਂ ਓਥੇ ਬੈਠਿਆ ਨਹੀਂ ਗਿਆ। ਮੈਂ ਕਮਰੇ ਵਿਚ ਆ ਗਿਆ। ਨੈੱਟ ਤੇ ਵੇਖਿਆ ਸੋਸ਼ਲ ਮੀਡੀਆ ਉੱਪਰ ਲੋਕ ਭਗਵੰਤ ਮਾਨ ਨੂੰ ਦੂਜੇ ਤੇ ਘੱਟ ਉਮਰ ਦੀ ਕੁੜੀ ਨਾਲ ਵਿਆਹ ਲਈ ਕੋਸ ਰਹੇ ਹਨ। ਅਸੀਂ ਕਿੰਨੇ ਵੱਡੇ ਜੱਜ ਹਾਂ। ਝੱਟ ਫੈਸਲਾ ਸੁਣਾ ਧਰਦੇ ਆਂ। ਕਿਸੇ ਦੀ ਪ੍ਰਾਈਵੇਸੀ ਕੋਈ ਮਾਅਨਾ ਕਿੱਥੇ ਰਖਦੀ ਸਾਡੇ ਲਈ।

   ਫੂਕੋ ਮੈਡਨੈਸ ਐਂਡ ਸਿਵਿਲਾਇਜ਼ੇਸ਼ਨ ਵਿਚ ਕਹਿੰਦਾ ਅਸੀਂ ਸਾਰੇ ਸਭਿਅਕ ਲੋਕ ਪਾਗਲਪਨ ਦੇ ਸ਼ਿਕਾਰ ਆਂ, ਪਰ ਉਦੋਂ ਤਕ ਕਿਸੇ ਨੂੰ ਪਾਗ਼ਲ ਨਹੀਂ ਕਹਿੰਦੇ ਜਦੋਂ ਤਕ ਉਹ ਸੜਕ ਕਿਨਾਰੇ ਖੜ੍ਹ ਕੇ ਵੱਟੇ ਨਾ ਮਾਰਨ ਲੱਗ ਜਾਵੇ।

 ਡੂੰਘੀ ਸ਼ਾਮ ਦੂਰ ਇਕ ਪਹਾੜੀ ਪਿੰਡ ਦੇ ਇਕ ਘਰ ਵਿਚ ਵਿਆਹ ਦਾ ਸੰਗੀਤ ਸੁਣਿਆ ਹੈ। ਸਿੱਧੂ ਮੂਸੇ ਵਾਲੇ ਦਾ ਗੀਤ ' ਉੱਠੂਗਾ ਜਵਾਨੀ ਚ ਜਨਾਜ਼ਾ ਮਿੱਠੀਏ ' ਦੇ ਬੋਲ ਗੂੰਜੇ ਹਨ। ਮਨ ਉਦਾਸ ਹੋਇਆ ਹੈ। 


   ਬਾਕੀ ਫਿਰ ਸਹੀ.....


   ---ਜਗ ਜੋ

No comments:

Post a Comment