Thursday 14 July 2022

ਸ਼ੇਰੂ ਉਰਫ ਸ਼ੇਰੂ ਭਾਈ

 ਸ਼ੇਰੂ ਉਰਫ ਸ਼ੇਰੂ ਭਾਈ

ਨਾਂ ਤਾਂ ਸ਼ਾਇਦ ਉਹਦਾ ਸ਼ੇਰੂ ਸੀ ਪਰ ਜਿਸ ਸਥਿੱਤੀ ਚ ਉਹ ਸਾਨੂੰ ਮਿਲਿਆ ਸੀ ਸ਼ੇਰੂ ਕਹਿਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ। ਸਮਧੂ ਰੁਕੇ ਤਾਂ ਸਾਨੂੰ ਜਾਪਿਆ ਜਿਵੇਂ ਕੁੱਝ ਸੜਣ ਦੀ ਬਦਬੂ  ਆਉਂਦੀ ਹੋਵੇ।  ਅਸੀਂ ਕਾਜ਼ਾ ਤੋਂ ਕੌਰਿਕ ਬਾਰਡਰ ਤੱਕ ਜਾਣ ਦਾ ਆਗਿਆ ਪੱਤਰ ਤਾਂ ਲੈ ਲਿਆ ਸੀ ਜਿਸ ਦਾ ਵੱਡਾ ਕਾਰਨ ਸਾਡੇ ਦੋਸਤ ਦੇ ਹੋਣਹਾਰ ਸਪੁੱਤਰ ਅਰਸ਼ਦੀਪ ਦਾ ਐਨ ਡੀ ਏ ਦਾ ਸੀਨੀਅਰ ਕੈਡਿਟ ਹੋਣਾ ਸੀ ਪਰ ਚੈੱਕ ਪੋਸਟ  ਵਾਲੇ ਆਪਣੀ ਗੱਲ ਤੇ ਅੜੇ ਰਹੇ। ਆਖਰ ਅਸੀਂ ਤੁਰ ਪਏ ਤੇ ਚਾਂਗੋ ਤੱਕ ਗੱਲ-ਬਾਤ ਦਾ ਵਿਸ਼ਾ ਇਹੀ ਰਿਹਾ।  ਹਿੰਦੁਸਤਾਨ ਤਿੱਬਤ ਸੜਕ ਤੇ ਚਾਂਗੋ ਨਾਕੋ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਸਬਾ ਹੈ ਜੋ ਆਪਣੇ ਸੇਬਾਂ ਲਈ ਬਹੁਤ ਮਸ਼ਹੂਰ ਹੈ। ਚਾਂਗੋ ਤੋਂ ਅੱਗੇ ਰਸਤਾ ਬੰਦ ਸੀ ਕਿਉਂਕਿ ਉੱਪਰ ਪਹਾੜ ਤੇ ਸੜਕ ਚੌੜੀ ਕਰਨ ਲਈ ਜੇ ਸੀ ਬੀ ਚੱਲ ਰਹੀ ਤੇ ਪੱਥਰ ਡਿਗ ਰਹੇ ਸਨ। ਨਾਕੇ ਤੇ ਖੜ੍ਹੇ ਆਦਮੀ ਨੇ ਛੇ ਘੰਟੇ ਲਈ ਰਸਤਾ ਬੰਦ ਰਹਿਣ ਬਾਰੇ ਦੱਸ ਕੇ ਚਾਂਗੋ ਦੇ ਬਾਜ਼ਾਰ ਚੋਂ ਉੱਪਰ ਪਿੰਡ ਵਾਲੇ ਰਸਤੇ ਰਾਹੀਂ ਜਾਣ ਬਾਰੇ ਵੀ ਦੱਸ ਦਿੱਤਾ। ਉਹਦੀ ਗੱਲ ਮੰਨ ਕੇ ਅਸੀਂ ਉਸ ਰਸਤੇ ਤੇ ਹੈਲੀਪੈਡ ਵੱਲ ਚੱਲ ਤਾਂ ਪਏ ਪਰ ਬਹੁਤ ਤੰਗ ਰਸਤਾ ਸੀ ਤੇ ਸੇਬਾਂ ਦੇ ਬਗ਼ੀਚਿਆਂ ਵਾਲ਼ਿਆਂ ਨੇ ਸੜਕ ਦੇ ਨਾਲ ਨਾਲ ਪੱਥਰ ਰੱਖ ਕੇ ਤੰਗ ਰਸਤੇ ਨੂੰ ਹੋਰ ਵੀ ਤੰਗ ਕਰ ਦਿੱਤਾ ਸੀ। ਚੜ੍ਹਾਈ ਜਾਂ ਕਿਸੇ ਹੋਰ ਕਾਰਨ ਸਾਡੀ ਕਾਰ ਗਰਮ ਹੋ ਗਈ ਤੇ ਧੂੰਆਂ ਨਿਕਲਣ ਲੱਗ ਪਿਆ। ਇੱਕ ਸਾਈਡ ਤੇ ਸੇਬ ਦੇ ਦਰੱਖਤ ਹੇਠਾਂ ਕਾਰ ਰੋਕ ਕੇ ਠੰਢੀ ਹੋਣ ਦੀ ਉਡੀਕ ਕਰਨ ਲੱਗੇ। ਸਫਰ ਚ ਇਹ ਹਾਲਤ ਚਿੰਤਾ ਵਾਲੀ ਹੁੰਦੀ ਹੈ। ਘੰਟੇ ਕੁ ਬਾਅਦ ਫਿਰ ਚੱਲ ਪਏ ਪਰ ਅੱਗੇ ਹੋਰ ਵੀ ਸਖ਼ਤ ਚੜ੍ਹਾਈ ਸੀ ਤੇ ਕਾਰ ਫਿਰ ਰੁਕ ਗਈ ਤੇ ਕਲੱਚ ਵਾਲਾ ਪੈਡਲ ਫ੍ਰੀ ਹੋ ਗਿਆ। 

