Monday 4 July 2022

ਓਮ ਪਰਬਤ ਟ੍ਰੈਕ

 ਓਮ ਪਰਬਤ ਟ੍ਰੈਕ ਦੌਰਾਨ ਜਿਓਲਿੰਕਾਂਗ ਲਾਸਟ ਪੁਆਇੰਟ ਐ ਜਿੱਥੋਂ 'ਓਮ' ਦੇ ਦਰਸ਼ਨ ਕਰਦੀ ਆ ਜਨਤਾ। ਏਹ ਜਗ੍ਹਾ ਚੀਨ ਦੇ ਬਾਡਰ ਤੋਂ ਅੱਠ ਕੁ ਕਿਲੋਮੀਟਰ ਪਹਿਲਾਂ ਆਉਂਦੀ ਐ। ਏਥੇ ਰਹਿਣ ਲਈ ਦੋ ਤਿੰਨ ਤੰਬੂਨੁਮਾ ਠਾਹਰਾਂ ਬਣੀਆਂ ਹੋਈਆਂ ਨੇ। ਜਿੱਥੇ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਕਰਿਆਨੇ ਦਾ ਸਮਾਨ ਵੀ ਮਿਲ ਜਾਂਦੈ। ਏਥੇ ਈ ਇੱਕ ਛੋਟਾ ਜਾ ਦਿਵਿਆਂਸ਼ ਹੋਟਲ ਐ। ਜੂਨ 2018 ਚ ਅਸੀਂ ਓਮ ਪਰਬਤ ਦੀ ਝਲਕ ਦੇਖਣ ਲਈ ਲਗਭਗ ਤਿੰਨ ਦਿਨ ਤੱਕ ਏਥੇ ਲਿਟੇ ਰਹੇ। ਹੋਟਲ ਨੂੰ ਅਸ਼ੋਕ ਗੁੰਜਿਆਲ ਤੇ ਉਹਦੀ ਹਮਸਫ਼ਰ ਕਰਾਂਤੀ ਚਲਾਉਂਦੇ ਨੇ। ਇੱਕ ਛੋਟਾ ਜਿਹਾ ਪਿਆਰਾ ਜਾ ਬੱਚਾ ਵੀ ਉਹਨਾਂ ਦੇ ਨਾਲ਼ ਈ ਰਹਿੰਦੈ ਜੀਹਦਾ ਨਾਮ ਐ ਦਿਵਿਆਂਸ਼ੂ। ਬੜਾ ਚੁਲਬੁਲਾ ਤੇ ਸ਼ਰਾਰਤੀ ਐ। ਉਹਦੇ ਨਾਂ ਤੇ ਮਾਂ ਬਾਪ ਨੇ ਹੋਟਲ ਦਾ ਨਾਮ ਰੱਖਿਆ ਹੋਇਆ। ਅੱਠ ਦਸ ਦਿਨ ਟ੍ਰੈਕ ਕਰਕੇ ਏਥੇ ਪਹੁੰਚੇ ਥੱਕੇ ਟੁੱਟੇ ਯਾਤਰੀਆਂ ਦਾ ਜੀਅ ਲਵਾਉਣ ਲਈ ਦਿਵਿਆਂਸ਼ੂ ਈ ਸਹਾਰਾ ਬਣਦੈ। ਹਰੇਕ ਉਹਨੂੰ ਗੋਦੀ ਚੁੱਕਣ ਦੀ ਕੋਸ਼ਿਸ਼ ਕਰਦੈ ਪਰ ਉਹ ਹਰੇਕ ਦੇ ਹੱਥ ਨੀ ਆਉਂਦਾ। ਸੁਭਾਅ ਦਾ ਪੂਰਾ ਕੱਬੈ ਗਿੱਟਿਆਂ ਤੇ ਡੰਡਾ ਮਾਰਨ ਲੱਗਿਆ ਘੌਲ ਨੀ ਕਰਦਾ। ਤਿੰਨ ਦਿਨਾਂ ਚ ਉਹਦੇ ਨਾਲ ਕਾਫੀ ਆੜੀ ਪੈਗੀ ਸੀ। ਵਿਹਲੇ ਬੈਠੇ ਕਦੇ ਦਿਵਿਆਂਸ਼ੂ ਨਾਲ਼ ਫੁੱਟਬਾਲ ਖੇਡਣ ਲੱਗ ਪੈਂਦੇ , ਕਦੇ ਲੁਕਾ ਛਿਪੀ ਜਾਂ ਫੇਰ ਤਾਸ਼ ਕੁੱਟਦੇ ਰਹਿੰਦੇ। ਮੌਸਮ ਖ਼ਰਾਬ ਹੋਣ ਕਰਕੇ ਓਮ ਪਰਬਤ ਵੈਰੀ ਬਣ ਬੈਠ ਗਿਆ। ਏਥੇ ਫ਼ੌਜੀ ਚੌਂਕੀ ਵੀ ਆ। ਘਰ ਤੋਂ ਦੂਰ ਬੈਠੇ ਫ਼ੌਜੀ ਵੀਰਾਂ ਦਾ ਦਿਲ ਵੀ ਦਿਵਿਆਂਸ਼ ਈ ਲਵਾਉਂਦੈ। ਜਿਹੜਾ ਫ਼ੌਜੀ ਲੰਘਦਾ ਐ ਉਹਨੂੰ ਛੇੜਕੇ ਲੰਘਦੈ। ਕੋਈ ਲੰਘਦਾ ਟੱਪਦਾ ਖਾਣ ਨੂੰ ਕੁਸ਼ ਨਾ ਕੁਸ਼ ਦੇ ਜਾਂਦੈ। ਹੁਣ ਤਾਂ ਕਾਫ਼ੀ ਚੋਬਰ ਹੋ ਗਿਆ ਹੋਣਾਂ ਦਿਵਿਆਂਸ਼ੂ। ਜਿਉਂਦਾ ਵਸਦਾ ਰਹੇ ਨੰਨ੍ਹਾ ਚੈਂਪੀਅਨ।

No comments:

Post a Comment