                  ਇੱਥੋਂ ਸ਼ੇਰੂ ਭਾਈ ਦੀ ਭੂਮਿਕਾ ਸ਼ੁਰੂ ਹੁੰਦੀ ਹੈ। ਹੋਰ ਲੰਘਣ ਵਾਲ਼ਿਆਂ ਨੇ ਧੱਕਾ ਲਗਾ ਕੇ ਸਾਡੀ ਕਾਰ ਇੱਕ ਨਵੀਂ ਬਣ ਰਹੀ ਕੋਠੀ ਦੇ ਵਿਹੜੇ ਚ ਖੜ੍ਹੀ ਕਰ ਦਿੱਤੀ। ਸਾਰੇ ਹੀ ਫਿਕਰਮੰਦ ਸਾਂ ਤੇ ਹੋਰ ਵੀ ਮਾੜੀ ਗੱਲ ਇੱਥੇ ਨੈੱਟਵਰਕ ਨਹੀਂ ਸੀ।  ਅਸੀਂ ਪੌੜੀਆਂ ਤੇ ਬੈਠ ਦਿਮਾਗ ਦੁੜਾਉਣ ਲੱਗੇ। ਘਰ ਵਾਲੇ ਬਹੁਤ ਚੰਗੇ ਸੀ ਘਰ ਦੇ ਮਾਲਕ ਨੇ ਹੀ ਫ਼ੋਨ ਕਰਕੇ ਮਕੈਨਿਕ ਨੂੰ ਸੱਦਿਆ ਜਿਹਦਾ ਨਾਂ ਸ਼ੇਰੂ ਸੀ। ਇੱਥੇ ਜੀਉ ਦਾ ਨੈੱਟਵਰਕ ਚੱਲਦਾ ਸੀ ਤੇ ਸਾਡੇ ਦੋ ਸਾਥੀਆਂ ਦੇ ਫ਼ੋਨ ਵੀ ਕੰਮ ਕਰਨ ਲੱਗ ਪਏ।  ਸਾਰੀ ਦੌੜ-ਭੱਜ ਅਰਵਿੰਦਰ ਹੀ ਕਰ ਰਿਹਾ ਕਦੇ ਕਿਸੇ ਨੂੰ ਫ਼ੋਨ ਕਦੇ ਕਿਸੇ ਨੂੰ।  ਖ਼ੈਰ ਕੰਪਨੀ ਵਾਲੇ ਹਰ ਤਰ੍ਹਾਂ ਸਹਿਯੋਗ ਕਰ ਰਹੇ ਸਨ। ਘਰ ਵਾਲਿਆਂ ਨੇ ਸਾਨੂੰ ਚਾਹ ਪਾਣੀ ਪਿਲਾਇਆ ਕਿੱਥੇ ਕਿੱਥੇ ਦਾ ਦਾਣਾ ਪਾਣੀ ਲਿਖਿਆ ਹੁੰਦਾ ਹੈ। ਇੰਨੀ ਦੇਰ ਨੂੰ ਸ਼ੇਰੂ ਭਾਈ ਵੀ ਆਪਣੀ ਸਲੈਰੀਉ ਕਾਰ  ਚ ਪਹੁੰਚ ਗਿਆ।  ਪਤਲਾ ਛੀਂਟਕਾ ਜਿਹਾ ਜੈਕਟ ਦੀ ਜਿੱਪ ਖੁੱਲ੍ਹੀ।  ਕਾਰ ਚੈੱਕ ਕੀਤੀ ਕਲੱਚ ਪਲੇਟਾਂ ਤੇ ਕਲੱਚ ਕਿੱਟ ਸੜ ਗਈਆਂ ਸਨ ਤੇ ਕਾਰ ਹੇਠਾਂ ਬਾਜ਼ਾਰ ਚ ਉਹਦੇ ਗੈਰੇਜ ਚ ਲੈ ਕੇ ਜਾਣੀ ਪੈਣੀ ਸੀ। ਵੱਡੀ ਮੁਸ਼ਕਲ ਬੈਕ ਕਰਨ ਦੀ ਸੀ ਸ਼ੇਰੂ ਭਾਈ ਨੇ ਹਿੰਮਤ ਕਰਕੇ ਕਾਰ ਮੋੜ ਲਈ ਤੇ ਸਾਡੇ ਵਾਲੀ ਕਾਰ ਆਪਣੀ ਕਾਰ ਪਿੱਛੇ ਬੰਨ੍ਹ ਲਈ। ਕਾਫ਼ੀ ਮੋੜ ਘੇੜ ਤੇ ਉਤਰਾਈ ਸੀ ਪਰ ਬਹੁਤ ਹੁਸ਼ਿਆਰੀ ਨਾਲ ਉਹ ਸਾਨੂੰ ਆਪਣੀ ਗੈਰੇਜ ਚ ਲੈ ਆਇਆ ਜਿਹੜੀ ਇੱਕ ਤੇਜ਼ ਵਗਦੀ ਖੱਡ ਦੇ ਕੰਢੇ ਸੀ। ਕਾਰ ਦਰਿਆ ਕਿਨਾਰੇ ਖੜ੍ਹੀ ਕਰ ਦਿੱਤੀ ਤੇ ਆਪ ਅਸੀਂ ਇੱਕ ਢਾਬੇਨੁਮਾ ਹੋਟਲ ਚ ਬੈਠ ਗਏ। ਇੱਥੇ ਇੱਕ ਛੋਟੀ ਜਿਹੀ ਮਾਰਕੀਟ ਸੀ ਕਾਰ ਕੱਲ੍ਹ ਸ਼ਾਮ ਨੂੰ ਰਿਕਾਂਗਪੀਉ ਵਰਕਸ਼ਾਪ ਲਈ ਇੱਥੋਂ ਚੁੱਕ ਹੋਣੀ ਸੀ। ਕਈ ਸਲਾਹਾਂ ਬਣੀਆਂ। ਸ਼ੇਰੂ ਨੇ ਸਿਰਫ ਤਿੰਨ ਸੌ ਰੁਪਏ ਲਏ ਜੋ ਸਾਡੇ ਹਿਸਾਬ ਨਾਲ ਬਹੁਤ ਵਾਜਿਬ ਸਨ। ਰਾਤ ਨੂੰ ਵੀ ਆਪਣੇ ਕੋਲ ਰੁਕਣ ਲਈ ਕਹਿ ਦਿੱਤਾ ਪਰ ਫਿਰ ਸਲਾਹ ਬਣੀਂ ਕਿ ਕਾਰ ਸ਼ੇਰੂ ਭਾਈ ਦੇ ਸਪੁਰਦ ਕਰਕੇ ਕਲਪਾ ਪਹੁੰਚਿਆ ਜਾਵੇ ਜਿੱਥੇ ਸਾਡਾ ਹੋਟਲ ਬੁੱਕ ਸੀ। ਸ਼ੇਰੂ ਨੇ ਬੇਫ਼ਿਕਰ ਰਹਿਣ ਲਈ ਕਿਹਾ ਤੇ ਜ਼ੋਰ ਦੇਣ ਦੇ ਬਾਵਜੂਦ ਵੀ ਕੋਈ ਪੈਸਾ ਲੈਣਾ ਨਾ ਮੰਨਿਆਂ।  ਦੁਨੀਆਂ ਚ ਚੰਗੇ ਬੰਦੇ ਵੀ ਹਨ।  ਉਹਨੇ ਇਕ ਮਹਿੰਦਰਾ ਪਿੱਕ ਅੱਪ ਚ ਸਾਨੂੰ ਕਲਪਾ ਭੇਜ ਦਿੱਤਾ।  ਫ਼ੋਨ ਤੇ ਵੀ ਫਿਕਰ ਨਾ ਕਰਨ ਲਈ ਕਹਿੰਦਾ ਰਿਹਾ ਤੇ ਦੂਜੇ ਦਿਨ ਸ਼ਿਮਲੇ ਤੋਂ ਪੁੱਜੇ ਬੰਦੇ ਕੋਲ ਕਾਰ ਟੋਅ ਕਰਵਾ ਕੇ ਭੇਜ ਦਿੱਤੀ। ਕਦੀ ਫਿਰ ਉੱਧਰ ਗਏ ਤਾਂ ਚਾਂਗੋ ਦੇ ਚੰਗੇ ਬੰਦੇ ਨੂੰ ਮਿਲਕੇ ਆਵਾਂਗੇ। 

                                    

No comments:

Post a Comment